Sunday 4 July 2010

ਜਾਗਦੀਆਂ ਅੱਖਾਂ ਦਾ ਸੁਪਨਾ…:: ਲੇਖਕ : ਰਾਬਿਨ ਸ਼ਾਹ ਪੁਸ਼ਪ




ਹਿੰਦੀ ਨਾਵਲਿਟ :: ਜਾਗਦੀਆਂ ਅੱਖਾਂ ਦਾ ਸੁਪਨਾ…:: ਲੇਖਕ : ਰਾਬਿਨ ਸ਼ਾਹ ਪੁਸ਼ਪ
ਅਨੁਵਾਦ : ਮਹਿੰਦਰ ਬੇਦੀ ਜੈਤੋ


ਪਾਣੀ ਵਿਚ ਕੁੰਡੀ ਸੁੱਟ ਕੇ ਜਿਵੇਂ ਕੋਈ ਮੱਛੀ ਦੀ ਉਡੀਕ ਕਰਦਾ ਹੈ¸ ਵਿਭਾ ਬਰਾਉਨ ਦੀਆਂ ਅੱਖਾਂ ਵਿਚ ਵੀ ਇੰਤਜ਼ਾਰ ਦੀ ਲੰਮੀ, ਅਤਿ ਲੰਮੀ, ਡੋਰ ਸੀ। ਚਾਂਦੀ ਦੇ ਤਾਰ ਵਰਗੀ ਕਹਿ ਲਓ ਜਾਂ ਫੇਰ ਕਾਲੇ ਵਾਲਾਂ ਵਿਚ ਗੁੰਦੇ ਸਫ਼ੇਦ ਰਿਬਨ ਵਰਗੀ।...ਪਾਸਾ ਪਰਤ ਕੇ ਉਸ ਨੇ ਖਿੜਕੀ ਵਿਚੋਂ ਬਾਹਰ ਵੇਖਣਾ ਚਾਹਿਆ¸ ਜਿਵੇਂ ਕੋਈ ਸੂਤੀ ਨਮੂਨਾ ਕੱਢ ਰਿਹਾ ਹੋਵੇ ਤੇ ਨਮੂਨਾ ਪੂਰਾ ਹੋਣ ਤੋਂ ਪਹਿਲਾਂ ਹੀ ਧਾਗਾ ਉਲਝ ਗਿਆ ਹੋਵੇ; ਗੰਢ ਪੈ ਗਈ ਹੋਵੇ; ਇਹ ਸਵੇਰ ਪਤਾ ਨਹੀਂ ਕਿੱਥੇ ਅੱਟਕੀ ਹੋਈ ਸੀ!
ਜਿਸ ਕਮਰੇ ਵਿਚ ਵਿਭਾ ਹੈ, ਉਸ ਵਿਚ ਸਿਰਫ ਇਕੋ ਖਿੜਕੀ ਹੈ¸ ਪੂਰਬ ਵੱਲ। ਖਿੜਕੀ ਖੋਲ੍ਹ ਦਿਓ, ਸਾਹਮਣੇ ਇਕ ਮਕਾਨ ਨਜ਼ਰ ਆਵੇਗਾ, ਕੋਲਤਾਰ ਦੀ ਕਾਲੀ ਸੜਕ ਨਜ਼ਰ ਆਵੇਗੀ...ਪਰ ਇਹ ਖਿੜਕੀ ਅਕਸਰ ਬੰਦ ਰਹਿੰਦੀ ਹੈ। ਅਕਸਰ ਕੀ, ਹਰ ਰੋਜ਼ ਬੰਦ ਕੀਤੀ ਜਾਂਦੀ ਹੈ¸ਇੰਜ ਵਿਭਾ ਨੂੰ ਘੁਟਣ ਤਾਂ ਮਹਿਸੂਸ ਹੁੰਦੀ ਹੈ, ਪਰ ਖਿੜਕੀ ਬੰਦ ਕਰਕੇ ਉਸ ਨੂੰ ਸ਼ਾਂਤੀ ਵੀ ਬੜੀ ਮਿਲਦੀ ਹੈ। ਉਹ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਹੈ। ਇਸ ਖਿੜਕੀ ਦੇ ਬਾਹਰ ਭਿਆਨਕ ਅਕਸ ਤੇ ਆਕਾਰ ਨੇ, ਪਾਪ ਹੈ।
ਜਦੋਂ ਵੀ ਉਹ ਖਿੜਕੀ ਕੋਲ ਬੈਠਦੀ, ਆਪਣੇ ਵਾਲਾਂ ਨੂੰ ਇੰਜ ਖੋਲ੍ਹ ਕੇ ਖਿਲਾਰ ਦੇਂਦੀ ਜਿਵੇਂ ਕੋਈ ਦਿਲ ਦੀ ਹਰੇਕ ਇੱਛਾ ਨੂੰ ਖਿਲਾਰੀ ਬੈਠਾ ਹੋਵੇ। ਉਦੋਂ ਹੀ ਸਾਹਮਣੀ ਖਿੜਕੀ ਵਿਚ ਉਸਨੂੰ ਘੋਸ਼ ਬਾਬੂ ਦਾ ਮੁਸਕਰਾਉਂਦਾ ਹੋਇਆ ਚਿਹਰਾ ਦਿਸਣ ਲੱਗਦਾ...ਜਿਵੇਂ ਕਿਸੇ ਧੰਦਲੇ ਸ਼ੀਸ਼ੇ ਵਿਚ ਉਸ ਦੇ ਰੂਪ ਦਾ ਅਕਸ ਪੈ ਰਿਹਾ ਹੋਵੇ...ਪਤਾ ਨਹੀਂ ਕਿਉਂ ਵਿਭਾ ਦੇ ਮਨ ਵਿਚ ਅਣਗਿਣਤ ਕੰਡਿਆਲੇ ਝਾੜ ਉਗ ਆਉਂਦੇ ਤੇ ਉਹ 'ਫਟਾਕ' ਕਰਕੇ ਖਿੜਕੀ ਬੰਦ ਕਰ ਦੇਂਦੀ ਸੀ। ਪਰ ਇਸ ਗੱਲ ਦਾ ਘੋਸ਼ ਬਾਬੂ ਉੱਤੇ ਜ਼ਰਾ ਵੀ ਅਸਰ ਨਹੀਂ ਸੀ ਹੁੰਦਾ ਹੁੰਦਾ! ਜਦੋਂ ਵੀ ਖਿੜਕੀ ਖੋਲ੍ਹਦੀ, ਉਹ ਮੁਹਾਸਿਆਂ ਭਰਿਆ ਚਿਹਰਾ ਦੇਖ ਕੇ ਵਿਭਾ ਨੂੰ ਉਲਟੀ ਆਉਣ ਵਾਲੀ ਹੋ ਜਾਂਦੀ।
ਇਕ ਦਿਨ ਡੈਡੀ ਡਰਾਇੰਗ-ਰੂਮ ਵਿਚ ਬੈਠੇ ਸਨ ਕਿ ਘੋਸ਼ ਬਾਬੂ ਆ ਗਏ¸ “ਨਮੋਸ਼ਕਾਰ।”
ਡੈਡੀ ਨੇ ਅਖ਼ਬਾਰ ਮੇਜ਼ ਉੱਤੇ ਰੱਖਦਿਆਂ ਕਿਹਾ¸ “ਆਓ ਬੈਠੋ। ਕਿੰਜ ਆਉਣੇ ਹੋਏ ਘੋਸ਼ ਬਾਬੂ?”
ਆਪਣੀਆਂ ਨਿੱਕੀਆਂ-ਨਿੱਕੀਆਂ ਅੱਖਾਂ ਨੂੰ ਸਾਰੇ ਕਮਰੇ ਵਿਚ ਘੁਮਾ ਕੇ ਉਹਨਾਂ ਕਿਹਾ, “ਅਬ ਹਮ ਕਿ ਬੋਲੇਗਾ ਮੋਸ਼ਾਯ, ਆਜ ਹਮਾਰਾ ਛੋਕਰਾ ਪੇਪਰ ਨਹੀਂ ਲਾਇਆ।” ਤੇ ਉਹਨਾਂ ਦਾ ਹੱਥ ਅਖ਼ਬਾਰ ਵੱਲ ਵਧ ਗਿਆ।
ਡੈਡੀ ਹੱਸ ਪਏ¸ “ਕੋਈ ਗੱਲ ਨਹੀਂ, ਤੁਸੀਂ ਸਾਡਾ ਲੈ ਜਾਓ, ਮੈਂ ਤਾਂ ਲਗਭਗ ਪੜ੍ਹ ਹੀ ਚੁੱਕਿਆਂ।”
ਘੋਸ਼ ਬਾਬੂ ਬਿਨਾਂ ਗੱਲੋਂ 'ਹੋ-ਹੋ' ਕਰਕੇ ਹੱਸ ਪਏ¸ “ਆਪ ਤੋ ਪੜਤਾ ਨਹੀਂ, ਸੱਤਿ (ਸੱਚ) ਬੋਲਤਾ, ਆਪ ਚਾਟਤਾ ਹੈ। ਹਮ ਲੇ ਨਹੀਂ ਜਾਏਗਾ, ਬੱਸ ਇਹਾਂ ਹੀ ਥੋੜਾ ਉਲੌਟ-ਪੁਲੌਟ ਕਰ ਲੇਗਾ।”
ਪਰਦੇ ਪਿੱਛੇ ਖੜ੍ਹੀ ਵਿਭਾ ਦੇ ਉਦੋਂ, ਸੱਤੀਂ-ਕਪੜੀਂ ਅੱਗ ਲੱਗ ਗਈ ਸੀ। ਉਹ ਜਾਣਦੀ ਸੀ ਕਿ ਅਖ਼ਬਾਰ ਦੇਖਣਾ ਤਾਂ ਸਿਰਫ ਇਕ ਬਹਾਨਾ ਹੈ...
ਉਸ ਨੇ ਫੇਰ ਪਾਸਾ ਪਰਤਿਆ।
ਫੇਰ ਕੁਝ ਦਿਨਾਂ ਪਿੱਛੋਂ, ਜਿਵੇਂ ਸ਼ੀਸ਼ਾ ਟੁੱਟ ਗਿਆ...ਉਹ ਆਪਣੀ ਖਿੜਕੀ ਆਰਾਮ ਨਾਲ ਖੋਹਲ ਕੇ ਬੈਠਦੀ। ਉਸ ਪਾਰ ਝਿਲਮਿਲ ਕੁਝ ਵੀ ਨਾ ਚਮਕਦਾ। ਪਰ ਇਕ ਦਿਨ ਸਵੇਰੇ ਉਹ ਦੰਗ ਰਹਿ ਗਈ। ਖਿੜਕੀ ਵਿਚ ਘੋਸ਼ ਬਾਬੂ ਨਹੀਂ...ਕੋਈ ਔਰਤ ਸੀ। ਵਿਭਾ ਸੋਚਣ ਲੱਗੀ, ਕੀ ਘੋਸ਼ ਬਾਬੂ ਨੇ ਵਿਆਹ ਕਰਵਾ ਲਿਆ ਹੈ? ਉਸਦੇ ਚਿਹਰੇ ਉੱਤੇ ਸ਼ਾਂਤੀ ਤੇ ਸੰਤੋਖ ਦੀਆਂ ਛੋਟੀਆਂ-ਵੱਡੀਆਂ ਲਕੀਰਾਂ ਖਿੱਚੀਆਂ ਗਈਆਂ। ਉਸ ਨੂੰ ਲੱਗਿਆ, ਹੁਣ ਉਹ ਸੁਰੱਖਿਅਤ ਹੈ।
ਫੇਰ ਇੰਜ ਹੁੰਦਾ ਕਿ ਘੋਸ਼ ਬਾਬੂ ਕੁਝ ਘੰਟੇ ਹੀ ਨਜ਼ਰ ਆਉਂਦੇ। ਸਮਾਂ ਲੰਘਦਾ ਰਿਹਾ, ਨਾਲੇ ਹੁਣ ਉਹ ਉਧਰ ਧਿਆਨ ਵੀ ਘੱਟ ਹੀ ਦੇਂਦੀ ਸੀ। ਇਕ ਦਿਨ ਉਹ ਕਿਸੇ ਕੱਪੜੇ ਉੱਤੇ ਫੁੱਲ ਕੱਢ ਰਹੀ ਸੀ ਕਿ ਬਾਹਲਾ ਕੁੰਡਾ ਖੜਕਿਆ।
“ਆ ਜਾਓ।”
ਭਿੜਿਆ ਹੋਇਆ ਦਰਵਾਜ਼ਾ ਖੁੱਲ੍ਹਿਆ ਤੇ ਬਾਹਰ ਬਰਫ਼ ਵਾਂਗ ਜੰਮੀ ਸ਼ਕਲ, ਹੌਲੀ ਜਿਹੇ ਪਿਘਲ ਕੇ ਅੰਦਰ ਆ ਗਈ।
ਪਛਾਣ ਕੇ ਵਿਭਾ ਨੇ ਕਿਹਾ¸“ਆਓ ਬੈਠੋ। ਕਈ ਵਾਰੀ ਦਿਲ 'ਚ ਆਇਐ ਬਈ ਤੁਹਾਡੇ ਨਾਲ ਮਿਲਾਂ, ਦੋ-ਚਾਰ ਗੱਲਾਂ ਕਰਾਂ ਪਰ...”
“ਠੀਕ ਕੀਤਾ ਜੋ ਤੁਸੀਂ ਨਹੀਂ ਆਏ। ਵੈਸੇ ਮੇਰਾ ਨਾਂ ਮੇਗੀ ਏ।”
“ਤੁਸੀਂ ਕਰਿਸਚਿਨ ਓ?”
“ਹਾਂ।” ਜਿਵੇਂ ਕਿਤੇ ਦੂਰ ਕੁਝ ਟੁੱਟਿਆ ਹੋਵੇ।
“ਪਰ ਤੁਸੀਂ ਇਕ ...”
ਮੇਗੀ ਨੇ ਇਸ 'ਇਕ' ਵੱਲ ਧਿਆਨ ਨਹੀਂ ਦਿੱਤਾ। ਉਹ 'ਬੈਂਡਲ ਚਰਚ' ਦੇ ਕਲੰਡਰ ਵੱਲ ਇਕ-ਟੱਕ ਦੇਖਦੀ ਰਹੀ। ਕਾਫੀ ਸਾਰੀਆਂ ਭੇਡਾਂ...ਕੋਈ ਚਰ ਰਹੀ ਹੈ, ਕੋਈ ਕਿਸੇ ਪੱਥਰ ਦੀ ਓਟ ਵਿਚ ਬੈਠੀ ਆਰਾਮ ਕਰ ਰਹੀ ਹੈ ਤੇ ਉਸਦਾ ਅੱਧਾ ਧੜ ਦਿਖਾਈ ਦੇ ਰਿਹਾ ਹੈ, ਕੋਈ ਖੜ੍ਹੀ ਹੈ ਤੇ ਉੱਥੇ ਹੀ ਯੀਸ਼ੂ ਮਸੀਹ, ਵਿਚਕਾਰ ਕਰਕੇ, ਇਕ ਸੋਟੀ ਫੜੀ ਖੜ੍ਹੇ ਨੇ। ਹੇਠਾਂ ਲਿਖਿਆ ਹੈ¸ 'ਮੈਂ ਤੁਹਾਡਾ ਚਰਵਾਹਾ ਹਾਂ।'
ਮੇਗੀ ਨੇ ਲੰਮਾ ਸਾਹ ਖਿੱਚ ਕੇ ਕਿਹਾ¸ “ਮੈਂ ਘੋਸ਼ ਬਾਬੂ ਦੇ ਘਰ ਇਸ ਲਈ ਰਹਿ ਰਹੀ ਆਂ ਕਿ ਜੀਸਸ, ਮੇਰਾ ਚਰਵਾਹਾ ਨਹੀਂ ਰਿਹਾ। ਉਹ ਮੇਰੇ ਨਾਲ ਨਰਾਜ਼ ਹੋ ਗਿਆ ਏ। ਮੇਰਾ ਯੀਸ਼ੂ ਮਸੀਹ ਮੇਰੇ ਨਾਲ ਰੁੱਸ ਗਿਆ ਏ ਕਿਉਂਕਿ  ਮੈਂ ਗਿੰਨੀ ਗੋਲਡ ਦੀ ਸਲੀਬ ਜੋ ਵੇਚ ਦਿੱਤੀ ਏ¸ ਉਸ ਦੇ ਪੈਸਿਆਂ ਦੀ ਪ੍ਰੇਅਰ ਦੀ ਜਗ੍ਹਾ ਰੋਟੀ ਖ਼ਰੀਦ ਲਈ ਸੀ। ਮੇਰਾ ਚਰਵਾਹਾ ਮੈਨੂੰ ਕੰਡਿਆਂ ਨਾਲ ਘਿਰੇ ਚੌਰਾਹੇ ਵਿਚ ਛੱਡ ਗਿਆ¸ ਹਮੇਸ਼ਾ ਲਈ ਇਕੱਲੀ ਭਟਕਦੀ ਰਹਿਣ ਲਈ! ਹਾਂ, ਮੈਂ ਚਰਚ ਜਾਣਾ ਜੋ ਛੱਡ ਦਿੱਤਾ ਏ। ਪਰ ਸਲੀਬ ਉੱਤੇ ਚੜ੍ਹਦਿਆਂ ਹੋਇਆਂ ਤਾਂ ਇਸ ਚਰਵਾਹੇ ਨੇ ਵਾਅਦਾ ਕੀਤਾ ਸੀ¸ 'ਮੈਂ ਤੁਹਾਡਾ ਚਰਵਾਹਾ ਹਾਂ, ਤੁਸੀਂ ਸਭ ਮੇਰੀਆਂ ਭੇਡਾਂ। ਤੁਹਾਡੇ ਵਿਚੋਂ ਕੋਈ ਵੀ ਮੈਥੋਂ ਵੱਖ ਨਾ ਹੋਏ, ਇਸੇ ਕਰਕੇ ਪਾਪ ਦਾ ਇਹ ਪਿਆਲਾ ਪੀ ਰਿਹਾ ਹਾਂ ਮੈਂ...' ਪਰ ਇਹ ਪਿਆਲਾ ਮੇਰੇ ਬੁੱਲ੍ਹਾਂ ਨਾਲ ਕਿਉਂ ਲੱਗ ਗਿਆ ਏ? ਮੇਰਾ ਜੀਸਸ ਮੈਨੂੰ ਕਿਉਂ ਭੁੱਲ ਗਿਆ ਏ?”
ਵਿਭਾ ਨੇ ਦੇਖਿਆ ਮੇਗੀ ਸਿਸਕ ਰਹੀ ਹੈ। ਦੁੱਖ ਦੇ ਮਨਹੂਸ ਪਰਛਾਵੇਂ ਉਸ ਦੇ ਅੰਗ-ਅੰਗ ਉੱਤੇ ਚਿਪਕ ਗਏ ਨੇ। ਉਹ ਉਠ ਕੇ ਉਸਦੇ ਕੋਲ ਗਈ, ਮੋਢੇ ਉੱਤੇ ਹੱਥ ਰੱਖਿਆ¸ “ਨਾ ਮੇਗੀ, ਰੋ ਨਾ। ਜੀਸਸ ਬੜੇ ਦਿਆਲੂ ਨੇ। ਉਹ ਤੇਰੀ ਸੁਣਨਗੇ, ਉਹ ਗਵਾਚੀ ਹੋਈ ਹਰੇਕ ਭੇਡ ਨੂੰ ਲੱਭ ਲੈਂਦੇ ਨੇ, ਤੇਰੀ ਸਾਰ ਵੀ ਜ਼ਰੂਰ ਲੈਣਗੇ।”
ਤੇ ਮੇਗੀ ਹੋਰ ਉੱਚੀ-ਉੱਚੀ ਰੋਣ ਲੱਗ ਪਈ¸ “ਮੈਂ ਨਹੀਂ ਜਾਣਦੀ ਮੇਰਾ ਜੀਸ਼ੂ ਮਸੀਹ ਕਿੱਥੇ ਈ। ਮੈਂ ਤਾਂ ਇਸਮਤ ਚੁਗ਼ਤਾਈ ਦੀ ਮੇਗੀ ਆਂ...ਮੈਂ ਜੀਸਸ ਦੀ ਭੇਡ ਨਹੀਂ, ਚੁਗ਼ਤਾਈ ਦੀ ਮੇਗੀ ਆਂ। ਮਿਸ਼ਨਰੀ ਵਾਲੇ ਹੇਠਲੇ ਤਬਕੇ ਵਿਚ ਜਦੋਂ ਪਰਚਾਰ ਕਰਨ ਲਈ ਜਾਂਦੇ ਨੇ ਤਾਂ ਭੁੱਖ ਦੇ ਮਾਰੇ ਮਾਤਾ-ਪਿਤਾ ਆਪਣੇ ਮੁੰਡਿਆਂ ਨੂੰ ਬਚਾਅ ਲੈਂਦੇ ਨੇ ਤੇ ਸਿਰਫ ਕੁੜੀਆਂ ਨੂੰ ਯੀਸ਼ੂ ਮਸੀਹ ਦੀਆਂ ਭੇਡਾਂ ਵਿਚ ਸ਼ਾਮਲ ਕਰ ਦੇਂਦੇ ਨੇ। ਇਸ ਦੇ ਦੋ ਫਾਇਦੇ ਹੁੰਦੇ ਨੇ, ਇਕ ਤਾਂ ਘਰ ਦੇ ਕੂੜੇ ਤੋਂ ਛੁੱਟੀ ਮਿਲਦੀ ਏ...ਦੂਜਾ ਅੱਗਾ-ਸੁਧਾਰਨ ਦੀ ਕੀਮਤ ਵੀ। ਜੇ ਅਕਾਲ ਪੈ ਜਾਏ ਤਾਂ ਹੋਰ ਗੱਲ ਏ। ਮੁਫ਼ਤ ਵਿਚ ਬੱਚੀਆਂ ਨੂੰ ਮੌਤ ਦੇ ਮੂੰਹ ਵਿਚ ਸੁੱਟਣ ਦੇ ਬਜਾਏ ਧਰਮ ਦੇ ਨੋਟ ਵੱਟ ਲਏ ਜਾਂਦੇ ਨੇ। ਤਦ ਤਾਂ ਪੰਜ-ਪੰਜ ਰੁਪਈਆਂ ਵਿਚ ਕੁੜੀਆਂ ਵਿਕ ਜਾਂਦੀਆਂ ਨੇ...ਉਂਜ ਪੰਦਰਾਂ-ਵੀਹ ਤੇ ਕਦੀ ਕਦੀ ਤਾਂ ਪੱਚੀ ਰੁਪਏ ਤਕ ਆਸਾਨੀ ਨਾਲ ਹੱਥ ਲੱਗ ਜਾਂਦੀਆਂ ਨੇ।
“ਇਹਨਾਂ ਬੱਚੀਆਂ ਨੂੰ ਫਰਾਕਾਂ, ਇਕ ਇਕ ਸਲੀਬ ਤੇ ਪ੍ਰੇਅਰ-ਬੁੱਕ ਫੜਾ ਦਿੱਤੀ ਜਾਂਦੀ ਏ¸ ਜਿਸ ਉੱਤੇ ਉਸ ਇਲਾਕੇ ਦੇ ਪਾਦਰੀ ਦਾ ਪਤਾ ਹੁੰਦਾ ਏ। ਇਸ ਪਿੱਛੋਂ ਇਲਾਕੇ ਦਾ ਪਾਦਰੀ ਇਹਨਾਂ ਕੁੜੀਆਂ ਦੀ ਨਿਗਰਾਨੀ ਕਰਦਾ ਏ ਤੇ ਕਰਿਸਮਿਸ, ਈਸਟਰ ਜਾਂ ਗੁੱਡ-ਫਰਾਈਡੇ ਦੇ ਮੌਕਿਆਂ ਉੱਤੇ ਖਾਸ ਤੌਰ 'ਤੇ ਪੁੱਛ-ਪੜਤਾਲ ਕਰਦਾ ਏ।
“ਜਦੋਂ ਇਹ ਨੌਂ ਦਸ ਸਾਲ ਦੀਆਂ ਹੋ ਜਾਂਦੀਆਂ ਨੇ, ਤੇ ਮੋਟੇ ਚੌਲ ਇਹਨਾਂ ਦੇ ਢਿੱਡ ਦੀ ਅੱਗ ਬੁਝਾਅ ਸਕਣ ਯੋਗ ਨਹੀਂ ਰਹਿੰਦੇ ਤਾਂ ਇਹਨਾਂ ਨੂੰ ਨੌਕਰੀ ਦੀ ਭਾਲ ਵਿਚ ਮਦਰਾਸ, ਕਲਕੱਤੇ, ਬੰਬਈ ਵਗ਼ੈਰਾ ਜਾਣਾ ਪੈਂਦਾ ਏ। ਸ਼ਹਿਰਾਂ ਵਿਚ ਪਹੁੰਚ ਕੇ ਕਿਸੇ ਪਾਦਰੀ ਦੇ ਅਸਰ-ਰਸੂਖ਼ ਨਾਲ ਇਹ ਵਿਚਾਰੀਆਂ ਕਿਸੇ ਮੋਹਤਬਰ 'ਆਇਆ' ਕੋਲ ਚਲੀਆਂ ਜਾਂਦੀਆਂ ਨੇ, ਤਾਂਕਿ ਉਹ ਇਹਨਾਂ ਦੇ ਰਹਿਣ-ਖਾਣ ਦਾ ਇੰਤਜਾਮ ਕਰ ਦਏ।
“ਇਹਨਾਂ ਬੱਚੀਆਂ ਨੂੰ ਸਿਰ ਲਕੌਣ ਦੀ ਜਗ੍ਹਾ ਬੜੀ ਆਸਾਨੀ ਨਾਲ ਮਿਲ ਜਾਂਦੀ ਏ। ਜੂਠਾ ਖਾ ਕੇ ਇਹ ਉਹਨਾਂ ਆਇਆਵਾਂ ਦੇ ਘਰੀਂ ਨਿੱਕੇ-ਮੋਟੇ ਕੰਮ ਸਿੱਖਣ ਲੱਗ ਪੈਂਦੀਆਂ ਨੇ। ਹੌਲੀ ਹੌਲੀ ਉਹ ਆਪਣੇ ਰਸੂਖ਼ ਨਾਲ ਉਹਨਾਂ ਨੂੰ ਕਿਸੇ ਫਲੈਟ ਵਿਚ ਕਿਸੇ ਨਿੱਕੀ ਮੋਟੀ ਜਗ੍ਹਾ ਚਿਪਕਾ ਦੇਂਦੀਆਂ ਨੇ, ਸਿਰਫ ਰੋਟੀ ਤੇ ਪੁਰਾਣੇ ਕੱਪੜਿਆਂ ਉੱਤੇ। ਤੇ ਇੰਜ ਉਹ ਆਪਣੇ ਪੈਰਾਂ ਉੱਤੇ ਖੜਾ ਹੋਣ ਦਾ ਪਹਿਲਾ ਪਾਠ ਪੜ੍ਹਦੀਆਂ ਨੇ...”
ਮੇਗੀ ਵਿਲਕ ਰਹੀ ਸੀ।
ਵਿਭਾ ਨੇ ਉਸਨੂੰ ਆਪਣੇ ਨਾਲ ਘੁੱਟ ਲਿਆ¸ “ਨਾ, ਰੋ ਨਾ ਮੇਗੀ। ਕੀ ਤੂੰ ਬਾਈਬਲ ਵਿਚ ਨਹੀਂ ਪੜ੍ਹਿਆ, ਜਿਸ ਚਰਵਾਹੇ ਦੀਆਂ ਸੌ ਭੇਡਾਂ ਹੋਣ ਤੇ ਉਹਨਾਂ ਵਿਚੋਂ ਇਕ ਗਵਾਚ ਜਾਏ ਤਾਂ ਬਾਕੀ ਨੜਿਨਵੇਂਆਂ ਨੂੰ ਜੰਗਲ ਵਿਚ ਛੱਡ ਕੇ, ਉਹ ਉਸ ਗਵਾਚੀ ਹੋਈ ਭੇਡ ਨੂੰ ਉਦੋਂ ਤੱਕ ਲੱਭਦਾ ਰਹਿੰਦਾ ਏ, ਜਦੋਂ ਤੱਕ ਉਹ ਲੱਭ ਨਹੀਂ ਪੈਂਦੀ! ਉਹ ਉਸੇ ਲਈ ਚਿੰਤਿਤ ਰਹਿੰਦਾ ਏ¸ ਤੇ ਜਦੋਂ ਲੱਭ ਜਾਂਦੀ ਐ, ਉਦੋਂ ਬੜੇ ਪਿਆਰ ਨਾਲ ਉਸਨੂੰ ਆਪਣੇ ਮੋਢੇ ਉੱਤੇ ਚੁੱਕ ਕੇ ਵਾਪਸ ਲੈ ਆਉਂਦਾ ਐ।”
ਮੇਗੀ ਉੱਚੀ ਆਵਾਜ਼ ਵਿਚ ਕੂਕੀ, “ਹਾਂ ਪੜ੍ਹਿਆ ਏ, ਸਭ ਕੁਝ ਪੜ੍ਹਿਆ ਏ। ਪਰ ਮੇਰੇ ਪਿੱਛੇ ਜਿਹੜਾ ਚਰਵਾਹਾ ਏ ਨਾ, ਉਸ ਦੇ ਹੱਥ ਵਿਚ ਪਵਿੱਤਰ ਬਾਈਬਲ ਤੇ ਕਰਾਸ ਨਹੀਂ...ਗੋਲੀਆਂ ਨੇ...ਜ਼ਹਿਰੀਆਂ ਗੋਲੀਆਂ; ਜਿਹਨਾਂ ਨੂੰ ਖਾ ਕੇ, ਕੁੱਖ ਸੁੰਨੀ ਹੋਣ ਪਿੱਛੋਂ, ਮੈਂ ਵੀ ਇਸਮਤ ਚੁਗ਼ਤਾਈ ਦੀ ਮੇਗੀ ਵਾਂਗ ਵਿਲਕਾਂ-ਤੜਫਾਂਗੀ...।
“ਕਾਸ਼! ਮੇਰੇ ਪਿੱਛੇ ਕਸਾਈ ਹੁੰਦਾ ਤੇ ਮੇਰੀ ਗਰਦਨ ਉੱਤੇ ਇਕੋ ਵਾਰ ਛੁਰੀ ਫੇਰ ਦੇਂਦਾ।...ਮੈਂ ਮਾਂ ਬਣਨਾ ਚਾਹੁੰਦੀ ਆਂ, ਪਰ ਮੇਰਾ ਚਰਵਾਹਾ ਮੈਨੂੰ ਹਰ ਪਲ ਜਵਾਨ ਰੱਖਣਾ ਚਾਹੁੰਦਾ ਏ...ਆਪਣੇ ਲਈ, ਆਪਣੇ ਦੋਸਤਾਂ ਲਈ, ਪੁਲਿਸ ਅਫ਼ਸਰਾਂ ਲਈ...ਤਾਂ ਕਿ ਉਹ ਬਿਨਾਂ ਰੋਕ-ਟੋਕ ਸਮਗਲਿੰਗ ਕਰ ਸਕੇ।”
ਏਨਾ ਕਹਿ ਕੇ ਮੇਗੀ, ਵਿਭਾ ਦੇ ਮੋਢੇ ਉੱਤੇ ਸਿਰ ਰੱਖ ਕੇ ਨਿਢਾਲ ਜਿਹੀ ਹੋ ਗਈ...ਵਿਭਾ ਨੇ ਉਸਨੂੰ ਉੱਥੇ ਹੀ ਲਿਟਾਅ ਦਿੱਤਾ ਤੇ ਆਪ ਪਾਣੀ ਲੈਣ ਚਲੀ ਗਈ। ਮੇਗੀ ਦੀ ਬੇਹੋਸ਼ੀ ਦੇ ਕਾਰਨ ਉਹ ਆਪ ਥਰ-ਥਰ ਕੰਬ ਰਹੀ ਸੀ। ਛੇਤੀ ਦੇਣੇ ਇਕ ਗਿਲਾਸ ਪਾਣੀ ਲੈ ਆਈ ਤੇ ਉਸ ਦੇ ਮੂੰਹ ਉੱਤੇ ਛਿੱਟੇ ਮਾਰਨ ਲੱਗ ਪਈ...।
ਮੇਗੀ ਹੋਸ਼ ਵਿਚ ਆਈ ਹੀ ਸੀ ਕਿ ਦਰਵਾਜ਼ੇ ਵਿਚ ਮੁਹਾਸਿਆਂ ਭਰਿਆ, ਗਿਚਗਿਚਾ, ਚਿਹਰਾ ਦਿਖਾਈ ਦਿੱਤਾ ਤੇ ਡਰਦੇ ਮਾਰੇ ਉਸਨੂੰ ਕੰਬਣੀ ਛਿੱੜ ਪਈ।
ਘੋਸ਼ ਬਾਬੂ ਨੇ ਬਲਦੀਆਂ ਅੱਖਾਂ ਨਾਲ ਦੇਖਿਆ¸ “ਇਹਾਂ ਕੀ ਕੌਰਨੇ ਆਇਆ, ਬਾਹਿਰ ਟੈਕਸੀ ਮੇਂ ਚੌਲ ਕਰ ਬੋਸ਼ੋ।”
ਮੇਗੀ ਸੱਚਮੁੱਚ ਕਿਸੇ ਭੇਡ ਦੀ ਮੇਮਨੀ ਵਾਂਗ ਉੱਠ ਕੇ ਅੱਗੇ-ਅੱਗੇ ਤੁਰ ਪਈ, ਜਿਵੇਂ ਉਸ ਦਾ ਚਰਵਾਹਾ ਉਸਨੂੰ ਹੁਕਮ ਦੇ ਰਿਹਾ ਹੋਏ। ਵਿਭਾ ਦੀ ਏਨੀ ਹਿੰਮਤ ਵੀ ਨਾ ਪਈ ਕਿ ਉਹ, ਉਸ ਨੂੰ ਰੋਕ ਲਏ। ਘੋਸ਼ ਬਾਬੂ ਮੁਸਕਰਾਉਂਦੇ ਰਹੇ, ਫੇਰ ਕਾਰ ਵਿਚ ਜਾ ਕੇ ਬੈਠ ਗਏ। ਟੈਕਸੀ ਸਟਾਰਟ ਹੋਈ...ਪਿੱਛੇ ਸਿਰਫ ਧੂੜ ਤੇ ਧੁੰਆਂ ਵਿਭਾ ਦੇ ਹਿੱਸੇ ਵਿਚ ਰਹਿ ਗਿਆ। ਉਸ ਨੇ ਹਵਾ ਵਿਚ ਕਰਾਸ ਦਾ ਨਿਸ਼ਾਨ ਬਣਾਇਆ ਤੇ ਨਜ਼ਰਾਂ ਕਲੰਡਰ ਵੱਲ ਭੁਆਂ ਲਈਆਂ, ਉੱਥੇ ਅਣਗਿਣਤ ਭੇੜਾਂ ਵਿਚਕਾਰ ਯੀਸ਼ੂ ਮਸੀਹ ਖੜ੍ਹੇ ਸਨ...'ਮੈਂ ਤੁਹਾਡਾ ਚਰਵਾਹਾ ਹਾਂ।'
ਵਿਭਾ ਨੇ ਪਾਸਾ ਪਰਤਿਆ।
ਉਸ ਨੂੰ ਇੰਜ ਲੱਗਿਆ, ਜਿਵੇਂ ਰਾਤ ਦੀ ਕੁੱਖ ਵਿਚੋਂ ਸਵੇਰ ਜਨਮ ਲੈ ਰਹੀ ਹੈ। ਉਸ ਨੇ ਉਠ ਕੇ ਖਿੜਕੀ ਖੋਲ੍ਹ ਦਿੱਤੀ...ਦੂਰ ਪੂਰਬ ਵਿਚ ਹਲਕੀ-ਹਲਕੀ ਲਾਲੀ ਸਵੇਰ ਦੇ ਜੰਮਨ ਦਾ ਸੁਨੇਹਾ ਦੇ ਰਹੀ ਸੀ। ਉਦੋਂ ਹੀ ਉਸ ਨੂੰ ਮੇਗੀ ਯਾਦ ਆ ਗਈ...ਯਕਦਮ ਯਾਦ ਆਈ ਸੀ ਉਸ ਦੀ। ਕੀ ਕੋਈ ਨਿੱਕੜੀ-ਭੇਡ ਜਨਮ ਲੈ ਚੁੱਕੀ ਹੋਵੇਗੀ ਜਾਂ ਫੇਰ...? ਉਸ ਨੇ ਆਪਣੀਆਂ ਅੱਖਾਂ ਪੂੰਝੀਆਂ।
ਰਸੋਈ ਵਿਚ ਆ ਕੇ ਉਸ ਨੇ ਸਟੋਵ ਬਾਲਿਆ। ਡਬਲ ਰੋਟੀ ਦੇ ਟੋਸਟ ਭੁੰਨੇ ਤੇ ਚਾਹ ਵਾਲੀ ਕੇਤਲੀ ਉਪਰ ਰੱਖ ਦਿੱਤੀ। ਇਹ ਰਸੋਈ ਬੜੀ ਛੋਟੀ ਸੀ। ਉਹ ਰਾਤ ਦੇ ਜੂਠੇ ਭਾਂਡੇ ਸਾਫ ਕਰਨ ਲੱਗ ਪਈ। ਵਿੰਮ ਨਾਲ ਭਾਂਡੇ ਧੋਂਦਿਆਂ ਹੋਇਆਂ ਖ਼ਿਆਲ ਆਇਆ, ਰਾਤ ਨੂੰ ਕਾਫੀ ਪੀ ਕੇ ਸੋਣ ਦੀ ਪੱਕੀ ਆਦਤ ਪੈ ਗਈ ਹੈ ਡੈਡੀ ਨੂੰ। ਜਿਸ ਰਾਤ ਕਾਫੀ ਨਹੀਂ ਪੀਂਦੇ ਨੀਂਦ ਵੀ ਤਾਂ ਨਹੀਂ ਆਉਂਦੀ! ਪਿਆਲੇ ਧੋ ਕੇ, ਉਸ ਨੇ ਨੇਪਕੀਨ ਨਾਲ ਪੂੰਝਨੇ ਸ਼ੁਰੂ ਕਰ ਦਿੱਤੇ।
ਉਸ ਦੀ ਨਿਗਾਹ ਕੰਧ ਉੱਤੇ ਪਈ। ਪਿੱਛਲੇ ਸਾਲ ਦੇ ਕਲੰਡਰ ਦਾ ਇਕ ਅੱਧ-ਪਾਟਿਆ ਵਰਕਾ ਅਜੀਬ ਢੰਗ ਨਾਲ ਲਟਕਿਆ ਹੋਇਆ ਸੀ। ਉਹ ਜਾਣਦੀ ਹੈ, ਇਹ ਯੁਜਿਨ ਨੇ ਟੰਗਿਆ ਸੀ। ਉਸ ਨੇ ਮਨ੍ਹਾਂ ਵੀ ਕੀਤਾ ਸੀ ਕਿ 'ਨਾ ਭਰਾ, ਮਦਰ ਮਰੀਅਮ ਦੀ ਤਸਵੀਰ ਦਾ ਮੱਠ ਮਾਰਿਆ ਜਾਏਗਾ ਇੱਥੇ।'
'ਕਿਚਨ ਵਿਚ ਤਸਵੀਰ ਹੋਣੀ ਈ ਚਾਹੀਦੀ ਏ। ਜੇ ਮਦਰ ਮੇਰੀ ਇੱਥੇ ਅਸੀਸ ਤੇ ਦੁਆ ਨਹੀਂ ਦਏਗੀ ਤਾਂ ਅਸੀਂ ਟੋਸਟ ਤੇ ਮੱਖਨ ਕਿੱਥੋਂ ਖਾਵਾਂਗੇ?'
ਤੂੰ ਠੀਕ ਕਹਿੰਦਾ ਏਂ ਭਰਾਵਾ...ਅੱਛਾ ਟੰਗ ਦੇ ਉਸ ਕੋਨੇ ਵਿਚ।' ਤੇ ਉਹ ਦੇਖਦੀ ਰਹੀ ਸੀ। ਯੁਜਿਨ ਇਕ ਸਟੂਲ ਚੁੱਕ ਲਿਆਇਆ ਸੀ, 'ਜਰਾ ਇਸ ਨੂੰ ਫੜਨਾ ਦੀਦੀ ਨਹੀਂ ਤਾਂ ਮੈਂ ਡਿੱਗ ਪਵਾਂਗਾ।'
ਉਹ ਸਟੂਲ ਫੜ੍ਹ ਦੇ ਖੜ੍ਹੀ ਹੋ ਗਈ ਤੇ ਯੁਜਿਨ ਨੇ ਜਿਵੇਂ ਤਿਵੇਂ ਮੇਖ ਗੱਡ ਦਿੱਤੀ।
ਪਿਆਲੇ ਰੱਖ ਕੇ ਉਸਨੇ ਦੇਖਿਆ, ਤਸਵੀਰ ਧੂੰਏਂ ਦੀ ਧੂੰਆਂਖ ਵਿਚ ਲੁਕ ਜਿਹੀ ਗਈ ਸੀ। ਬਸ ਇਕ ਅਹਿਸਾਸ ਜਿਹਾ ਹੁੰਦਾ ਸੀ ਕਿ ਧੂੰਆਂਖ ਦੀ ਪਰਤ ਹੇਠ ਮਦਰ ਮਰੀਅਮ ਵੀ ਹੈ। ਵਿਭਾ ਨੂੰ ਯਾਦ ਆਇਆ, ਇਕ ਦਿਨ ਕਰਾਈਸ ਕਿਤੇ ਉਪਦੇਸ਼ ਦੇ ਰਹੇ ਸਨ ਕਿ ਕਿਸੇ ਨੇ ਆ ਕੇ ਕਿਹਾ¸ 'ਹੇ ਪ੍ਰਭੂ ਤੁਹਾਡੀ ਮਾਂ ਆਈ ਏ।'
ਉਹ ਤ੍ਰਭਕੇ¸ 'ਮੇਰੀ ਮਾਂ? ਮੇਰੀ ਮਾਂ, ਮੇਰੇ ਭਰਾ, ਮੇਰੇ ਰਿਸ਼ਤੇਦਾਰ ਤਾਂ ਉਹ ਸਾਰੇ ਲੋਕ ਨੇ ਜਿਹੜੇ ਮੇਰੇ ਸਵਰਗੀਂ ਵੱਸਦੇ ਪਿਤਾ ਦੇ ਦੱਸੇ ਰਸਤੇ ਉੱਤੇ ਚਲਦੇ ਨੇ...ਇੱਥੇ ਹਾਜ਼ਰ ਹਰੇਕ ਔਰਤ ਮੇਰੀ ਮਾਂ ਹੈ, ਇੱਥੇ ਮੌਜੂਦ ਹਰੇਕ ਆਦਮੀ ਮੇਰਾ ਭਰਾ ਹੈ।'
ਵਿਭਾ ਨੂੰ ਲੱਗਿਆ ਆਪਣਾ ਪੁੱਤਰ ਗੰਵਾਅ ਕੇ ਹਰੇਕ ਮਾਂ ਮਰੀਅਮ ਬਣ ਜਾਂਦੀ ਹੈ। ਧੂੰਏਂ ਦੇ ਖੋਲ ਵਿਚ ਕੈਦ ਹੋ ਜਾਂਦੀ ਹੈ। ਉਸ ਨੇ ਮਨ ਹੀ ਮਨ ਵਿਚ ਮਦਰ ਮੇਰੀ ਨੂੰ ਪ੍ਰਣਾਮ ਕੀਤਾ¸ 'ਹੋਲੀ ਮੇਰੀ, ਫੁੱਲ ਆਵ ਗਰੇਸ...' ਹਵਾ ਵਿਚ ਕਰਾਸ ਬਣਾਇਆ ਤੇ ਇਹ ਸੋਚਣ ਲੱਗੀ ਕਿ ਜੇ ਇਸੇ ਤਰ੍ਹਾਂ, ਹਮੇਸ਼ਾ, ਉਸਦੀ ਜ਼ਿੰਦਗੀ ਵਿਚ ਸੰਡੇ (ਐਤਵਾਰ) ਆਉਂਦੇ ਰਹਿਣ ਤਾਂ ਕਿੰਨਾ ਚੰਗਾ ਹੋਏ, ਤੇ ਕਿੰਨਾ ਸੁਖਾਵਾਂ-ਸੁਆਦਲਾ ਵੀ!'
ਉਹ ਛੇਤੀ ਛੇਤੀ ਚਾਹ ਪੱਤੀ ਵਾਲਾ ਡੱਬਾ ਲੱਭਣ ਲੱਗ ਪਈ। ਪਾਣੀ ਗਰਮ ਹੋ ਜਾਣ ਪਿੱਛੋਂ ਪੱਤੀ ਲੱਭਣੀ ਸ਼ੁਰੂ ਕਰੋ... ਤੇ ਜੇ ਪਾਣੀ ਰਿੱਝ ਰਿੱਝ ਕਮਲਾ ਹੋ ਜਾਏ ਤੇ ਫੇਰ ਪੱਤੀ ਲੱਭੇ, ਇਸੇ ਕਰਕੇ ਤਾਂ ਚਾਹ ਰੱਦੀ ਬਣਦੀ ਹੈ। ਉਸ ਨੇ ਡੱਬਾ ਕੱਢ ਕੇ ਸਟੋਵ ਦੇ ਨੇੜੇ ਹੀ ਰੱਖ ਦਿੱਤਾ। ਅੱਜ ਸੰਡੇ ਹੈ ਨਾ। ਉਂਜ ਇਸ ਦਿਨ ਹਰੇਕ ਘਰ ਵਿਚ ਲੋਕ ਹੋਰਾਂ ਦਿਨਾਂ ਨਾਲੋਂ ਦੇਰ ਨਾਲ ਹੀ ਉਠਦੇ ਨੇ, ਪਰ ਵਿਭਾ ਹੈ ਕਿ ਹੋਰ ਦਿਨਾਂ ਨਾਲੋਂ ਜਲਦੀ ਉਠ ਪੈਂਦੀ ਹੈ, ਕਿਉਂਕਿ  ਉਸਨੂੰ ਦਾਈ (ਮਾਈ) ਦੇ ਆ ਜਾਣ ਦਾ ਡਰ ਹੁੰਦਾ ਹੈ। ਦਾਈ ਖਾਣਾ ਵੀ ਬਣਾਉਂਦੀ ਹੈ, ਤੇ ਯੁਜਿਨ ਦੀ ਆਇਆ ਵੀ ਹੈ। ਆ ਜਾਏਗੀ ਤਾਂ ਕੁਝ ਕਰਨ ਹੀ ਨਹੀਂ ਦਏਗੀ¸ 'ਹਾਏ ਮਿਸ ਬਾਬਾ! ਤੁਹਾਨੂੰ ਇਹ ਕਰਨਾ ਸ਼ੋਭਦਾ ਨਹੀਂ, ਆਖਿਰ ਮੈਂ ਕਿਸ ਵਾਸਤੇ ਰੱਖੀ ਗਈ ਆਂ?'
'ਮੂੰਹ ਦੇਖਣ ਵਾਸਤੇ।' ਵਿਭਾ ਹੱਸਦੀ ਹੈ, ਪਰ ਦਾਈ ਸ਼ਰਮਾਅ ਜਾਂਦੀ ਹੈ।
ਟਰੇ ਵਿਚ ਨਾਸ਼ਤਾ ਸਜਾ ਕੇ ਉਹ ਡਾਇਨਿੰਗ-ਟੇਬਲ ਉੱਤੇ ਲੈ ਆਈ। ਫੇਰ ਉਸ ਨੇ ਯੁਜਿਨ ਨੂੰ ਜਗਾਇਆ ਤੇ ਬੁਰਸ਼ ਉੱਤੇ ਟੁੱਥ ਪੇਸਟ ਲਾ ਕੇ ਉਸ ਨੂੰ ਫੜਾ ਦਿੱਤਾ¸ 'ਉਠ, ਦੰਦ ਸਾਫ ਕਰ ਆ ਆਲਸੀ ਖੋਤੇ।'
ਜਦੋਂ ਇਸ ਮਿੱਠੀ ਝਾੜ ਪਿੱਛੋਂ ਵੀ ਯੁਜਿਨ ਨਾ ਉਠਿਆ ਤਾਂ ਉਸ ਨੇ ਬੁਰਸ਼ ਉਸ ਦੇ ਮੂੰਹ ਵਿਚ ਤੁੰਨ ਦਿੱਤਾ। ਪੇਸਟ ਚੱਟਦਾ ਹੋਇਆ ਉਹ ਉਠ ਕੇ ਬੈਠ ਗਿਆ। ਵਿਭਾ ਹੱਸ ਪਈ। ਉਦੋਂ ਹੀ ਉਸ ਨੇ ਦੇਖਿਆ, ਡੈਡੀ ਘੇਸਲ ਮਾਰਦੇ ਜਾ ਰਹੇ ਨੇ। ਉਹ ਦੋਏ ਇਕੱਠੇ ਸੌਂਦੇ ਨੇ, ਪਰ ਯੁਜਿਨ ਨਾਲੋਂ ਵੱਧ ਗੁੜ੍ਹੀ ਨੀਂਦ ਡੈਡੀ ਦੀ ਹੈ... ਇਸ ਲਈ ਉਹ ਉਹਨਾਂ ਨੂੰ ਪਿੱਛੋਂ ਜਗਾਉਂਦੀ ਹੈ। ਸਿਹਤ ਦਾ ਜ਼ਰਾ ਵੀ ਖ਼ਿਆਲ ਨਹੀਂ, ਹਮੇਸ਼ਾ ਵਾਂਗ ਮੂੰਹ-ਸਿਰ ਲਪੇਟ ਕੇ ਸੁੱਤੇ ਹੋਏ ਨੇ। ਵਿਭਾ ਨੂੰ ਮਰਦਾਂ ਦਾ ਇੰਜ ਸੌਣਾ ਬੜਾ ਬੁਰਾ ਲੱਗਦਾ ਹੈ। ਪਤਾ ਨਹੀਂ ਇਕ ਪਲ ਠਿਠਕ ਕੇ ਉਹ ਕੀ ਸੋਚਣ ਲੱਗੀ...? ਉਸ ਦੇ ਬੁੱਲ੍ਹਾਂ ਉੱਤੇ ਮੁਸਕਾਨ ਦੇ ਕਈ ਫੁੱਲ ਖਿੜ ਗਏ। ਪਰ ਉਸ ਨੇ ਜਬਰਦਸਤੀ ਸਾਰੇ ਤੋੜ ਸੁੱਟੇ¸ 'ਡੈਡ...ਓ ਡੈਡੀ ਜੀ ...'
ਮਿਸਟਰ ਬਰਾਉਨ ਨੇ ਦੂਜੇ ਪਾਸੇ ਪਾਸਾ ਪਰਤ ਲਿਆ।
ਇਸ ਵਾਰੀ ਚਾਦਰ ਖਿੱਚ ਕੇ ਉਸ ਨੇ ਕਿਹਾ¸ “ਕਮ ਆਨ...ਗੇਟ ਅੱਪ ਡੈਡੀ ਪਲੀਜ਼!”
ਅੱਖਾਂ ਮਲਦੇ ਹੋਏ ਉਹ ਉਠ ਗਏ¸ “ਓ ਆਈ ਸੀ, ਟੂ ਡੇ ਇਜ ਸੰਡੇ...ਸਾਨੂੰ ਆਪਣੇ ਹੱਥੀਂ ਨਾਸ਼ਤਾ ਕਰਾਉਣ ਦਾ ਤੈਨੂੰ ਪਤਾ ਨਹੀਂ ਇਹ ਕੀ ਸ਼ੌਕ ਜਾਗਿਆ ਏ!”
ਵਿਭਾ ਸ਼ਰਮਾਅ ਗਈ¸ “ਬਸ ਉਂਜ ਈ ਡੈਡੀ, ਮੈਨੂੰ ਇਹ ਚੰਗਾ ਲੱਗਦਾ ਏ।”
ਮਿਸਟਰ ਬਰਾਉਨ ਇਕ ਪੋਲਾ ਜਿਹਾ ਧੱਫਾ ਮਾਰ ਕੇ ਮੂੰਹ ਧੋਣ ਚਲੇ ਗਏ। ਵਿਭਾ ਮੁਸਕਰਾਹਟਾਂ ਦਾ ਬੂਟਾ ਲਾ ਬੈਠੀ।
ਯੁਜਿਨ ਨੇ ਰੇਡੀਓ ਆਨ ਕਰ ਦਿੱਤਾ¸ 'ਕਿਸ ਮੀ ਆਨ ਏ ਮੰਡੇ, ਆਨ ਮੰਡੇ, ਆਨ ਮੰਡੇ ਐਂਡ ਇਟ ਇਜ ਵੈਰੀ ਗੁੱਡ...'
ਵਿਭਾ ਟੋਸਟ ਉਪਰ ਮੱਖਨ ਲਾਉਂਦੀ ਰਹੀ।
ਚਾਹ ਦਾ ਘੁੱਟ ਅੰਦਾਰ ਲੰਘਾਉਂਦਿਆਂ ਹੋਇਆਂ ਮਿਸਟਰ ਬਰਾਉਨ ਨੇ ਕਿਹਾ¸ “ਬੇਬੀ ਫੇਰ ਤੂੰ ਕੀ ਸੋਚਿਆ ਏ?”
ਵਿਭਾ ਨੇ ਗੱਲ ਦੂਜੇ ਪਾਸੇ ਮੋੜੀ¸ “ਡੈਡੀ ਮੇਰੇ ਨਾਲੋਂ ਚੰਗਾ ਮੱਖਣ ਆਇਆ ਲਾਉਂਦੀ ਏ ਨਾ?”
“ਓਅ...ਪਰ ਬੇਬੀ, ਹੁਣ ਮੈਨੂੰ ਚਾਹ ਬਣਾਉਣੀ ਵੀ ਆ ਗਈ ਏ ਤੇ ਹੁਣ ਮੈਂ ਬਿਨਾਂ ਸਾੜੇ ਟੋਸਟ ਵੀ ਸੇਕ ਲੈਂਦਾ ਆਂ।”
“ਤੇ ਜਿਸ ਦਿਨ ਆਇਆ ਨਾ ਆਈ?”
“ਚਿੰਤਾ ਨਹੀਂ। ਪਰ ਤੈਨੂੰ ਹੁਣ ਇਸ ਘਰੋਂ ਜ਼ਰੂਰ ਵਿਦਾਅ ਹੋਣਾ ਪਏਗਾ ਬੇਬੀ...ਮੈਂ ਤੇ ਯੁਜਿਨ ਰਲ ਕੇ ਨਾਸ਼ਤਾ ਬਣਾ ਲਿਆ ਕਰਾਂਗੇ। ਕਿਉਂ ਯੁਜਿਨ?”
“ਓ ਯੈਸ ਡੈਡੀ।”
ਵਿਭਾ ਇਸ ਵਾਰ ਕੁਝ ਨਾ ਬੋਲੀ। ਉਸ ਦੀਆਂ ਅੱਖਾਂ, ਗਰਮ ਗਰਮ ਟੋਸਟ ਉੱਤੇ ਲੱਗੇ ਮੱਖਨ ਵਾਂਗ, ਵਹਿ ਤੁਰੀਆਂ ਸਨ।
ਮੁਸਕਰਾਹਟ ਖਿਲਾਰ ਕੇ ਮਿਸਟਰ ਬਰਾਉਨ ਨੇ ਕਿਹਾ, “ਠੀਕ ਐ, ਮੈਂ ਜਾਨ ਨੂੰ ਖ਼ਤ ਲਿਖਾਂਗਾ।”
ਤੇ ਇਕ ਕੋਨੇ ਵਿਚ ਪਿਆ ਰੇਡੀਓ ਗੂੰਜ ਰਿਹਾ ਸੀ¸ 'ਕਿਸੇ ਵੀ ਦਿਨ ਆਓ, ਮੇਰੇ ਮਹਿਮਾਨ ਬਣੋ...ਕਿਸੇ ਦਿਨ ਆਓ, ਕਿਸੇ ਵੀ ਦਿਨ।'
***

ਦੂਜੀ ਕਿਸ਼ਤ :: ਜਾਗਦੀਆਂ ਅੱਖਾਂ ਦਾ ਸੁਪਨਾ… :: ਲੇਖਕ : ਰਾਬਿਨ ਸ਼ਾਹ ਪੁਸ਼ਪ

ਨਵੇਂ ਚੌਲਾਂ ਦੀ ਗੰਧ…:

ਅਨੁਵਾਦ : ਮਹਿੰਦਰ ਬੇਦੀ ਜੈਤੋ


ਸੋਮਵਾਰ ਦੇ ਦਿਨ ਵਿਭਾ ਦਾ ਮਨ ਬੱਚਿਆਂ ਦੇ ਹੱਥੋਂ ਡਿੱਗੀਆਂ ਬਹੁਤ ਸਾਰੀਆਂ ਗੋਲੀਆਂ ਵਾਂਗ ਖਿੰਡ-ਪੁੰਡ ਗਿਆ। ਉਸ ਦਾ ਦਿਲ ਕਿਸੇ ਵੀ ਕੰਮ ਵਿਚ ਨਹੀਂ ਸੀ ਲੱਗ ਰਿਹਾ।...ਜੇ ਕਢਾਈ ਕਰਨ ਬੈਠਦੀ ਤਾਂ ਡੈਡੀ ਦੀ ਕੁਰਸੀ ਨਾਲ ਲੱਗਵੀਂ ਅਲਮਾਰੀ ਕੋਲ ਦੋ ਤਿੰਨ ਵਾਰੀ ਹੋ ਆਉਂਦੀ¸ ਕਦੀ ਸੂਈ ਲੈਣ ਦੇ ਬਹਾਨੇ ਤੇ ਕਦੀ ਕਿਸੇ ਹੋਰ ਰੰਗ ਦਾ ਧਾਗਾ ਲਿਆਉਣ ਦੇ ਬਹਾਨੇ। ਫੇਰ ਉਹ ਕੋਈ ਕਿਤਾਬ ਪੜ੍ਹਨ ਬੈਠਦੀ। ਮਨ ਨਾ ਲੱਗਦਾ ਤਾਂ ਦੂਜੀ ਕਿਤਾਬ ਨਾਲ ਦਿਲ ਪਰਚਾਉਣ ਦਾ ਬਹਾਨਾ ਕਰਦੀ, ਫੇਰ ਉਸੇ ਕਮਰੇ ਵਿਚ ਚਲੀ ਜਾਂਦੀ¸ ਬੁੱਕ ਸ਼ੇਲਫ ਕੋਲ ਦੇਰ ਤਕ ਖੜ੍ਹੀ, ਕਿਤਾਬ ਲੱਭਦੀ ਰਹਿੰਦੀ।
ਅੰਮ੍ਰਿਤਾ ਪ੍ਰੀਤਮ ਦੀ ਕਿਤਾਬ ਵਿਚ ਮਨ ਨਾ ਲੱਗੇ, ਇੰਜ ਅੱਜ ਤੱਕ ਕਦੀ ਹੋਇਆ ਹੀ ਨਹੀਂ...ਪਰ ਅੱਜ ਪਤਾ ਨਹੀਂ ਕੀ ਗੱਲ ਸੀ! ਖੂਬਸੂਰਤ ਸੁਪਨਿਆਂ ਦੀਆਂ ਅਣਗਿਣਤ ਡਾਰਾਂ ਉਸ ਦੇ ਇਰਦ-ਗਿਰਦ ਪਵਿੱਤਰ ਆਤਮਾਵਾਂ ਵਾਂਗ ਉੱਡ ਰਹੀਆਂ ਸਨ...
ਫੇਰ ਉਹ ਉਂਜ ਹੀ ਕੋਰੇ ਕਾਗਜ ਉੱਤੇ ਲਕੀਰਾਂ ਮਾਰਨ ਲੱਗ ਪਈ। ਇਹ ਜਾਣਦਿਆਂ ਹੋਇਆਂ ਵੀ ਕਿ ਅਜੇ ਕਲ੍ਹ ਹੀ ਉਸ ਨੇ ਪੈਨ ਵਿਚ ਸਿਆਹੀ ਭਰੀ ਹੈ ਤੇ ਉਹ ਅਜੇ ਮੁੱਕੀ ਨਹੀਂ; ਉਹ ਫੇਰ ਮਿਸਟਰ ਬਰਾਉਨ ਦੇ ਕਮਰੇ ਵਿਚ ਚਲੀ ਗਈ। ਚੇਸਟਰ ਡਰਾਰ ਵਿਚੋਂ ਸਿਆਹੀ ਦੀ ਬੋਤਲ ਕੱਢ ਕੇ ਉਸ ਨੇ ਪੈਨ ਦੀ ਸਾਰੀ ਸਿਆਹੀ ਉਸ ਵਿਚ ਉਲਟ ਦਿੱਤੀ, ਫੇਰ ਡਰਾਪਰ ਨਾਲ ਉਸ ਨੂੰ ਭਰਨ ਲੱਗ ਪਈ...ਉਸ ਦੇ ਐਨ ਪਿੱਛੇ ਮਿਸਟਰ ਬਰਾਉਨ ਬੈਠੇ ਅਖ਼ਬਾਰ ਪੜ੍ਹ ਰਹੇ ਸਨ। ਵਿਭਾ ਦਾ ਅੰਦਰ-ਬਾਹਰ ਸੜ-ਬਲ ਗਿਆ। ਅੱਜ ਅਖ਼ਬਾਰ ਨਾ ਆਉਂਦਾ ਤਾਂ ਕੀ ਥੁੜ੍ਹ ਜਾਣਾ ਸੀ? ਹਰ ਜਗ੍ਹਾ ਸ਼ਾਂਤੀ ਹੈ, ਫੇਰ ਖਾਹਮ-ਖਾਹ ਅਖ਼ਬਾਰ ਵਿਚ ਇੰਜ ਸਿਰ ਖਪਾਉਣ ਦਾ ਕੀ ਲਾਭ? ਰਾਤੀਂ ਖ਼ਬਰਾਂ ਤਾਂ ਸੁਣ ਹੀ ਲਈਆਂ ਸਨ। ਉਸ ਦਾ ਦਿਲ ਕੀਤਾ ਕਹਿ ਦਏ¸ 'ਡੈਡੀ ਤੁਹਾਡੀਆਂ ਅੱਖਾਂ ਚੌਪਟ ਹੋ ਜਾਣਗੀਆਂ।' ਪਰ ਉਹ ਸਿਰਫ ਪੈਨ ਫੜੀ, ਖੜ੍ਹੀ ਸੋਚਦੀ ਰਹੀ। ਫੇਰ ਜਾਣ-ਬੁੱਝ ਕੇ ਉਸ ਨੇ ਕਾਫੀ ਸਾਰੀ ਸਿਆਹੀ ਹੇਠਾਂ ਡੋਲ੍ਹ ਦਿੱਤੀ ਤੇ ਮੂੰਹੋਂ ਆਵਾਜ਼ ਕੱਢੀ, 'ਈ---¸ ਚੱ-ਚੱ-ਚੱ...'
ਮਿਸਟਰ ਬਰਾਉਨ ਨੇ ਭੌਂ ਕੇ ਦੇਖਿਆ¸ਵਿਭਾ ਕੋਲ ਪਿਆ ਕੱਪੜਾ ਚੁੱਕ ਕੇ ਸਿਆਹੀ ਪੂੰਝ ਰਹੀ ਸੀ। ਕੁਝ ਸੋਚ ਕੇ ਬੋਲੇ, “ਮੈਂ ਤਾਂ ਨਿਊਜ਼ ਪੇਪਰ ਵਿਚ ਏਨਾ ਗੁਆਚ ਗਿਆ ਸਾਂ ਕਿ ਕੁਝ ਯਾਦ ਈ ਨਹੀਂ ਰਿਹਾ...ਖ਼ੈਰ ਬੇਬੀ ਆਪਣਾ ਪੈਨ ਮੈਨੂੰ ਦੇ ਦੇਈਂ।”
ਵਿਭਾ ਬਿਨਾ ਕੁਝ ਕਹੇ, ਕਾਹਲ ਨਾਲ ਪੈਨ ਮੇਜ਼ ਉਤੇ ਰੱਖ ਕੇ ਅੰਦਰ ਚਲੀ ਗਈ ਤੇ ਪਰਦੇ ਦੀ ਓਟ ਵਿਚ ਖੜ੍ਹੀ ਦੇਖਦੀ ਰਹੀ।  
ਮਿਸਟਰ ਬਰਾਉਨ ਚੁੱਪ ਹੋ ਗਏ। ਉਸ ਦਾ ਦਿਲ ਕੀਤਾ ਉਹ ਜਾ ਕੇ ਰਾਈਟਿੰਗ-ਪੈਡ ਵੀ ਦੇ ਆਵੇ। ਪਰ ਉਹ ਚਾਹ ਕੇ ਵੀ ਇੰਜ ਨਹੀਂ ਸੀ ਕਰ ਸਕੀ। ਡੈਡੀ ਨਾਲ ਉਹ ਕਾਫੀ ਘੁਲੀ-ਮਿਲੀ ਹੋਈ ਹੈ ਪਰ ਅੱਜ ਸ਼ਰਮ ਦੀ ਕੋਈ ਮੋਟੀ ਚਾਦਰ, ਉਸ ਦੇ ਮੋਢਿਆਂ ਉੱਤੇ ਪਤਾ ਨਹੀਂ ਕਿੱਥੋਂ ਆ ਕੇ ਪੈ ਗਈ ਸੀ¸ ਤੇ ਉਹ ਜਿਵੇਂ ਦੀ ਤਿਵੇਂ, ਪਰਦੇ ਦੀ ਓਟ ਵਿਚ ਖੜ੍ਹੀ ਰਹੀ ਸੀ।
ਮਿਸਟਰ ਬਰਾਉਨ ਨੇ ਉੱਠ ਕੇ ਚੇਸਟਰ-ਡਰਾਰ ਵਿਚੋਂ ਰਾਈਟਿੰਗ-ਪੈਡ ਕੱਢਿਆ; ਮੇਜ਼ ਉੱਤੇ ਰੱਖਿਆ ਤੇ ਸਿਗਰੇਟ-ਪੈਕੇਟ ਲੱਭਣ ਲੱਗ ਪਏ। ਵਿਭਾ ਨੇ ਉਂਗਲ ਕੀਤੀ¸ 'ਉਹ ਪਈਆਂ।'...ਪਰ ਚੁੱਪ ਦੀ ਠੰਡੀ ਲਹਿਰ ਉਸ ਦੇ ਬੁੱਲ੍ਹਾਂ ਉੱਤੇ ਚਿਪਕ ਕੇ ਰਹਿ ਗਈ ਤੇ ਆਵਾਜ਼ ਦੀ ਜਗ੍ਹਾ ਸਿਰਫ ਇਕ ਫੁਸਫੁਸਾਹਟ ਹੀ ਨਿਕਲੀ ਤੇ ਹਵਾ ਵਿਚ ਘੁਲ ਕੇ ਅਲੋਪ ਹੋ ਗਈ। ਉਹ ਸੋਚਣ ਲੱਗੀ, 'ਨਜ਼ਰ ਕੰਮਜ਼ੋਰ ਹੁੰਦੀ ਜਾ ਰਹੀ ਏ, ਨੇੜੇ ਪਈ ਚੀਜ਼ ਵੀ ਨਜ਼ਰ ਨਹੀਂ ਆਉਂਦੀ, ਫੇਰ ਵੀ ਡੈਡੀ ਨੇ ਕਿ ਇਕ ਇਕ ਖ਼ਬਰ ਨੂੰ ਚੱਟਦੇ ਰਹਿੰਦੇ ਨੇ। ਨਹੀਂ, ਕੱਲ੍ਹ ਤੋਂ ਉਹ ਅਖ਼ਬਾਰ ਵਾਲੇ ਨੂੰ ਮਨ੍ਹਾਂ ਕਰ ਦਏਗੀ। ਜ਼ਰੂਰ ਮਨ੍ਹਾਂ ਕਰ ਦਏਗੀ। ਪੱਲਿਓਂ ਪੈਸੇ ਲਾ ਕੇ ਅੱਖਾਂ ਖਰਾਬ ਕਰਨ ਵਾਲਾ ਸ਼ੌਕ ਵੀ ਕੀ ਸ਼ੌਕ ਹੋਇਆ!'
ਮਿਸਟਰ ਬਰਾਉਨ ਫੇਰ ਆ ਕੇ ਆਪਣੀ ਕੁਰਸੀ ਉੱਤੇ ਬੈਠ ਗਏ। ਸਿਗਰੇਟ ਮੂੰਹ ਵਿਚ ਲੈ ਕੇ ਕੁਝ ਸੋਚਣ ਲੱਗੇ। ਵਿਭਾ ਨੇ ਸੋਚਿਆ, 'ਡੇਡੀ ਅਜੀਬ ਫਿਲਾਸਫਰ ਬਣਦੇ ਜਾ ਰਹੇ ਨੇ, ਸਿਗਰੇਟ ਸੁਲਗਾਈ ਤੱਕ ਨਹੀਂ।' ਉਦੋਂ ਹੀ ਉਹਨਾਂ ਨੇ ਸਿਗਰੇਟ ਸੁਲਗਾ ਲਈ। ਲੰਮਾ ਕਸ਼ ਖਿੱਚ ਕੇ ਫੇਰ ਕੁਝ ਸੋਚਣ ਲੱਗ ਪਏ। ਜਿਵੇਂ-ਜਿਵੇਂ ਸਿਗਰੇਟ ਬਲਦੀ ਰਹੀ, ਵਿਭਾ ਵੀ ਸੁਲਗਦੀ ਰਹੀ...।
ਫੇਰ ਮਿਸਟਰ ਬਰਾਉਨ ਨੇ ਐਸ਼-ਟਰੇ ਵਿਚ ਸਵਾਹ ਝਾੜੀ ਤੇ ਫੇਰ ਸੋਚਾਂ ਵਿਚ ਗਵਾਚ ਗਏ। ਇਸ ਵਾਰੀ ਵਿਭਾ ਨੂੰ ਸੱਚਮੁੱਚ ਹੀ ਰੋਣਾ ਆ ਗਿਆ...ਕਿਤੇ ਦੂਰ ਸਿਸਕੀ-ਜਿਹੀ ਗੂੰਜੀ। ਇਸ ਵਿਚ ਏਨੀ ਸੋਚਣ ਵਾਲੀ ਕਿਹੜੀ ਗੱਲ ਹੈ? ਸਿਰਫ ਇਕ ਸਤਰ ਕਾਫੀ ਹੈ¸ 'ਅਗਲੇ ਸੰਡੇ ਆ ਜਾਓ।'
ਪਰ ਜਦੋਂ ਮਿਸਟਰ ਬਰਾਉਨ ਨੇ ਲਿਖਣਾ ਸ਼ੁਰੂ ਕੀਤਾ ਤਾਂ ਲਿਖਦੇ ਹੀ ਰਹੇ। ਖੁਸ਼ੀਆਂ ਦੇ ਮਾਸੂਮ ਫ਼ਰਿਸ਼ਤੇ ਵਿਭਾ ਨੂੰ ਘੇਰ ਕੇ ਵਧਾਈਆਂ ਗਾਉਣ ਲੱਗ ਪਏ। ਉਹ ਖੜ੍ਹੀ-ਖੜ੍ਹੀ ਉਡੀਕਦੀ ਰਹੀ ਕਿ ਕਦੋਂ ਡੈਡੀ ਲਿਖਣਾ ਬੰਦ ਕਰਨ...ਉਸਦੀਆਂ ਲੱਤਾਂ ਦੁਖਣ ਲੱਗ ਪਈਆਂ ਸਨ।
ਮਿਸਟਰ ਬਰਾਉਨ ਨੇ ਖ਼ਤ ਤੈਅ ਕਰਕੇ ਲਿਫ਼ਾਫ਼ੇ ਵਿਚ ਪਾਇਆ, ਉਸ ਉੱਤੇ ਪਤਾ ਲਿਖਿਆ ਤੇ ਫੇਰ ਸਿਗਰੇਟ ਸੁਲਗਾ ਲਈ...ਧੂੰਏਂ ਦੇ ਨਾ ਖਤਮ ਹੋਣ ਵਾਲੇ ਦਾਇਰੇ ਜਿਹੇ ਬਣਨ ਲੱਗੇ; ਜਿਵੇਂ ਕਿਸੇ ਨੇ ਪਾਣੀ ਵਿਚ ਰੋੜਾ ਸੁੱਟਿਆ ਹੋਵੇ। ਵਿਭਾ ਦਾ ਜੀਅ ਕੀਤਾ, ਉਹ ਜਾ ਕੇ ਖ਼ਤ ਪੜ੍ਹੇ¸ਪਰ ਉਸਨੂੰ ਕੋਈ ਬਹਾਨਾ ਨਹੀਂ ਸੀ ਸੁੱਝ ਰਿਹਾ। ਉਦੋਂ ਹੀ ਪੈਨ ਦਾ ਖ਼ਿਆਲ ਆਇਆ ਤੇ ਉਹ ਦਰਵਾਜ਼ੇ ਕੋਲੋਂ ਹੀ ਪੁੱਛਦੀ ਹੋਈ ਅੰਦਰ ਚਲੀ ਗਈ, “ਪੈਨ ਦਾ ਕੰਮ ਮੁੱਕ ਗਿਆ ਡੈਡੀ?”
“ਆਂ...” ਮਿਸਟਰ ਬਰਾਉਣ ਤ੍ਰਬਕ ਗਏ।
ਵਿਭਾ ਨੇ ਲਿਫ਼ਾਫ਼ੇ ਉੱਤੇ ਲਿਖਿਆ ਪਤਾ ਦੇਖਿਆ। ਉਸ ਨੂੰ ਲੱਗਿਆ, ਉਸ ਨੇ ਚਿਰਾਇਤੇ ਦਾ ਘੁੱਟ ਭਰ ਲਿਆ ਹੈ। ਖ਼ਤ ਕਿਸੇ ਮਿਸਟਰ ਰਾਬਰਟ ਨੂੰ ਲਿਖਿਆ ਗਿਆ ਸੀ। ਉਹ ਉਸ ਰੁੱਖ ਵਾਂਗ ਉਦਾਸ ਖੜ੍ਹੀ ਰਹਿ ਗਈ ਜਿਸ ਦੀਆਂ ਸਾਰੀਆਂ ਟਾਹਣੀਆਂ ਕੱਟ ਸੁੱਟੀਆਂ ਗਈਆਂ ਹੋਣ।
ਮਿਸਟਰ ਬਰਾਉਨ ਨੇ ਕਿਹਾ¸ “ਯੂ ਕੈਨ ਟੇਕ ਬੇਬੀ, ਪਰ ਅਜੇ ਤਾਂ ਮੈਂ ਜਾਨ ਨੂੰ ਵੀ ਖ਼ਤ ਲਿਖਣਾ ਏਂ।”
ਹੁਣ ਵਿਭਾ ਭਲਾ ਕੀ ਕਹਿੰਦੀ! ਬਿਨਾਂ ਕੁਝ ਕਹੇ ਆਪਣੇ ਕਮਰੇ ਵਿਚ ਆ ਗਈ।
***

ਫੇਰ ਇਕ ਦਿਨ ਜਾਨ ਦਾ ਖ਼ਤ ਆਇਆ ਕਿ ਅੱਜ ਕੱਲ੍ਹ ਉਹ ਬੜਾ ਵਿਅਸਤ ਹੈ, ਇਸ ਲਈ ਸ਼ਾਇਦ ਸੰਡੇ ਨੂੰ ਨਾ ਆ ਸਕੇ। ਦੂਰ, ਕਿਤੇ ਬਹੁਤ ਦੂਰ ਵੱਜਦੀ ਹੋਈ ਮਿੱਠੜੀ ਧੁਨ, ਸਿਸਕੀ ਵਿਚ ਬਦਲ ਗਈ¸ ਛਨੀਵਾਰ ਦੀ ਸ਼ਾਮ, ਵਿਭਾ ਰੋ-ਰੋ ਕੇ ਹਾਲੋਂ-ਬੇਹਾਲ ਹੋ ਗਈ। ਕੱਲ੍ਹ ਸੰਡੇ ਹੈ...ਜੇ ਜਾਨ ਆ ਰਿਹਾ ਹੁੰਦਾ ਤਾਂ ਕੀ ਉਹ ਇੰਜ, ਇਸ ਬਿਸਤਰੇ ਉੱਤੇ ਪਈ ਹੁੰਦੀ?... ਥੱਕੀ-ਟੁੱਟੀ ਤੇ ਖੁੱਸੀ-ਖੁੱਸੀ ਜਿਹੀ!
ਉਸ ਨੇ ਉੱਠ ਕੇ ਖਿੜਕੀ ਖੋਹਲ ਦਿੱਤੀ। ਪੁਰੇ ਦੀ ਠੰਡੀ ਹਵਾ, ਉਸ ਦੇ ਪਿੰਡੇ ਨਾਲ ਖਹਿੰਦੀ ਹੋਈ, ਪੂਰੇ ਕਮਰੇ ਵਿਚ ਭਰ ਗਈ। ਇਕੱਲੇਪਣ ਦੇ ਜਾਲ ਵਿਚ ਫਸ ਕੇ ਉਹ ਰੋਣ ਲੱਗ ਪਈ। ਰਾਤ ਦੇ ਹਨੇਰੇ ਵਿਚ ਸਿਸਕੀਆਂ ਦੇ ਬੋਲ ਘੁਲੇ…:
'ਅੱਜ ਪੁਰਾ ਵਗ ਰਿਹਾ ਹੈ।
ਮੇਰੀਆਂ ਨੀਂਦ ਭਰੀਆਂ ਅੱਖਾਂ ਵਿਚ¸
ਤੂੰ ਸੁਪਨਾ ਬਣ ਕੇ ਆ ਜਾ।
ਅੱਜ ਪੁਰਾ ਵਗ ਰਿਹਾ ਹੈ।
ਹੁਣੇ-ਹੁਣੇ ਮੈਂ ਖ਼ੁਸ਼ੀਆਂ ਦਾ ਮੂੰਹ ਦੇਖਿਆ ਸੀ¸
ਤੇ ਹੁਣੇ ਸੰਸਿਆਂ ਵਿਚ ਫਸ ਗਈ ਹਾਂ,
ਤੇ ਹੁਣੇ ਆਕਾਸ਼ ਵਿਚ ਚੰਨ ਉੱਗਿਆ ਸੀ¸
ਤੇ ਹੁਣੇ ਕਾਲੇ ਬੱਦਲ ਘਿਰ ਆਏ ਨੇ,
ਹੁਣੇ-ਹੁਣੇ ਤੇਰੇ ਮਿਲਨ ਦੀ ਚਰਚਾ ਸੀ¸
ਤੇ ਹੁਣੇ ਵਿਛੋੜੇ ਦਾ ਜ਼ਿਕਰ ਤੁਰ ਪਿਆ...।'
ਕਮਰੇ ਰੂਪੀ ਕਬਰਗਾਹ ਵਿਚ ਉਹ ਦਫ਼ਨ ਹੋ ਗਈ¸ ਖ਼ੁਦ ਹੀ ਲਾਸ਼ ਸੀ, ਤੇ ਖ਼ੁਦ ਹੀ ਮਾਤਮ ਮਨਾਉਣ ਵਾਲੀ।
ਮਨ ਭਾਰਾ ਸੀ। ਜਦੋਂ ਨਾਸ਼ਤੇ ਦੀ ਮੇਜ਼ ਉਪਰ ਆਈ ਤਾਂ ਸਾਰੇ ਨਾਸ਼ਤਾ ਕਰ ਚੁੱਕੇ ਸਨ। ਮਿਸਟਰ ਬਰਾਉਨ ਬਾਹਰ ਧੁੱਪ ਵਿਚ ਬੈਠੇ ਅਖ਼ਬਾਰ ਪੜ੍ਹ ਰਹੇ ਸਨ। ਯੁਜਿਨ ਵੀ ਬਾਹਰ ਹੀ ਸੀ। ਉਹ ਚੁੱਪਚਾਪ ਟੋਸਟ ਉੱਤੇ ਮੱਖਣ ਲਾ ਕੇ ਖਾਣ ਲੱਗ ਪਈ। ਆਇਆ ਚਾਹ ਗਰਮ ਕਰ ਲਿਆਈ। ਚਾਹ ਦੀ ਪਹਿਲੀ ਘੁੱਟ ਦੇ ਨਾਲ ਹੀ ਉਸ ਨੂੰ ਲੱਗਿਆ, ਡੈਡੀ ਉਸ ਵੱਲ ਦੇਖ ਰਹੇ ਨੇ...ਯੁਜਿਨ ਵੀ ਜਿਵੇਂ ਪੁੱਛ ਰਿਹਾ ਹੈ¸ 'ਅੱਜ ਸੰਡੇ ਸੀ, ਦੀਦੀ ਤੂੰ ਆਪਣੇ ਹੱਥੀਂ ਨਾਸ਼ਤਾ ਨਹੀਂ ਬਣਾਇਆ?'
ਵਿਭਾ ਤੋਂ ਹੋਰ ਚਾਹ ਨਾ ਪੀਤੀ ਗਈ।
ਉਹ ਉਠ ਕੇ ਡਰਾਇੰਗ-ਰੂਮ ਵਿਚ ਆ ਗਈ। ਬਾਈਬਲ ਪੜ੍ਹਨ ਲਈ ਪੰਨੇ ਖੋਲ੍ਹੇ, ਉਦੋਂ ਹੀ ਖ਼ਿਆਲ ਆਇਆ¸ 'ਬਿਨਾਂ ਸਿਰ ਢਕੇ, ਇਸਨੂੰ ਪੜ੍ਹਨਾ, ਇਕ ਔਰਤ ਲਈ ਘੋਰ ਪਾਪ ਹੈ।' ਉਸਨੇ ਇਕ ਟੋਟਾ ਆਪਣੇ ਸਿਰ ਉੱਤੇ ਰੱਖ ਲਿਆ।
ਤੇ ਜਦੋਂ ਉਹ ਸ਼ਾਮ ਦੀ ਚਾਹ ਪੀਣ ਬੈਠੇ, ਜਾਨ ਆ ਵੜਿਆ। ਇਕ ਅਜੀਬ ਜਿਹੀ ਖੁਸ਼ੀ ਸਾਰੇ ਘਰ ਵਿਚ ਫੈਲ ਗਈ। ਉਹ ਸੋਚਣ ਲੱਗੀ¸ 'ਇਕ ਇਸ ਆਦਮੀ ਦੇ ਨਾ ਹੋਣ ਕਾਰਕੇ, ਕੀ ਇਹ ਘਰ ਮਾਯੂਸੀਆਂ ਦੀ ਰੇਤ ਨਾਲ ਨਹੀਂ ਸੀ ਭਰ ਗਿਆ?' ਉਹ ਚਾਹ ਬਣਾਉਣ ਲੱਗ ਪਈ।
ਥੋੜ੍ਹੀਆਂ-ਬਹੁਤੀਆਂ ਗੱਲਾਂ ਹੋਈਆਂ ਤੇ ਜਾਨ ਫੇਰ ਉਠ ਕੇ ਅਟੈਚੀ ਕੋਲ ਚਲਾ ਗਿਆ। ਮਿਸਟਰ ਬਰਾਉਨ ਨੇ ਉਸ ਨੂੰ ਪੁੱਛਿਆ¸ “ਕਿਉਂ ਜਾਨ, ਚਾਹ ਪਹਿਲਾਂ ਪੀਣੀ ਏਂ ਕਿ ਬਾਅਦ ਵਿਚ?”
“ਸਿਰਫ ਇਕੋ ਮਿੰਟ ਡੈਡ।” ਤੇ ਜਾਨ ਗੁਸਖਾਨੇ ਵਿਚ ਵੜ ਗਿਆ।
ਉਸ ਦੀ ਸੀਟੀ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਆਵਾਜ਼ ਦੇ ਖੰਭ ਜਿਵੇਂ ਕੋਈ ਇਕ ਇਕ ਕਰਕੇ ਹਵਾ ਵਿਚ ਖਿਲਾਰ ਰਿਹਾ ਹੋਏ...'ਫੋਰ ਕਿਸ ਮੀ ਆਨ ਏ ਮੰਡੇ ਐਂਡ ਇਟ ਇਜ ਵੈਰੀ ਗੁੱਡ...'
ਜਾਨ ਦੀ ਇਹੋ ਆਦਤ ਉਸ ਨੂੰ ਮਾੜੀ ਲੱਗਦੀ ਹੈ। ਦਿਨ ਦਾ ਖਾਣਾ ਹੋਏ ਜਾਂ ਸ਼ਾਮ ਦੀ ਚਾਹ...ਲੱਖ ਕਹੋ, ਨਹਾਅ ਧੋ ਕੇ ਵਿਹਲੇ ਹੋਵੇ, ਪਰ ਸੁਣੇਗਾ ਨਹੀਂ।...ਤੇ ਜਦੋਂ ਸਭ ਕੁਝ ਮੇਜ਼ ਉੱਤੇ ਆ ਜਾਂਦਾ ਹੈ, ਉਹ ਤੌਲੀਆ ਚੁੱਕ ਕੇ ਗੁਸਲਖਾਨੇ ਵਿਚ ਜਾ ਵੜਦਾ ਹੈ। ਫੇਰ ਨਹਾਏਗਾ ਏਨੀ ਦੇਰ ਨਾਲ ਕਿ ਸਭ ਕੁਝ ਠੰਡਾ ਹੋ ਜਾਏਗਾ, ਦੁਬਾਰਾ ਗਰਮ ਕਰਦੇ ਫਿਰੋ।
ਮਿਸਟਰ ਬਰਾਉਨ ਨੇ ਮਖੌਲ ਕੀਤਾ...“ਪਤਾ ਨਹੀਂ ਕਿਵੇਂ ਨਿਭੇਗੀ ਤੁਹਾਡੀ ਦੋਹਾਂ ਦੀ?”
“ਨਿਭੇਗੀ ਕਿਵੇਂ ਨਾ ਡੈਡੀ, ਨਾਸ਼ਤੇ ਤੋਂ ਪਹਿਲਾਂ ਬਾਥਰੂਮ ਲਾਕ ਕਰ ਦਿਆ ਕਰਾਂਗੀ। ਜਿਸਨੇ ਨਹਾਉਣਾ-ਧੋਣਾ ਹੋਏ, ਚਾਹ ਤੋਂ ਬਾਅਦ...।”
ਉਦੋਂ ਹੀ ਜਾਨ ਨੇ ਬੈਠਦਿਆਂ ਹੋਇਆਂ ਕਿਹਾ, “ਪਰ ਡੈਡ, ਲੋਕ ਤਾਂ ਕਹਿੰਦੇ ਨੇ 'ਪਤਨੀ ਆਪਣੇ ਆਪ ਵਿਚ ਇਕ ਲਾਕ ਹੁੰਦੀ ਏ...'।”
ਮਿਸਟਰ ਬਰਾਉਨ 'ਹੋ-ਹੋ' ਕਰਕੇ ਹੱਸ ਪਏ। ਜਾਨ ਨੇ ਵੀ ਸਾਥ ਦਿੱਤਾ। ਚਿੜ ਕੇ ਵਿਭਾ ਨੇ ਜਾਨ ਦਾ ਪੈਰ ਨੱਪ ਦਿੱਤਾ। ਉਹ ਚੁੱਪ ਹੋ ਗਿਆ, ਜਿਵੇਂ ਕਿਸੇ ਨੇ ਸਵਿੱਚ ਆਫ ਕਰ ਦਿੱਤੀ ਹੋਵੇ।
ਡੈਡੀ ਨੇ ਪੁੱਛਿਆ, “ਤੂੰ ਆ ਕਿੰਜ ਗਿਆ? ਤੂੰ ਤਾਂ ਲਿਖਿਆ ਸੀ ਬਈ...।”
“ਉਹ ਡੈਡ! ਆਉਣ ਦਾ ਕੋਈ ਪ੍ਰੋਗਰਾਮ ਤਾਂ ਨਹੀਂ ਸੀ। ਕੰਮ ਈ ਏਨਾ ਏਂ ਕਿ...ਬਸ ਸਮਝ ਲਓ, ਕਿਵੇਂ ਨਾ ਕਿਵੇਂ ਜਾਨ ਛੁਡਾਅ ਕੇ ਨੱਸ ਆਇਆਂ।”
ਡੈਡੀ ਫੇਰ 'ਹੋ-ਹੋ' ਕਰਕੇ ਹੱਸੇ। ਵਿਭਾ ਫੇਰ ਚਿੜ ਗਈ। ਇਹ ਵੀ ਕੋਈ ਹੱਸਣ ਵਾਲੀ ਗੱਲ ਹੈ? ਹਰ ਗੱਲ ਉੱਤੇ ਡੈਡੀ ਇੰਜ ਹੀ ਹੱਸਦੇ ਨੇ¸ ਕਿਸੇ ਗੱਲ ਨੂੰ ਸੀਰੀਅਸਲੀ ਲੈਂਦੇ ਹੀ ਨਹੀਂ।
ਦੋਬਾਰਾ ਚਾਹ ਗਰਮ ਕੀਤੀ ਗਈ।
ਡੈਡੀ ਨੇ ਚਾਹ ਵਿਚ ਟੋਸਟ ਭਿਉਂ ਕੇ ਖਾਂਦਿਆਂ ਹੋਇਆਂ ਕਿਹਾ, “ਜਾਨ ਵਿਭਾ ਦਾ ਰਿਜਲਟ ਆ ਗਿਆ ਏ, ਬੀ.ਏ. ਕਰ ਈ ਲਈ ਇਸਨੇ। ਅੱਗੇ ਪੜ੍ਹਨ ਦੀ ਕਾਫੀ ਇੱਛਾ ਏ, ਉਹ ਤੂੰ ਪੂਰੀ ਕਰ ਹੀ ਦਏਂਗਾ...ਸ਼ਾਦੀ ਪਿੱਛੋਂ। ਰਹੇ, ਮੈਂ ਤੇ ਯੁਜਿਨ। ਸੋ ਭਾਈ, ਅਜੇ ਰੇੜ੍ਹਾ ਰਿੜ੍ਹ ਈ ਰਿਹੈ। ਜੇ ਹੋਰ ਜਿਉਂਦਾ ਰਿਹਾ ਤਾਂ ਇਸਨੂੰ ਲੈਕਚਰਰ ਦੇਖ ਕੇ ਹੀ ਮਰਾਂਗਾ।”
ਵਿਭਾ ਨੇ ਟੋਸਟ ਯੁਜਿਨ ਵੱਲ ਵਧਾਅ ਦਿੱਤਾ, “ਨੌ ਡੈਡ, ਇਸ ਨੂੰ ਤਾਂ ਮੈਂ ਆਪਣੇ ਨਾਲ ਲੈ ਜਾਵਾਂਗੀ। ਇਹ ਸਕੂਲ ਜਾਇਆ ਕਰੇਗਾ ਤੇ ਮੈਂ ਕਾਲਜ। ਕਿਉਂ ਜਾਨ?”
ਜਾਨ ਦੇ ਗਲ਼ੇ ਵਿਚ ਚਾਹ ਅਟਕ ਗਈ, ਹੱਥੂ ਆ ਗਿਆ।
ਮਿਸਟਰ ਬਰਾਉਨ ਨੇ ਕਿਹਾ, “ਨਾ ਬਈ, ਇਹ ਕੋਈ ਗੱਲ ਹੋਈ...ਅੱਜ ਤੂੰ ਯੁਜਿਨ ਨੂੰ ਲੈ ਜਾਏਂਗੀ, ਪਰ ਕੱਲ੍ਹ ਜਦੋਂ ਖ਼ੁਦ ਤੂੰ ਮਾਂ ਬਣੇਗੀ, ਉਦੋਂ? ਮੈਂ ਜਾਣਦਾਂ ਬੇਬੀ, ਔਰਤ ਦਾ ਪਿਆਰ ਸ਼ਾਦੀ ਤੋਂ ਪਹਿਲਾਂ ਵਗਦੇ ਹੋਏ ਪਾਣੀ ਵਰਗਾ ਹੁੰਦਾ ਏ, ਬੰਨ੍ਹ ਤੋੜ ਕੇ ਵਗ ਤੁਰਦਾ ਏ...ਪਰ ਬਾਅਦ ਵਿਚ ਘਟ ਕੇ ਆਪਣੇ ਪਤੀ ਤਕ ਸੀਮਿਤ ਹੋ ਜਾਂਦੀ ਏ। ਤੇ ਜਦੋਂ ਉਹ ਮਾਂ ਬਣਦੀ ਏ ਤਾਂ ਇਕੋ ਜਗ੍ਹਾ ਜੰਮ ਕੇ ਬਰਫ਼...ਖ਼ੁਦ ਉਸਦਾ ਪਤੀ ਵੀ ਤਰਸ ਜਾਂਦਾ ਏ...ਯੁਜਿਨ ਤਾਂ ਫੇਰ ਵੀ ਯੁਜਿਨ ਹੀ ਐ।”
ਵਿਭਾ ਨੇ ਪਹਿਲੀ ਵਾਰੀ ਮਹਿਸੂਸ ਕੀਤਾ ਕਿ ਡੈਡੀ ਨੇ ਅੱਜ ਪਹਿਲੀ ਵਾਰੀ ਕਿਸੇ ਗੱਲ ਨੂੰ ਸੀਰੀਅਸਲੀ ਲਿਆ ਹੈ...ਉਸਨੂੰ ਲੱਗਿਆ, ਉਹ ਜੰਮ ਕੇ ਬਰਫ਼ ਬਣ ਗਈ ਹੈ...ਤੇ ਉਸ ਠੰਡੀ-ਯੱਖ ਚਟਾਨ ਨਾਲ, ਯੁਜਿਨ ਟੱਕਰਾਂ ਮਾਰ ਰਿਹਾ ਹੈ।
ਇਕ ਮਨਹੂਸੀਅਤ ਆਪਣਾ ਪੱਲਾ ਫੈਲਾਉਣ ਲੱਗ ਪਈ। ਜਾਨ ਚੁੱਪਚਾਪ ਚਾਹ ਪੀਂਦਾ ਰਿਹਾ। ਉਹ ਹੌਲੀ-ਹੌਲੀ ਟੋਸਟ ਕੁਤਰਦੀ ਰਹੀ, ਜਿਵੇਂ ਉਸਨੇ ਹੁਸੀਨ ਸੁਪਨਿਆਂ ਦੀਆਂ ਕਾਤਰਾਂ ਜੋੜੀਆਂ ਸਨ ਓਵੇਂ ਹੀ ਉਹਨਾਂ ਨੂੰ...। ਯੁਜਿਨ ਚੁੱਪਚਾਪ ਬੈਠਾ ਸੀ। ਉਹ ਸਿਰਫ ਏਨਾ ਹੀ ਜਾਣਦਾ ਸੀ ਕਿ ਉਸਦੇ ਕਰਕੇ ਹੀ ਵਾਤਾਵਰਣ ਏਨਾ ਗੰਭੀਰ ਹੋ ਗਿਆ ਹੈ, ਪਰ ਇਸ ਗੰਭੀਰਤਾ ਦਾ ਕੋਈ ਖਾਸ ਕਾਰਨ ਉਸਦੀ ਸਮਝ ਵਿਚ ਨਹੀਂ ਸੀ ਆ ਰਿਹਾ...ਹਿਰਨ ਵਾਂਗ ਚੁਕੰਨੀਆਂ ਨਜ਼ਰਾਂ ਨਾਲ ਉਹ ਇਕ ਇਕ ਦੇ ਮੂੰਹ ਵੱਲ ਦੇਖ ਰਿਹਾ ਸੀ।
ਮਿਸਟਰ ਬਰਾਉਨ ਨੇ ਜ਼ੋਰ ਨਾਲ ਚਾਹ ਸਿੱਪ ਕੀਤੀ ਤੇ ਖ਼ਾਮੋਸ਼ੀ ਦੇ ਖੰਭ ਪੁੱਟ ਸੁੱਟੇ, “ਮੈਂ ਤੇ ਯੁਜਿਨ ਪਾਦਰੀ ਜੌਨਸ ਵੱਲ ਜਾ ਰਹੇ ਆਂ, ਅੱਠ ਵਜੇ ਤਕ ਆ ਜਾਵਾਂਗੇ। ਤੁਸੀਂ ਦੋਏ ਵੀ ਤਾਂ ਘੁੰਮਣ ਜਾਓਗੇ ਹੀ?”
“ਆਫ ਕੋਰਸ!” ਉਠਦਿਆਂ ਹੋਇਆਂ ਜਾਨ ਨੇ ਕਿਹਾ, “ਮੈਂ ਕੱਲ੍ਹ ਸਵੇਰ ਦੀ ਗੱਡੀ ਵਾਪਸ ਵੀ ਜਾਣਾ ਏਂ।”
ਵਿਭਾ ਨੇ ਮਹਿਸੂਸ ਕੀਤਾ, ਉਸਦੀ ਆਵਾਜ਼ ਭਾਰੀ ਹੈ। ਨਾਸ਼ਤੇ ਪਿੱਛੋਂ ਮਿਸਟਰ ਬਰਾਉਨ ਤੇ ਯੁਜਿਨ ਚਲੇ ਗਏ।
ਵਿਭਾ ਡਰੈਸਿੰਗ ਕਰਨ ਚਲੀ ਗਈ।
ਜਦੋਂ ਤਿਆਰ ਹੋ ਕੇ ਆਈ ਤਾਂ ਜਾਨ ਦੰਗ ਰਹਿ ਗਿਆ। ਉਸਨੇ ਵਾਲ ਬੰਨ੍ਹੇ ਨਹੀਂ ਸਨ। ਉਂਜ ਉਹ ਹਮੇਸ਼ਾ ਹੀ ਬੰਨ੍ਹਦੀ ਹੁੰਦੀ ਹੈ, ਪਰ ਜਦੋਂ ਵੀ ਜਾਨ ਆਉਂਦਾ ਹੈ, ਉਹ ਨਹੀਂ ਬੰਨ੍ਹਦੀ¸ ਕਿਉਂਕਿ ਹਵਾ ਨਾਲ ਹੌਲੀ ਹੌਲੀ ਉੱਡ ਰਹੇ ਵਾਲ, ਜਾਨ ਨੂੰ ਕਿਸੇ ਖੁੱਲ੍ਹੇ ਸਮੁੰਦਰ ਵਿਚ ਹਿਚਕੋਲੇ ਖਾਂਦੀ ਕਿਸ਼ਤੀ ਵਾਂਗ ਲਗਦੇ ਨੇ। ਪਰ ਅੱਜ ਉਸਨੂੰ ਦੇਖਦਿਆਂ ਹੀ ਕਹਿਣਾ ਪਿਆ, “ਮਾਈ ਗਾਡ, ਮੇਰੀਆਂ ਸਾਰੀਆਂ ਪੁਰਾਣੀਆਂ ਉਪਮਾਵਾਂ ਫੇਲ੍ਹ ਹੋ ਗਈਆਂ। ਇੰਜ ਸਜ-ਸੰਵਰ ਕੇ ਨਿਕਲਣਾ ਸੀ ਤਾਂ ਪਹਿਲਾਂ ਹੀ ਲਿਖ ਦੇਂਦੀ, ਉੱਥੋਂ ਹੀ ਕੋਈ ਉਪਮਾ ਸੋਚ ਕੇ ਆਉਂਦਾ।”
ਵਿਭਾ ਸਿਰਫ ਨਿੰਮ੍ਹਾਂ-ਨਿੰਮ੍ਹਾਂ ਮੁਸਕਰਾਉਂਦੀ ਰਹੀ। ਜਾਨ ਨੇ ਮਹਿਸੂਸ ਕੀਤਾ ਜਿਵੇਂ ਦੂਰ ਪਹਾੜੀ ਉੱਤੇ ਕੋਈ ਜੰਗਲੀ ਫੁੱਲ ਟਹਿਕ ਰਿਹਾ ਹੋਵੇ। ਉਹ ਸਿਲ-ਪੱਥਰ ਹੋਇਆ ਖੜ੍ਹਾ, ਉਸ ਵੱਲ ਦੇਖਦਾ ਰਿਹਾ। ਫੇਰ ਅੱਗੇ ਵਧ ਕੇ ਵਿਭਾ ਦੇ ਵਾਲ ਆਪਣੇ ਬੁੱਕ ਵਿਚ ਭਰ ਲਏ, “ਇੰਜ ਲੱਗਦਾ ਏ, ਪਵਿੱਤਰ ਬਾਈਬਲ ਦੇ ਪੰਨੇ ਹਵਾ ਵਿਚ ਉੱਡ ਰਹੇ ਨੇ...ਏਨੇ ਪਾਕ...ਏਨੇ ਕੁਆਰੇ!”
ਵਿਭਾ ਨੇ ਹੱਸ ਕੇ ਕਿਹਾ, “ਅੱਛਾ ਅੱਛਾ, ਹੁਣ ਇਹ ਦਸੋ ਬਈ ਚੱਲਣਾ ਕਿੱਥੇ ਈ?”
“ਹੋਰ ਕਿੱਥੇ, ਆਪਣੀ ਫੇਵਰੇਟ ਜਗ੍ਹਾ¸ ਗੰਗਾ ਦੇ ਕਿਨਾਰੇ।” ਤੇ ਦੋਏ ਤੁਰ ਗਏ।
***

ਰਾਤ ਦੇ ਜਾਮ ਵਿਚ, ਸ਼ਾਮ ਲਗਪਗ ਢਲ ਚੁੱਕੀ ਸੀ। ਸਾਫ ਪਾਰਦਰਸ਼ੀ ਸ਼ੀਸ਼ੇ ਉੱਤੇ ਜਿਵੇਂ ਕਿਸੇ ਨੇ ਕਾਲਖ਼ ਮਲ ਦਿੱਤੀ ਹੋਵੇ ਤੇ ਪਿੱਛੇ ਇਕ ਦੀਵਾ ਬਾਲ ਦਿੱਤਾ ਹੋਵੇ। ਦੋਏ ਪੁਰਾਣੀਆਂ, ਟੁੱਟੀਆਂ-ਭੱਜੀਆਂ ਪੌੜੀਆਂ ਉੱਤੇ ਬੈਠ ਗਏ। ਨਹਾਉਣ ਵਾਲਿਆਂ ਦੀਆਂ ਟੋਲੀਆਂ ਜਾ ਚੁੱਕੀਆਂ ਸਨ।
ਜਾਨ ਨੇ ਵਿਭਾ ਦੀਆਂ ਉਂਗਲਾਂ ਨੂੰ ਆਪਣੀਆਂ ਉਂਗਲਾਂ ਦੀ ਕੈਦ ਵਿਚ ਲੈ ਕੇ ਕਿਹਾ, “ਦੇਖ, ਉਸ ਕਿਨਾਰੇ 'ਤੇ ਇਕ ਨਾਜ਼ੁਕ ਜਿਹੀ ਰੌਸ਼ਨੀ ਜਗਮਗਾ ਰਹੀ ਐ ਤੇ ਜਦੋਂ ਕੋਈ ਔਰਤ ਫਿੱਕੇ ਰੰਗ ਦਾ ਟਿੱਕਾ ਲਾਉਂਦੀ ਐ ਤਾਂ ਮੈਨੂੰ ਲੱਗਦੈ, ਉਸ ਦੇ ਮੱਥੇ ਉੱਤੇ ਸਵੇਰ ਚਿਪਕੀ ਹੋਈ ਐ। ਉਸ ਪਾਰ ਦੀ ਇਹ ਰੌਸ਼ਨੀ, ਚੜ੍ਹਦੀ ਸਵੇਰ ਵਰਗੀ ਐ...ਹੈ ਨਾ? ਕਿੰਨੀ ਨਿਰਮਲ ਤੇ ਕਿੰਨੀ ਪਵਿੱਤਰ!”
“ਤੂੰ ਤੇ ਸ਼ਾਇਰ ਬਣ ਗਿਆ ਏਂ।”
“ਉਂ-ਹੂੰ, ਮੈਂ ਤਾਂ ਉਹੀ ਵੈਲਫੇਅਰ ਅਫਸਰ ਆਂ¸ ਪਰ ਇਸ ਵੇਲੇ ਸ਼ਾਇਦ ਕੀਟਸ, ਵਰਡਸਵਰਥ ਜਾਂ ਫੇਰ ਬਾਇਰਨ ਦੀ ਆਤਮਾਂ ਘੁੰਮ ਰਹੀ ਐ ਮੇਰੇ ਇਰਦ-ਗਿਰਦ।”
ਉਠਦਿਆਂ ਹੋਇਆਂ ਵਿਭਾ ਬੋਲੀ, “ਮਾਈ ਗਾਡ! ਫੇਰ ਤਾਂ ਸਾਨੂੰ ਇੱਥੋਂ ਚਲਣਾ ਚਾਹੀਦਾ ਏ। ਪ੍ਰੇਤਾਂ ਨਾਲ ਰਹਿਣ ਦੀ ਮੈਨੂੰ ਆਦਤ ਨਹੀਂ।”
“ਸੱਚ?” ਤੇ ਜਾਨ ਨੇ ਉਸ ਨੂੰ ਖਿੱਚ ਕੇ ਹੋਰ ਨੇੜੇ ਬਿਠਾ ਲਿਆ। ਫੇਰ ਹੌਲੀ-ਹੌਲੀ ਉਸਦੇ ਉੱਡਦੇ ਹੋਏ ਵਾਲ ਮਹਿਕਣ ਲੱਗੇ। ਖੁਸ਼ਬੂ ਦਾ ਹੜ੍ਹ ਜਿਹਾ ਆ ਗਿਆ ਤੇ ਜਾਨ ਦੀਆਂ ਉਂਗਲਾਂ ਉਸ ਖੁਸ਼ਬੂ ਦਾ ਆਨੰਦ ਮਾਨਣ ਲੱਗੀਆਂ।
ਵਿਭਾ ਨੇ ਆਪਣਾ ਸਿਰ ਜਾਨ ਦੀ ਛਾਤੀ ਉਪਰ ਟਿਕਾਅ ਲਿਆ, “ਇੰਜ ਕਿਉਂ ਮਹਿਸੂਸ ਹੋਣ ਲੱਗ ਪੈਂਦਾ ਏ ਜਾਨ?”
ਤੇ ਫੇਰ ਅਜਿਹੀਆਂ ਕਿੰਨੀਆਂ ਹੀ ਅਰਥਹੀਣ ਗੱਲਾਂ ਬੁੜਬੁੜਾਹਟ ਵਿਚ ਬਦਲਦੀਆਂ ਰਹੀਆਂ। ਜਾਨ ਨੇ ਕਿਹਾ, “ਜਾਣਦੀ ਏਂ ਵਿਭਾ, ਸੰਸਾਰ ਦੀ ਪਹਿਲੀ ਪ੍ਰਮਿਕਾ ਕੌਣ ਸੀ?”
“ਉਂ-ਹੂੰ!”
“ਖਾਸਾ ਚਿਰ ਪਹਿਲਾਂ ਕਿਸੇ ਪਹਾੜੀ ਦੀ ਖੋਹ ਵਿਚ ਇਕ ਇਨਸਾਨ ਰਹਿੰਦਾ ਸੀ। ਉਸ ਤੋਂ ਕੁਝ ਦੂਰ ਦੂਜਾ, ਫੇਰ ਤੀਜਾ...ਪਰ ਆਪਸ ਵਿਚ ਉਹ ਗੱਲਬਾਤ ਨਹੀਂ ਸੀ ਕਰਦੇ ਹੁੰਦੇ¸ ਇਕ ਦੂਜੇ ਦੀ ਬੋਲੀ ਹੀ ਨਹੀਂ ਸਨ ਸਮਝਦੇ!
“ਉਹ ਇਕੱਲਾ ਆਦਮੀ ਸਾਰਾ ਦਿਨ ਜੰਗਲ ਵਿਚ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦਾ, ਉਹਨਾਂ ਨੂੰ ਘਸੀਟ ਕੇ ਖੋਹ ਤੱਕ ਲੈ ਆਉਂਦਾ ਤੇ ਫੇਰ ਚੁੰਡ-ਚੁੰਡ ਕੇ ਖਾ ਜਾਂਦਾ। ਇਹ ਪੇਟ ਦੀ ਭੁੱਖ ਸੀ, ਤੇ ਇੰਜ ਬੁਝ ਜਾਂਦੀ ਸੀ। ਪਰ ਜਦੋਂ ਜਿਸਮਾਨੀ ਭੁੱਖ ਜਾਗਦੀ ਤਾਂ ਇੰਜ ਹੀ ਸ਼ਿਕਾਰ ਕਰਦਾ¸ ਕਿਸੇ ਔਰਤ ਦਾ। ਉਸਨੂੰ ਜਬਰਦਸਤੀ ਘਸੀਟ ਕੇ ਝਾੜੀਆਂ ਤਕ ਲਿਆਉਂਦਾ ਤੇ ਜਿਵੇਂ ਜਾਨਵਰ ਦੇ ਮਾਸ ਨੂੰ ਖਾਂਦਾ, ਉਸੇ ਤਰ੍ਹਾਂ ਸਵਾਦ ਲੈ ਲੈ ਕੇ ਚੱਖਦਾ...ਪਰ ਸਿਰਫ ਚੱਖਦਾ, ਪਿਆਰ ਕੀ ਹੁੰਦਾ ਹੈ¸ ਇਸ ਭਾਵਨਾ ਪੱਖੋਂ ਕੋਰਾ ਹੋ ਕੇ।
“ਪਰ ਇਕ ਰਾਤ ਜਦੋਂ ਅੰਤਾਂ ਦੀ ਸਰਦੀ ਪੈ ਰਹੀ ਸੀ...ਬਰਫ਼ ਫੁੱਲਾਂ ਦੇ ਗੁੱਛਿਆਂ ਵਾਂਗ ਵਰ੍ਹ ਕੇ ਠੰਡ ਦੀ ਠਾਰੀ ਵਿਚ ਅਕੱਥ ਵਾਧਾ ਕਰ ਰਹੀ ਸੀ, ਤੇ ਸੌਣ ਦੀ ਲੱਖ ਕੋਸ਼ਿਸ਼ ਕਰਨ 'ਤੇ ਵੀ ਉਹ ਸੌਂ ਨਹੀਂ ਸੀ ਸਕਿਆ। ਉਸ ਨੇ ਸੋਚਿਆ, 'ਕਾਸ਼! ਇਸ ਵੇਲੇ ਉਸ ਨਾਲ ਕੋਈ ਹੁੰਦਾ, ਇਹ ਇਕੱਲਾਪਣ ਮੁੱਕ ਜਾਂਦਾ।' ਤੇ ਉਸਨੂੰ ਲੱਗਿਆ, ਇਕੱਲ ਦਾ ਅਹਿਸਾਸ ਵੀ ਇਕ ਤਰ੍ਹਾਂ ਦੀ ਭੁੱਖ ਹੀ ਹੈ...ਉਹ ਆਪਣੇ ਆਪ ਵਿਚ ਝੁਰਦਾ ਰਿਹਾ,  ਟੁੱਟਦਾ ਰਿਹਾ...।
“ਦੂਜੀ ਸਵੇਰ ਉਹ ਸ਼ਿਕਾਰ ਕਰਨ ਨਿਕਲਿਆ ਤਾਂ ਉਸਦੀ ਨਜ਼ਰ ਇਕ ਔਰਤ ਉੱਤੇ ਪਈ। ਉਸਨੇ ਪਛਾਣਿਆਂ¸ ਪਿੱਛਲੇ ਦਿਨੀਂ ਹੀ ਤਾਂ ਉਸਨੇ ਇਸ ਦਾ...ਉਦੋਂ ਉਹ ਡਰ ਕੇ ਭੱਜੀ ਸੀ, ਉਸ ਨੇ ਪਿੱਛਾ ਕਰਕੇ ਉਸ ਨੂੰ ਫੜ੍ਹਿਆ ਸੀ ਤੇ...ਪਰ ਅੱਜ ਪਤਾ ਨਹੀਂ ਕਿਉਂ ਉਸਦਾ ਦਿਲ ਨਹੀਂ ਕੀਤਾ ਕਿ ਉਹ ਇਸ ਔਰਤ ਦਾ ਸ਼ਿਕਾਰ ਕਰੇ। ਉਹ ਹੌਲੀ ਹੌਲੀ ਤੁਰਦਾ ਹੋਇਆ ਉਸਦੇ ਕੋਲ ਜਾ ਖੜ੍ਹਾ ਹੋਇਆ¸ ਇਸ ਵਾਰ ਉਹ ਵੀ ਨਹੀਂ ਭੱਜੀ, ਸਿਰਫ ਹਿਰਨੀ ਵਰਗੀਆਂ ਸਹਿਮੀਆਂ-ਅੱਖਾਂ ਨਾਲ ਉਸ ਨੂੰ ਦੇਖਦੀ ਰਹੀ। ਮਰਦ ਨੇ ਉਸਦੇ ਵਾਲਾਂ ਉੱਤੇ ਆਪਣਾ ਖੁਰਦਰਾ ਹੱਥ ਫੇਰਿਆ। ਉਹ ਜਿਵੇਂ ਖਿੜ-ਪੁੜ ਗਈ। ਉਸ ਦਾ ਖੁਰਦਰਾ ਹੱਥ ਉਸ ਨੂੰ ਸੂਲਾਂ ਵਾਂਗ ਚੁਭਿਆ ਵੀ ਨਹੀਂ।
“ਮਰਦ ਨੇ ਕਿਹਾ, 'ਡਰ ਨਾ ਹੁਣ ਕੋਈ ਤੇਰਾ ਸ਼ਿਕਾਰ ਨਹੀਂ ਕਰੇਗਾ। ਇਹ ਖੁਰਦਰੇ ਹੱਥ ਤੇਰੀ ਰੱਖਿਆ ਕਰਨਗੇ।'
“ਔਰਤ ਨੇ ਆਪਣਾ ਸਿਰ, ਬਿਨਾਂ ਸੋਚੇ ਸਮਝੇ ਉਸ ਦੀ ਛਾਤੀ ਉੱਤੇ ਟਿਕਾਅ ਦਿੱਤਾ। ਤੇ ਇਹੀ ਦੁਨੀਆਂ ਦੀ ਪਹਿਲੀ ਪ੍ਰੇਮਿਕਾ ਸੀ...ਪਹਿਲੀ ਪਤਨੀ, ਪਹਿਲੀ ਸੀਤਾ, ਪਹਿਲੀ ਜੁਲੇਖਾ, ਪਹਿਲੀ ਲੈਲਾ, ਪਹਿਲੀ ਜੁਲੀਅਟ...।”
ਵਿਭਾ ਨੇ ਜਾਨ ਵੱਲ ਦੇਖਿਆ ਤੇ ਫੇਰ ਆਪਣੇ ਆਪ ਉਸ ਦੀਆਂ ਪਲਕਾਂ ਲੋਅ ਵਾਂਗ ਕੰਬ ਕੇ ਬੰਦ ਹੋ ਗਈਆਂ। ਬੰਦ ਪਲਕਾਂ ਉੱਤੇ ਹੌਲੀ ਹੌਲੀ ਹੱਥ ਫੇਰਦਿਆਂ ਹੋਇਆਂ ਜਾਨ ਨੇ ਕਿਸੇ ਅੰਨ੍ਹੇ ਵਿਦਿਆਰਥੀ ਦੀ ਕਿਤਾਬ ਦੀ ਆਤਮਾਂ ਛੂਹ ਲਈ...“ਵਿਭਾ ਨਵੇਂ ਚੌਲਾਂ ਤੇ ਨਵੀਂ ਕੁੜੀ ਵਿਚ ਕੋਈ ਫ਼ਰਕ ਨਹੀਂ ਹੁੰਦਾ। ਨਵੇਂ ਚੌਲਾਂ ਵਿਚ ਏਨੀ ਖੁਸ਼ਬੂ ਹੁੰਦੀ ਏ ਕਿ ਕੋਈ ਉਹਨਾਂ ਨੂੰ ਧੋ ਕੇ ਨਹੀਂ ਬਣਾਉਂਦਾ। ਬਿਨਾਂ ਧੋਇਆਂ ਜੋ ਗੰਧ ਉਹਨਾਂ ਵਿਚ ਹੁੰਦੀ ਏ, ਉਹੀ ਆਤਮਾਂ ਦੀ ਸੁਗੰਧ ਹੁੰਦੀ ਹੈ...ਰੂਹ ਦੀ ਖੁਸ਼ਬੂ ਹੁੰਦੀ ਐ...ਇਸ ਨੂੰ ਓਵੇਂ ਹੀ ਰਣਿ ਦਿਓ। ਅੱਜ ਦਾ ਫ਼ੈਸ਼ਨ ਉਹਨਾਂ ਜਿਸਮਾਂ ਦੀ ਭੁੱਖ ਏ ਜਿਹਨਾਂ ਦੇ ਚੌਲਾਂ ਦੀ ਮਹਿਕ ਉੱਡ ਗਈ ਐ, ਉਹ ਇਸ ਫ਼ੈਸ਼ਨ ਦਾ ਭਰਮ ਪਾਲ ਕੇ ਨਵੇਂ ਚੌਲਾਂ ਦੀ ਗੰਧ ਪੈਦਾ ਕਰਨੀ ਚਾਹੁੰਦੇ ਨੇ...ਤੂੰ ਬੜੀ ਸਾਦੀ ਕੁੜੀ ਏਂ ਤੇ ਇਹੋ ਤੇਰੀ ਵਿਸ਼ੇਸ਼ਤਾ ਐ।”
ਉਦੋਂ ਹੀ ਨਦੀ ਵਿਚ ਕਿਤੇ ਕੋਈ ਮਲਾਹ ਗਾਉਣ ਲੱਗਾ...:
'ਸੋਨਵਾਂ ਫੁਲਲਿ ਸਰਿਸੋਇਯਾ ਕ ਬਿਰਵਾ
ਮਂਹਕਿ ਉਠਲਿ ਦੁਨੋ ਨਦਿਯਾ ਕ ਤਿਰਵਾ
ਉਮੜਲਿ ਰਸਵਾ ਕੇ ਧਾਰ...
ਭਰਿ ਉਠੇ ਰਸਵਾ ਸੇ ਰਸੇ-ਰਸੇ ਬਗਿਯਾ,
ਬਨਵਾਂ ਮੇਂ ਫਲਵਾ ਫੁਲੇ ਹੋ ਜਇਸੇ ਅਗਿਯਾ,
ਫੁਲਿ ਗਇਲੇ ਸੇਮਰਾ-ਅਂਗਾਰ...'
ਵਿਭਾ ਦੇ ਦੋਏ ਬੁੱਲ੍ਹ ਕੰਬਣ ਲੱਗ ਪਏ, ਜਿਵੇਂ ਕਿਸੇ ਨੇ ਕਿਤੇ ਢੇਰ ਸਾਰੀ, ਸਾਬਨ ਦੀ ਝੱਗ ਇਕੱਠੀ ਕਰ ਦਿੱਤੀ ਹੋਵੇ ਤੇ ਉਸ ਵਿਚ ਕੰਪਨ ਹੋ ਰਹੀ ਹੋਵੇ...ਜਾਨ ਨੂੰ ਲੱਗਿਆ, ਨਦੀ ਦੇ ਦੋਏ ਕਿਨਾਰਿਆਂ ਵਾਂਗ ਬੁੱਲ੍ਹਾਂ ਵਿਚਕਾਰ ਰਸ ਭਰਿਆ ਹੋਇਆ ਹੈ, ਦੋਏ ਪਾਸੇ ਅੱਗ ਦੇ ਫੁੱਲ ਲੰਮੀਆਂ ਕਤਾਰਾਂ ਵਿਚ ਖਿੜੇ ਹੋਏ ਨੇ...ਤੇ ਫੇਰ ਉਸ ਦੇ ਗਰਮ-ਗਰਮ ਸਾਹਾਂ ਨੂੰ ਵਿਭਾ ਨੇ ਮਹਿਸੂਸ ਕੀਤਾ। ਆਪਣੇ ਉੱਤੇ ਜਿਵੇਂ ਤਿਵੇਂ ਕਾਬੂ ਰੱਖ ਕੇ ਉਹ ਬੋਲੀ, “ਨੋ ਜਾਨ ਨੋ...ਟੂ-ਡੇ ਇਜ਼ ਸੰਡੇ। ਤੂੰ ਤਾਂ ਨਹਾਉਂਦਾ ਹੋਇਆ ਵੀ 'ਨੈਵਰ ਆਨ ਸੰਡੇ' ਦੀ ਧੁਨ ਵਜਾ ਰਿਹਾ ਸੈਂ।”
“ਉਂ-ਅ...”
“ਨਹੀਂ ਅੱਜ ਹੋਲੀ-ਡੇ ਹੈ, ਪਾਕ ਦਿਨ। ਇਸ ਪਵਿੱਤਰ ਦਿਨ ਨੂੰ ਗੁਨਾਹ ਨਾਲ ਗੰਦਾ ਨਾ ਕਰ, ਜਾਨ...।”
“ਗੁਨਾਹ ਕੇਹਾ? ਜੀਸਸ ਨੇ ਤਾਂ ਆਪ ਕਿਹਾ ਹੈ ਕਿ ਜੇ ਇਸ ਦਿਨ ਤੁਹਾਡੀ ਕੋਈ ਭੇਡ ਖੂਹ ਵਿਚ ਡਿੱਗ ਪਏ ਤਾਂ ਕੀ ਤੁਸੀਂ ਅਗਲੇ ਦਿਨ ਲਈ ਛੱਡ ਦਿਓਗੇ? ਵਿਭਾ ਇਹ ਪਾਕ ਦਿਨ ਆਦਮੀ ਲਈ ਬਣਾਏ ਗਏ ਨੇ, ਦਿਨਾਂ ਲਈ ਆਦਮੀ ਨਹੀਂ।”
ਵਿਭਾ ਦੀ ਆਵਾਜ਼ ਥਿੜਕ ਗਈ, “ਜਾਨ, ਬਾਈਬਲ ਦੀਆਂ ਗੱਲਾਂ ਨੂੰ ਤੂੰ ਸਿਰਫ ਇਸ ਕਰਕੇ ਗ਼ਲਤ ਰੰਗ ਦੇ ਰਿਹਾ ਏਂ ਕਿ ਹਜ਼ਾਰਾਂ ਸਾਲ ਪਿੱਛੇ ਜਾ ਕੇ ਅੱਜ ਫੇਰ ਤੂੰ ਇਕ ਔਰਤ ਦਾ ਸ਼ਿਕਾਰ ਕਰਨਾ ਚਾਹੁੰਦਾ ਏਂ। ਤੂੰ ਇਹ ਕਿਉਂ ਨਹੀਂ ਸਮਝਦਾ ਜਾਨ, ਕਿ ਔਰਤ ਇਕ ਜਾਲਮ ਤੇ ਬੁਰੇ ਪਤੀ ਨਾਲ ਉਮਰ ਕੱਟ ਲੈਂਦੀ ਐ, ਪਰ ਪਾਲੇ ਦੀ ਠਰੀ ਹੋਈ ਰਾਤ ਦਾ ਇਕੱਲਾਪਾ ਨਹੀਂ ਕੱਟ ਸਕਦੀ...ਮੈਂ...ਮੈਂ ਵੀ ਤੇਰੇ ਲਈ...ਪਰ ਇੰਜ ਨਹੀਂ। ਮੈਨੂੰ ਵੀ ਉਸ ਪਹਿਲੀ ਜੁਲੀਅਟ ਵਾਂਗ, ਪਹਿਲੀ ਸੀਤਾ ਵਾਂਗ, ਆਪਣੇ ਆਪ ਪਿੱਛੇ ਪਿੱਛੇ ਆਉਣ ਦਾ ਮੌਕਾ ਦੇਅ....।”
ਜਾਨ ਦੇ ਸਾਹਮਣਿਓਂ ਧੁੰਦ ਦਾ ਸੰਘਣਾ ਬੱਦਲ ਹਟ ਗਿਆ...ਤੇ ਉਦੋਂ ਹੀ ਗਲੀ ਦੀਆਂ ਬੱਤੀਆਂ ਜਗ ਪਈਆਂ...ਸਟਰੀਟ-ਲਾਈਟਸ¸ ਮੁੱਠੀਆਂ ਵਿਚ ਭਰ ਕੇ ਜਿਵੇਂ ਕਿਸੇ ਨੇ ਰੋਸ਼ਨੀ ਛਿੜਕ ਦਿੱਤੀ ਹੋਵੇ।
ਵਿਭਾ ਨੇ ਇਕ ਉਂਗਲ ਦਾ ਇਸ਼ਾਰਾ ਕਰਕੇ ਕਿਹਾ, “ਉਧਰ ਦੇਖ ਰਿਹਾ ਏਂ, ਕਿੰਨੇ ਘਰਾਂ ਦੇ ਪਿੱਛੇ ਚਰਚ ਹੈ। ਸਿਰਫ ਕਰਾਸ ਨਜ਼ਰ ਆ ਰਿਹਾ ਏ। ਪਰ ਜਦੋਂ ਵੀ ਮੈਂ ਕਰਿਸਚਿਨਾਂ ਨੂੰ ਦੇਖਦੀ ਆਂ...ਸੱਚ ਕਹਾਂ ਤਾਂ ਇੰਜ ਲੱਗਦਾ ਏ, ਜੀਸਸ ਨੇ ਜਿਹੜਾ ਖ਼ੂਨ ਡੋਲ੍ਹਿਆ ਸੀ¸ ਉਹ ਪਾਣੀ ਹੋ ਗਿਆ ਏ। ਪਰ ਜਦੋਂ ਵੀ ਮੇਰੀ ਨਜ਼ਰ ਸਲੀਬ ਉੱਤੇ ਪੈਂਦੀ ਏ, ਮਹਿਸੂਸ ਕਰਦੀ ਆਂ ਕਿ ਇਸ ਵਿਚੋਂ ਇਕ ਨਾ ਇਕ ਦਿਨ ਜ਼ਰੂਰ ਸਫ਼ੇਦੀ ਦੀ ਆਤਮਾਂ ਵਰਗਾ ਸਫ਼ੇਦ ਤੇ ਪਵਿੱਤਰ ਨੂਰ ਦਾ ਝਰਨਾ ਫੁੱਟੇਗਾ...ਜਿਸ ਵਿਚ ਅੱਜ ਦੀ ਸਭਿਅਤਾ, ਨਿਊ-ਲਾਈਟ, ਡੁੱਬ ਜਾਏਗੀ...ਚੋਰ-ਬਾਜ਼ਾਰੀ, ਖ਼ੂਨ, ਫਰੇਬ, ਸਿਆਸਤ...ਇਹਨਾਂ ਸਾਰੀਆਂ ਚੀਜਾਂ ਦਾ ਅੰਤ ਹੋ ਜਾਏਗਾ। ਉਹ ਸਾਰੀਆਂ ਵਸਤਾਂ ਜਿਹਨਾਂ ਨੂੰ ਅਸੀਂ ਆਪਣੀ ਤਰੱਕੀ ਸਮਝਦੇ ਆਂ।”
ਦੋਏ ਦੇਰ ਤੱਕ ਸਲੀਬ ਵੱਲ ਦੇਖਦੇ ਰਹੇ।
ਫੇਰ ਜਾਨ ਦਾ ਹੱਥ ਫੜੀ ਵਿਭਾ ਵਾਪਸੀ ਲਈ ਤੁਰ ਪਈ। ਕੋਲਤਾਰ ਦੀ ਕਾਲੀ ਸੜਕ ਉੱਤੇ ਰੋਸ਼ਨੀ ਦੀ ਚਾਦਰ ਵਿਛੀ ਹੋਈ ਸੀ।
***

ਤੀਜੀ ਕਿਸ਼ਤ :: ਜਾਗਦੀਆਂ ਅੱਖਾਂ ਦਾ ਸੁਪਨਾ… :: ਲੇਖਕ : ਰਾਬਿਨ ਸ਼ਾਹ ਪੁਸ਼ਪ

ਇਕ ਟੁੱਟੀ ਹੋਈ ਸਲੀਬ…:

ਅਨੁਵਾਦ : ਮਹਿੰਦਰ ਬੇਦੀ ਜੈਤੋ


ਇਸ ਤੋਂ ਪਹਿਲਾਂ ਕਿ ਆਸਮਾਨ ਦੀ ਹੱਥੇਲੀ ਉੱਤੇ ਕੋਈ ਮਹਿੰਦੀ ਰਚਾਅ ਦਵੇ, ਵਿਭਾ ਜਾਗ ਪਈ। ਜਾਨ ਨੇ ਸਵੇਰ ਦੀ ਗੱਡੀ ਜੋ ਫੜਨੀ ਸੀ। ਉਸ ਨੇ ਖਿੜਕੀ ਖੋਹਲ ਕੇ ਦੇਖਿਆ, ਘੋਸ਼ ਬਾਬੂ ਦਾ ਘਰ ਧੁੰਦ ਵਿਚ ਘਿਰਿਆ ਹੋਇਆ ਸੀ। ਇਕ ਹਾਰਿਆ ਜਿਹਾ ਘਰ...ਫੇਰ ਵੀ ਜੀਵਨ ਨਾਲ ਇੰਜ ਭਰਿਆ ਹੋਇਆ ਹੈ ਜਿਵੇਂ ਹਾਸਿਆਂ ਦੇ ਠਹਾਕਿਆਂ ਦਾ ਜਨਮ ਇਸੇ ਘਰ ਵਿਚੋਂ ਹੁੰਦਾ ਹੋਵੇ। ਵਿਭਾ ਸੋਚਦੀ ਰਹੀ¸ 'ਪਤਾ ਨਹੀਂ ਮੇਗੀ ਕਿੱਥੇ ਹੋਏਗੀ? ਉਸ ਦਿਨ ਪਿੱਛੋਂ ਦਿਖਾਈ ਵੀ ਤਾਂ ਨਹੀਂ ਦਿੱਤੀ!' ਕਈ ਵਾਰੀ ਉਸ ਨੇ ਇਸ ਉਮੀਦ ਨਾਲ ਖਿੜਕੀ ਖੋਹਲੀ ਸੀ ਕਿ ਸ਼ਾਇਦ...ਪਰ ਟੁੱਟਿਆ ਹੋਇਆ ਤਾਰਾ, ਫੇਰ ਕਦੋਂ ਆਪਣੀ ਜਗ੍ਹਾ ਦਿਖਾਈ ਦਿੰਦਾ ਹੈ?
ਵਿਭਾ ਨੇ ਬਿਸਤਰੇ ਤੋਂ ਰਿਬਨ ਚੁੱਕ ਕੇ ਵਾਲ ਬੰਨ੍ਹ ਲਏ। ਸੌਣ ਤੋਂ ਪਹਿਲਾਂ ਉਹ ਹਮੇਸ਼ਾ ਵਾਲ ਬੰਨ੍ਹ ਕੇ ਸੌਂਦੀ ਹੈ; ਇਹ ਉਸ ਦੀਆਂ ਖਾਸ ਆਦਤਾਂ ਵਿਚੋਂ ਇਕ ਹੈ। ਵਾਲ ਬੰਨ੍ਹਣ ਲਈ ਸ਼ੀਸ਼ੇ ਸਾਹਮਣੇ ਜਾਂਦੀ ਹੈ...ਇਕ ਦਿਨ ਜਾਨ ਨੇ ਉਸ ਦੇ ਚਿਹਰੇ ਉੱਤੇ ਹੱਥ ਫੇਰਦਿਆਂ ਕਿਹਾ ਸੀ¸ 'ਇਹ ਦੇਖ ਮੁਹਾਸੇ ਦਾ ਇਕ ਦਾਣਾ।'
'ਮੈਂ ਕੀ ਕਰਾਂ, ਹਟਦਾ ਈ ਨਹੀਂ। ਬਸੰਤ ਮਾਲਤੀ, ਲੈਕਟੋ ਕਲੇਮਾਇਨ ਤੇ ਵਟਨਾਂ ਸਭ ਕੁਝ ਤਾਂ ਲਾ ਰਹੀ ਆਂ।'
'ਤੂੰ ਸ਼ੀਸ਼ਾ ਦੇਖਣਾ ਛੱਡ ਦੇ...ਐਂਡ ਯੂ ਵਿੱਲ ਬੀ ਆਲ ਰਾਈਟ। ਸਾਡੇ ਬਜ਼ੁਰਗ ਕਹਿੰਦੇ ਸਨ, ਇਸ ਨਾਲ ਚਿਹਰੇ 'ਤੇ ਝੁਰੜੀਆਂ ਪੈ ਜਾਂਦੀਆਂ ਨੇ।'
'ਪਰ ਜਾਨ, ਇਹ ਸ਼ੀਸ਼ਾ ਦੇਖਣਾ ਕਿੰਜ ਛੱਡ ਦਿਆਂ ! ਬਰਥ-ਡੇ 'ਤੇ ਤੂੰ ਹੀ ਤਾਂ ਇਹ ਸ਼ੀਸ਼ਾ ਦਿੱਤਾ ਸੀ। ਜਦੋਂ ਵੀ ਇਸ ਵਿਚ ਆਪਣਾ ਚਿਹਰਾ ਦੇਖਦੀ ਆਂ, ਲੱਗਦਾ ਏ ਤੂੰ ਮੇਰੇ ਸਾਹਮਣੇ ਖੜ੍ਹਾ ਹੋਇਆ ਏਂ। ਤੇ ਫੇਰ ਜਿਸ ਰਾਤ ਇਸ ਨੂੰ ਦੇਖ ਕੇ ਨਹੀਂ ਸੌਂਦੀ, ਅਜੀਬ ਅਜੀਬ ਸੁਪਨੇ ਆਉਂਦੇ ਰਹਿੰਦੇ ਨੇ...ਤੇ ਦੇਖ ਕੇ ਸੌਂਦੀ ਹਾਂ ਤਾਂ ਲੱਗਦਾ ਹੈ, ਤੂੰ ਮੇਰੀਆਂ ਬੰਦ ਪਲਕਾਂ ਉਪਰ ਹੌਲੀ ਹੌਲੀ ਹੱਥ ਫੇਰ ਰਿਹਾ ਏਂ।'
ਜਾਨ ਨੇ ਉਸ ਨੂੰ ਨੇੜੇ ਖਿੱਚ ਕੇ ਕਿਹਾ, 'ਹੁਣ ਇਕ ਅੰਨ੍ਹੇ ਵਿਦਿਆਰਥੀ ਵਾਂਗ ਸਿਰਫ ਪੈਰਾਂ ਦੀ ਆਹਟ ਸੁਣਨ ਦੀ ਉਤਸੁਕਤਾ ਨਹੀਂ ਰਹੀ ਮੇਰੇ ਵਿਚ।'
ਵਿਭਾ ਤ੍ਰਬਕੀ।
ਉਸ ਨੇ ਰਿਬਨ ਹੋਰ ਕਸ ਲਿਆ। ਪਤਾ ਨਹੀਂ ਰਾਤ ਨੂੰ ਵਾਲ ਕਿੰਜ ਖੁੱਲ੍ਹ ਜਾਂਦੇ ਨੇ। ਫੇਰ ਕਿਚਨ ਵਿਚ ਜਾ ਕੇ ਸਟੋਵ ਬਾਲਿਆ। ਕੇਤਲੀ ਉੱਤੇ ਰੱਖ ਕੇ ਡੈਡੀ ਦੇ ਕਮਰੇ ਵਿਚ ਆਈ। ਡੈਡੀ ਹਮੇਸ਼ਾ ਵਾਂਗ ਮੂੰਹ-ਸਿਰ ਲਪੇਟੀ, ਸੁੱਤੇ ਹੋਏ ਸਨ। ਫੇਰ ਵਿਚਕਾਰਲੇ ਕਮਰੇ ਵਿਚ ਆਈ...ਜਾਨ ਨੂੰ ਦੇਖਦਿਆਂ ਹੀ ਉਸ ਨੂੰ ਹਾਸਾ ਆ ਗਿਆ। ਸਿਰਹਾਣਾ ਸਿਰ ਹੇਠੋਂ ਗਾਇਬ ਸੀ। ਉਸਨੂੰ ਜੱਫੀ ਪਾਈ ਪਿਆ ਸੀ ਉਹ। ਵਿਭਾ ਨੇ ਅੱਗੇ ਵਧ ਕੇ ਉਸਨੂੰ ਜਗਾਉਣਾ ਚਾਹਿਆ...ਵਧੀ, ਪਰ ਆਪਣੇ ਆਪ ਉਸ ਦੇ ਪੈਰ ਰੁਕ ਗਏ। ਉਸ ਦੇ ਬੁੱਲ੍ਹਾਂ ਉੱਤੇ ਨਿੱਕੇ ਨਿੱਕੇ ਬੂਟਿਆਂ ਵਰਗੀ ਮੁਸਕਰਾਹਟ ਪੈਦਾ ਹੋ ਗਈ...ਤੇ ਹੌਲੀ ਹੌਲੀ ਬਲਦੀਆਂ ਹੋਈਆਂ ਅਗਰਬੱਤੀਆਂ ਵਾਂਗ ਸੁਲਗਦੀ ਰਹੀ। ਉਹ ਪਰਤ ਕੇ ਡੈਡੀ ਦੇ ਕਮਰੇ ਵਿਚ ਚਲੀ ਗਈ। ਇਕੋ ਝਟਕੇ ਨਾਲ ਚਾਦਰ ਖਿੱਚ ਕੇ ਬੋਲੀ, “ਗੈੱਟ ਅੱਪ ਡੈਡੀ, ਇਟ ਇਜ਼ ਨਾਊ ਟੂ ਲੇਟ।”
ਮਿਸਟਰ ਬਰਾਉਨ ਹੜਬੜਾ ਕੇ ਉਠ ਬੈਠੇ, “ਰੀਅਲੀ?”
ਵਿਭਾ ਨੇ ਇਕ ਉਂਗਲ ਘੜੀ ਵੱਲ ਕਰ ਦਿੱਤੀ। ਮਿਸਟਰ ਬਰਾਉਨ ਉਠਣ ਲੱਗੇ ਤਾਂ ਉਸ ਨੇ ਕਿਹਾ, “ਡੈਡੀ, ਜਾਨ ਨੂੰ ਵੀ ਉਠਾ ਦਿਓ।”
ਫੇਰ ਉਸ ਨੇ ਯੁਜਿਨ ਨੂੰ ਝੰਜੋੜਿਆ।
ਉਸ ਨੇ ਕੱਛੂ ਵਾਂਗ ਆਪਣੇ ਹੱਥ ਪੈਰ ਸਮੇਟ ਲਏ।
ਵਿਭਾ ਬਨਾਉਟੀ ਗੁੱਸੇ ਨਾਲ ਬੋਲੀ, “ਆਲ ਰਾਈਟ, ਪਿਆ ਰਹਿ। ਅਸੀਂ ਸਟੇਸ਼ਨ ਜਾ ਰਹੇ ਆਂ।”
ਉਹ ਹੜਬੜਾ ਕੇ ਉਠ ਗਿਆ, “ਗੁੱਡ ਮਾਰਨਿੰਗ, ਦੀਦੀ।”
“ਗੁੱਡ ਮਾਰਨਿੰਗ, ਜਾਹ, ਜਾਨ ਅੰਕਲ ਨਾਲ ਮੂੰਹ ਹੱਥ ਧੋ ਲੈ।”
ਤੇ ਉਹ ਕਿਚਨ ਵਿਚ ਆ ਕੇ ਨਾਸ਼ਤਾ ਬਨਾਉਣ ਲੱਗ ਪਈ।
ਫੇਰ ਚਾਹ ਲਈ ਸਾਰੇ ਟੇਬਲ ਗਿਰਦ ਆ ਗਏ। ਪਰ ਯੁਜਿਨ ਨਹੀਂ ਆਇਆ।
“ਡੈਡੀ, ਯੁਜਿਨ ਕਿੱਥੇ ਐ?”
“ਮੈਨੂੰ ਤਾਂ ਨਜ਼ਰ ਨਹੀਂ ਆਇਆ ਬੇਬੀ।”
ਉਦੋਂ ਹੀ ਜਾਨ ਨੇ ਕਿਹਾ, “ਥੋੜੀ ਦੇਰ ਪਹਿਲਾਂ ਉਸ ਨੇ ਰੇਡੀਓ ਆਨ ਕੀਤਾ ਸੀ...ਫੇਰ ਪਤਾ ਨਹੀਂ ਕੀ ਹੋਇਆ ਕਿ ਮੂੰਹ ਲਟਕਾਅ ਕੇ ਵਾਪਸ ਚਲਾ ਗਿਆ।”
ਮਿਸਟਰ ਬਰਾਉਨ 'ਹੋ-ਹੋ' ਕਰਕੇ ਹੱਸ ਪਏ, “ਅੱਜ ਕਿਸ ਮੀ ਆਨ ਮੰਡੇ ਵਾਲਾ ਗੀਤ ਨਹੀਂ ਆਇਆ ਹੋਏਗਾ। ਜਿਸ ਦਿਨ ਸਵੇਰੇ ਇਹ ਸੌਂਗ ਨਹੀਂ ਆਉਂਦਾ, ਉਹ ਇਵੇਂ ਉਦਾਸ ਹੋ ਜਾਂਦੈ।”
ਵਿਭਾ ਯੁਜਿਨ ਦੇ ਕਮਰੇ ਵਿਚ ਗਈ।
ਉਹ ਦੋਹਾਂ ਹੱਥੇਲੀਆਂ ਉੱਤੇ ਮੂੰਹ ਰੱਖੀ ਬੈਠਾ ਸੀ। ਕਿਸੇ ਅਬਾਬੀਲ ਵਾਂਗ ਉਸ ਦੀਆਂ ਇੱਛਾਵਾਂ ਫੜਫੜਾ ਰਹੀਆਂ ਸਨ।
ਵਿਭਾ ਨੇ ਕਿਹਾ, “ਚੱਲ ਭਰਾ ਨਾਸ਼ਤਾ ਕਰ ਲੈ। ਅੱਜ ਗੀਤ ਨਹੀਂ ਆਇਆ ਤਾਂ ਕੱਲ੍ਹ ਆ ਜਾਏਗਾ। ਆਪਣੇ ਅੰਕਲ ਨੂੰ ਛੱਡਣ ਨਹੀਂ ਜਾਣਾ?”
ਯੁਜਿਟ ਫੇਰ ਵੀ ਖਾਮੋਸ਼ ਰਿਹਾ, ਉਸ ਤਰ੍ਹਾਂ ਮਾਯੂਸ ਜਿਵੇਂ ਕੰਧ ਉੱਤੇ ਚਿਪਕਿਆ ਹੋਇਆ, ਕੋਈ ਪੁਰਾਣਾ, ਅੱਧ ਪਾਟਿਆ ਪੋਸਟਰ।
ਵਿਭਾ ਵੀ ਸ਼ਾਂਤ ਗੰਭੀਰ ਮੂੰਹ ਬਣਾ ਕੇ ਉਸ ਦੇ ਕੋਲ ਬੈਠ ਗਈ, “ਠੀਕ ਏ ਤੂੰ ਨਹੀਂ ਜਾਵੇਂਗਾ ਤਾਂ ਮੈਂ ਵੀ ਨਹੀਂ ਜਾਵਾਂਗੀ।” ਤੇ ਉਹ ਹੌਲੀ ਹੌਲੀ ਗੁਣਗੁਣਾਉਣ ਲੱਗੀ¸ 'ਕਿਸ ਮੀ ਆਨ ਏ ਮੰਡੇ...ਆਨ ਮੰਡੇ...ਐਂਡ ਇਟ ਇਜ਼ ਵੈਰੀ ਗੁੱਡ...'
ਯੁਜਿਨ ਨੇ ਆਪਣੀਆਂ ਨਿੱਕੀਆਂ ਨਿੱਕੀਆਂ ਬਾਹਾਂ ਵਿਭਾ ਦੇ ਗਲ਼ ਵਿਚ ਪਾ ਦਿੱਤੀਆਂ।
ਚਾਹ ਪਿੱਛੋਂ ਮਿਸਟਰ ਬਰਾਉਨ ਨੇ ਸਾਰਿਆਂ ਨੂੰ ਆਲਟਰ ਕੋਲ ਬੁਲਾਇਆ¸ “ਕਮ ਆਨ ਐਵਰੀ ਬਾਡੀ, ਲੇਟ ਅਸ ਪ੍ਰੇ...” ਸਾਰਿਆਂ ਦੀਆਂ ਨਿਗਾਹਾਂ ਆਲਟਰ ਉੱਤੇ ਸਨ...ਸੂਲੀ ਉੱਤੇ ਟੰਗੇ ਜੀਸਸ ਉਪਰ।
ਮਿਸਟਰ ਬਰਾਉਨ ਨੇ ਬਾਈਬਲ ਦੇ ਵਰਕੇ ਉਲਟੇ¸ 'ਇਫ ਐਨੀ ਮੈਨ ਕਮ ਆਫਟਰ ਮੀ, ਲੈੱਟ ਹਿੰਮ ਡਿਨਾਈ ਹਿੰਮਸੈਲਫ, ਐਂਡ ਟੇਕ ਅਪ ਹਿਜ਼ ਕਰਾਸ ਡੇਲੀ, ਐਂਡ ਫਾਲੋ ਮੀ।'
ਉਹਨਾਂ ਯੁਜਿਨ ਵੱਲ ਦੇਖਿਆ¸ “ਯੂ ਫਾਲੋ?”
ਉਹ ਚੁੱਪ ਰਿਹਾ।
“ਲਿਸਨ ਕਰਾਈਟ ਨੇ ਕਿਹਾ ਏ ...'ਜੋ ਕੋਈ ਮੇਰੇ ਪਿੱਛੇ ਆਉਣਾ ਚਾਹੇ, ਆਪਣੇ ਆਪੇ ਤੋਂ ਇਨਕਾਰ ਕਰੇ ਤੇ ਪ੍ਰਤੀ ਦਿਨ ਆਪਣੀ ਸਲੀਬ ਚੁੱਕੀ ਮੇਰੇ ਪਿੱਛੇ ਪਿੱਛੇ ਹੋ ਲਏ'... ਇਸ ਸਲੀਬ ਉੱਤੇ ਜੀਸਸ ਨੇ ਸਾਡੇ ਗੁਨਾਹਾਂ ਕਾਰਨ, ਸਾਡੀ ਭਲਾਈ ਖਾਤਰ, ਆਪਣੇ ਆਪ ਨੂੰ ਠੁਕ ਜਾਣ ਦਿੱਤਾ ਸੀ...ਜਿਹੜੇ ਦੂਜਿਆਂ ਲਈ, ਦੂਜਿਆਂ ਦੀ ਖੁਸ਼ੀ ਲਈ ਕੁਰਬਾਨ ਹੋ ਜਾਂਦੇ ਨੇ, ਉਹ ਅੰਦਰੇ ਅੰਦਰ ਇਸ ਸੂਲੀ 'ਤੇ ਚੜ੍ਹ ਕੇ, ਤਪਾਏ ਹੋਏ ਸੋਨੇ ਵਾਂਗ ਖਰੇ ਹੋ ਜਾਂਦੇ ਨੇ।”
ਫੇਰ ਪ੍ਰਾਰਥਨਾ ਕੀਤੀ ਗਈ ਕਿ ਜਾਨ ਦੀ ਯਾਤਰਾ ਸਫਲ ਹੋਏ¸ “ਆਮੀਨ!”
ਸਾਰੇ ਸਟੇਸ਼ਨ ਤਕ ਆਏ।
ਗੱਡੀ ਦੋ ਘੰਟੇ ਲੇਟ ਸੀ। ਮਿਸਟਰ ਬਰਾਉਨ ਭਾਰਤੀ ਰੇਲਵੇ ਨੂੰ ਖਰੀਆਂ-ਖੋਟੀਆਂ ਸੁਣਾਉਂਦੇ ਰਹੇ। ਫੇਰ ਉਹਨਾਂ ਦੀ ਨਜ਼ਰ ਇਕ ਪੋਸਟਰ ਉੱਤੇ ਪਈ। ਉਹਨਾਂ ਜਾਨ ਵੱਲ ਭੌਂ ਕੇ ਕਿਹਾ, “ਲੁਕ ਦੇਅਰ।”
ਜਾਨ ਨੇ ਦੇਖਿਆ, ਇਕ ਹੱਥ ਚੇਨ ਖਿੱਚ ਰਿਹਾ ਸੀ। ਉਸ ਦੇ ਹੇਠਾਂ ਲਿਖਿਆ ਸੀ¸ 'ਇਹਨਾਂ ਨੂੰ ਰੋਕੋ। ਬਿਨਾਂ ਕਾਰਨ ਇਹਨਾਂ ਕਰਕੇ ਤੁਹਾਨੂੰ ਦੇਰੀ ਹੁੰਦੀ ਹੈ ਤੇ ਇਹਨਾਂ ਨੂੰ ਵੀ।' ਹੇਠਾਂ ਕਈ ਤਸਵੀਰਾਂ ਸਨ...ਇਕ ਬੰਦੂਕਧਾਰੀ ਫੌਜੀ, ਇਕ ਡਾਕਟਰ, ਕਾਫੀ ਸਾਰੀਆਂ ਚਿੱਠੀਆਂ ਦਾ ਢੇਰ...।
ਮਿਸਟਰ ਬਰਾਉਨ ਨੇ ਕਿਹਾ, “ਅੱਜ ਕੱਲ੍ਹ ਦੇ ਸਟੂਡੈਂਟਸ ਕਰਕੇ ਇੰਜ ਹੁੰਦਾ ਐ...ਜਿੱਥੇ ਚਾਹਿਆ, ਗੱਡੀ ਰੋਕ ਲਈ। ਆਜ਼ਾਦੀ ਕੀ ਮਿਲੀ, ਪਿਓ ਦੀ ਗੱਡੀ ਹੋ ਗਈ...ਨਾਨਸੈਂਸ!”
ਵਿਭਾ ਥੋੜਾ ਜਿਹਾ ਮੁਸਕਰਾਈ। ਜਾਨ ਦੇ ਚਿਹਰੇ ਉੱਤੇ ਵੀ ਮੁਸਕਰਾਹਟ ਸੀ। ਦੋਹਾਂ ਨੇ ਜਿਵੇਂ ਮਨ ਹੀ ਮਨ ਕਿਹਾ, 'ਕਾਸ਼! ਗੱਡੀ ਦੋ ਘੰਟੇ ਹੋਰ ਲੇਟ ਹੋ ਜਾਂਦੀ।'
ਫੇਰ ਗੱਡੀ ਆਈ ਤੇ ਜਾਨ ਸਵਾਰ ਹੋ ਗਿਆ। ਧੂੰਏਂ ਦੇ ਛੱਲੇ ਕਦੀ ਵਿਭਾ ਨੂੰ ਏਨੇ ਬਲਵਾਨ ਨਹੀਂ ਸਨ ਲੱਗੇ...ਪਰ ਅੱਜ, ਇਹੀ ਨਿਰਬਲ ਛੱਲੇ ਵਿਭਾ ਦਾ ਇਕ ਅਤਿ ਸੁੰਦਰ ਸੁਪਨਾ ਲੈ ਕੇ ਉਡਣ ਲਈ ਤਿਆਰ ਸਨ...ਫੇਰ ਇਕ ਜ਼ੋਰਦਾਰ ਵਿਸਲ ਗੂੰਜੀ, ਇੰਜਨ ਨੇ ਕਾਫੀ ਸਾਰਾ ਧੂੰਆਂ ਉਗਲਿਆ...ਜਿਵੇਂ ਕਿਸੇ ਨੇ ਹੁਸੀਨ ਚਿੱਤਰ ਉੱਤੇ ਕਾਫੀ ਸਾਰਾ ਕਾਲ ਰੰਗ ਪੋਚ ਦਿੱਤਾ ਹੋਏ। ਤੇ ਫੇਰ ਹੱਥ ਹਿੱਲਦੇ ਰਹੇ, ਕਾਫੀ ਦੇਰ ਤਕ ਹਿੱਲਦੇ ਰਹੇ।
ਡੈਡੀ ਨੇ ਕਿਹਾ, “ਕਮ ਆਨ ਬੇਬੀ।”
ਉਸ ਦੇ ਮੂੰਹੋਂ ਨਿਕਲ ਗਿਆ, “ਨੋ ਡੈਡੀ, ਦ ਹੈਂਡ ਇਜ ਸਟਿਲ ਵਿਜਿਬਲ।” ਤੇ ਉਸਦਾ ਹੱਥ ਹਿੱਲਦਾ ਰਿਹਾ।
***
ਮਿਸਟਰ ਬਰਾਉਨ ਰਾਤ ਦਿਨ ਤਿਆਰੀ ਵਿਚ ਜੁਟ ਗਏ।
ਹੁਣ ਸ਼ਾਦੀ ਵਿਚ ਦੇਰ ਹੀ ਕਿੰਨੀ ਸੀ! ਇਕ ਰਾਤ ਜਦੋਂ ਉਹ ਥੱਕ ਹਾਰ ਕੇ ਇਜੀ ਚੇਅਰ ਉੱਤੇ ਬੈਠੇ, ਉਂਘਦੇ ਜਿਹੇ ਸਿਗਰੇਟ ਪੀ ਰਹੇ ਸਨ ਤਾਂ ਉਹਨਾਂ ਦਾ ਇੰਜ ਥਕਾਣ ਵਿਚ ਡੁੱਬਿਆ ਚਿਹਰਾ ਦੇਖ ਕੇ ਵਿਭਾ ਦਾ ਰੋਣ ਨਿਕਲ ਗਿਆ।
ਉਸ ਨੇ ਹੌਲੀ ਜਿਹੇ ਉਹਨਾਂ ਦੇ ਸਿਰ ਉੱਤੇ ਹੱਥ ਰੱਖਿਆ। ਉਹ ਤ੍ਰਬਕ ਗਏ...“ਕੀ ਗੱਲ ਏ ਬੇਬੀ?”
“ਖਾਣਾ ਨਹੀਂ ਖਾਣਾ?”
“ਤੁਸੀਂ ਖਾ ਲਿਆ?”
“ਹਾਂ, ਯੁਜਿਨ ਤਾਂ ਸੌਂ ਵੀ ਗਿਆ ਏ। ਕਾਫੀ ਦੇਰ ਤਕ ਤੁਹਾਡਾ ਇੰਤਜਾਰ ਕਰਦਾ ਰਿਹਾ।”
ਸਿਗਰੇਟ ਦਾ ਇਕ ਲੰਮਾਂ ਸੂਟਾ ਖਿੱਚ ਕੇ ਉਹਨਾਂ ਬਚੇ ਹੋਏ ਟੁਕੜੇ ਨੂੰ ਐਸਟਰੇ ਵਿਚ ਸੁੱਟ ਦਿੱਤਾ।
“ਇੱਥੇ ਹੀ ਲੈ ਆ ਬੇਬੀ।” ਤੇ ਉਹ ਹੱਥ ਧੋਣ ਲਈ ਬਾਥਰੂਮ ਵਿਚ ਚਲੇ ਗਏ।
ਆਏ ਤਾਂ ਮੇਜ਼ ਉੱਤੇ ਖਾਣਾ ਲੱਗਿਆ ਹੋਇਆ ਸੀ। ਉਹ ਰੋਟੀਆਂ ਦੇ ਕਿਨਾਰੇ ਲਾਹ ਕੇ ਇਕ ਪਾਸੇ ਰੱਖਦੇ ਤੇ ਵਿਚਕਾਰਲਾ ਹਿੱਸਾ ਖਾਂਦੇ ਰਹੇ। ਬਿਲਕੁਲ ਹੌਲੀ-ਹੌਲੀ।
ਵਿਭਾ ਨੇ ਮਹਿਸੂਸ ਕੀਤਾ ਅੱਜ ਰੋਟੀਆਂ ਫੇਰ ਕਰੜੀਆਂ ਬਣ ਗਈਆਂ ਨੇ। ਨਾਲੇ ਉਂਜ ਵੀ ਡੈਡੀ ਦੇ ਦੰਦ...ਉਸ ਨੇ ਕਿਹਾ, “ਡੈਡੀ, ਹੁਣ ਤੁਸੀਂ ਰੋਟੀ ਛੱਡ ਦਿਓ। ਕੱਲ੍ਹ ਤੋਂ ਮੈਂ ਚਾਵਲ ਬਣਾਅ ਦਿਆ ਕਰਾਂਗੀ, ਖੂਬ ਨਰਮ ਮੁਲਾਇਮ।”
ਮਿਸਟਰ ਬਰਾਉਨ ਖਾਂਦੇ ਖਾਂਦੇ ਹੀ 'ਹੋ-ਹੋ' ਕਰਕੇ ਹੱਸ ਪਏ। ਫੇਰ ਬੋਲੇ, “ਤੇਰੇ ਪੈਦਾ ਹੁੰਦਿਆਂ ਹੀ ਅਸਾਂ ਚਾਵਲ ਖਾਣੇ ਛੱਡ ਦਿੱਤੇ ਸਨ।”
“ਉਹ ਕਿਉਂ?”
“ਇਸ ਲਈ ਕਿ ਚੌਲਾਂ ਤੇ ਧੀਆਂ ਵਿਚ ਮੈਨੂੰ ਕੋਈ ਫ਼ਰਕ ਨਹੀਂ ਦਿਸਦਾ। ਕਿਸਾਨ ਇਕ ਪਿਓ ਵਾਂਗ ਹੀ ਉਹਨਾਂ ਨੂੰ ਪਾਲਦਾ-ਪੋਸਦਾ, ਵੱਡਿਆਂ ਕਰਦਾ ਹੈ ਤੇ ਲਹਿਲਹਾਂਦਿਆਂ ਦੇਖ ਕੇ ਖੁਸ਼ ਹੁੰਦਾ ਐ...ਫੇਰ...ਬੇਬੀ, ਫੇਰ ਆਪਣੇ ਹੱਥੀਂ ਕੱਟ ਕੇ ਕਿਸੇ ਸ਼ਹਿਰ ਦੀ ਪਰਾਈ ਗੱਡੀ ਚੜ੍ਹਾ ਕੇ ਵਿਦਾ ਕਰ ਦਿੰਦਾ ਐ...ਤੇ ਆਪ ਗੱਡੀ ਦਾ ਪਹੀਆ ਧਰੀਕਦਾ ਕੁਝ ਦੂਰ ਜਾਂਦਾ ਏ ਤੇ ਖ਼ਾਲੀ ਹੱਥੀਂ ਵਾਪਸ ਪਰਤ ਆਉਂਦਾ ਐ...।”
ਮਿਸਟਰ ਬਰਾਉਨ ਦੀਆਂ ਅੱਖਾਂ ਸਿਜੱਲ ਹੋ ਗਈਆਂ ਤੇ ਹੰਝੂਆਂ ਨੂੰ ਛਿਪਾਉਣ ਲਈ ਉਹ ਪਲੇਟ ਚੁੱਕ ਦੇ ਜ਼ੋਰ ਨਾਲ ਦਾਲ ਦੇ ਸੁੜਾਕੇ ਮਾਰਨ ਲੱਗ ਪਏ। ਜਦੋਂ ਉਹਨਾਂ ਨੇ ਪਲੇਟ ਰੱਖੀ, ਵਿਭਾ ਨੂੰ ਲੱਗਿਆ, ਅੱਖਾਂ 'ਚੋਂ ਹੰਝੂ ਡਿੱਗੇ ਸਨ ਤੇ ਡੈਡੀ ਨੇ ਉਹਨਾਂ ਨੂੰ ਵੀ ਪੀ ਲਿਆ ਸੀ।...ਪਲਕਾਂ ਅਜੇ ਵੀ ਸਿੱਜਲ ਸਨ।
***

ਸਮਾਂ ਬੀਤਦਾ ਰਿਹਾ।
ਆਪਣੀ ਵਿਭਾ ਲਈ ਮਿਸਟਰ ਬਰਾਉਨ ਖੁਸ਼ੀਆਂ ਦੀਆਂ ਪੰਡਾਂ ਬੰਨ੍ਹਦੇ ਰਹੇ, ਪਰ ਇਕ ਦਿਨ ਅੱਥਰੂਆਂ ਦਾ ਹੜ੍ਹ ਆ ਗਿਆ। ਮਿਸਟਰ ਬਰਾਉਨ ਨੂੰ ਦਿਲ ਦਾ ਦੌਰਾ ਪਿਆ ਤੇ ਵਿਭਾ ਨੂੰ ਇੰਜ ਲੱਗਿਆ, ਖੁਸ਼ੀਆਂ ਰੂਪੀ ਸਹੇਲੀਆਂ ਉਸ ਦਾ ਹੱਥ ਫੜ੍ਹਨ ਤੋਂ ਪਹਿਲਾਂ ਹੀ ਛੱਡ ਕੇ ਦੂਰ ਚਲੀਆਂ ਗਈਆਂ ਨੇ।
ਯੁਜਿਨ ਨੂੰ ਜਿਵੇਂ ਬਿਜਲੀ ਦਾ ਝੱਟਕਾ ਵੱਜਿਆ ਹੋਏ, ਰੋ-ਰੋ ਕੇ ਬੁਰੇ ਹਾਲ ਹੋ ਗਏ ਸਨ।
ਉਸ ਨੂੰ ਆਪਣੀ ਹਿੱਕ ਨਾਲ ਘੁੱਟ ਕੇ ਵਿਭਾ ਨੇ ਕਿਹਾ, “ਰੋ ਨਾ ਭਰਾ, ਰੋ-ਨਾ। ਮੈਂ ਹਾਂ ਨਾ...ਬਸ, ਚੁੱਪ ਕਰ ਜਾ ਮੇਰਾ ਵੀਰਾ।”
ਪਰ ਉਸ ਦੀਆਂ ਆਪਣੀਆਂ ਅੱਖਾਂ ਆਪ ਹੰਝੂਆਂ ਦੀ ਮਾਲਾ ਪਰੋ ਰਹੀਆਂ ਸਨ। ਯੁਜਿਨ ਰੋਂਦਾ ਰੋਂਦਾ ਉਠਦਾ, ਡੈਡੀ ਦੇ ਸਿਰਹਾਣੇ ਨਵੀਂਆਂ ਅਗਰਬੱਤੀਆਂ ਲਾ ਆਉਂਦਾ, ਕੋਈ ਮੋਮਬਤੀ ਬਲ ਕੇ ਮੁੱਕਣ ਵਾਲੀ ਹੁੰਦੀ ਤਾਂ ਨਵੀਂ ਬਾਲ ਦੇਂਦਾ। ਕਦੀ ਵਿਭਾ ਆਪਣੇ ਡੈਡੀ ਦੇ ਸਿਰ ਤੋਂ ਕੱਪੜਾ ਲਾਹ ਕੇ ਮੂੰਹ ਦੇਖਦੀ ਤੇ ਹੁਭਕੀਂ-ਹੁਭਕੀਂ ਰੋਣ ਲੱਗ ਪੈਂਦੀ, “ਡੈਡੀ, ਤੁਸੀਂ ਸਾਨੂੰ ਛੱਡ ਕੇ ਕਿਉਂ ਚਲੇ ਗਏ? ਤੁਸੀਂ ਤਾਂ ਕਿਹਾ ਸੀ 'ਹੁਣ ਮੈਂ ਬਿਨਾਂ ਸਾੜੇ ਟੋਸਟ ਲਾਹ ਲੈਂਦਾ ਆਂ...ਚਾਹ ਬਨਾਉਣੀ ਵੀ ਆ ਗਈ ਏ ਮੈਨੂੰ। ਹੁਣ ਤੈਨੂੰ ਇਸ ਘਰ 'ਚੋਂ ਵਿਦਾਅ ਕਰ ਦੇਣੈ...ਮੈਂ ਤੇ ਯੁਜਿਨ ਰਲ ਕੇ ਨਾਸ਼ਤਾ ਬਣਾਅ ਲਿਆ ਕਰਾਂਗੇ। ਡੈਡੀ ਤੁਸੀਂ ਹੀ ਚਲੇ ਗਏ, ਤੁਸੀਂ ਝੂਠੇ ਸੌ। ਤੁਸੀਂ ਮੈਨੂੰ ਝੂਠ ਕਿਹਾ ਸੀ...ਯੂ ਆਰ ਕਰੂਅਲ ਡੈਡੀ...ਕਰੂਅਲ!”
ਜਿਹਨਾਂ ਲੋਕਾਂ ਨੇ ਲਾਸ਼ ਦਾ ਇਸ਼ਨਾਨ ਕਰਵਾ ਕੇ ਸੈਂਟ ਵਗੈਰਾ ਛਿੜਕਿਆ ਸੀ, ਉਹ ਉਸ ਨੂੰ ਵੀ ਤੱਸਲੀਆਂ ਦੇਂਦੇ ਰਹੇ ਸਨ, 'ਜੇ ਇੰਜ ਤੂੰ ਹੀ ਮਨ ਛੋਟਾ ਕਰੀ ਰੱਖੇਂਗੀ ਤਾਂ ਯੁਜਿਨ ਦਾ ਕੀ ਬਣੇਗਾ?'
ਤੇ ਯੁਜਿਨ ਵਾਰੀ ਵਾਰੀ ਉਸ ਨੂੰ ਆਪਣੀਆਂ ਨਿੱਕੀਆਂ ਨਿੱਕੀਆਂ ਬਾਹਾਂ ਵਿਚ ਕੈਦ ਕਰਕੇ ਪੁੱਛਦਾ ਸੀ, “ਦੀਦੀ, ਡੈਡੀ ਸਾਨੂੰ ਛੱਡ ਕੇ ਕਿਉਂ ਚਲੇ ਗਏ ਨੇ? ਕਿੱਥੇ ਚਲੇ ਗਏ ਨੇ?”
ਫੇਰ ਸੂਰਜ ਡੁੱਬਨ ਤੋਂ ਪਹਿਲਾਂ ਕਰਿਸਚਿਨਾ ਦੀ ਇਕ ਭੀੜ, ਲਕੜੀ ਦਾ ਇਕ ਮਜ਼ਬੂਤ ਬਕਸਾ¸ ਕਾਫ਼ਿਨ-ਬਾਕਸ ਲੈ ਆਈ। ਉਸ ਵਿਚ ਮਿਸਟਰ ਬਰਾਉਨ ਨੂੰ ਰੱਖ ਦਿੱਤਾ ਗਿਆ। ਫੇਰ ਆਖਰੀ ਵਾਰ ਉਹਨਾਂ ਦੇ ਮੂੰਹ ਤੋਂ ਕੱਪੜਾ ਹਟਾਇਆ ਗਿਆ। ਸਾਰੇ ਲੋਕ ਵਾਰੀ ਵਾਰੀ ਅੰਤਮ ਦਰਸ਼ਨ ਕਰਨ ਲੱਗੇ। ਵਿਭਾ ਤੇ ਯੁਜਿਨ ਨੇ 'ਲਾਸਟ-ਕਿਸ' ਲਿਆ। ਫੇਰ ਉਪਰ ਢੱਕਣ ਰੱਖ ਕੇ ਪੇਚ ਕੱਸੇ ਜਾਣ ਲੱਗੇ। ਵਿਭਾ ਤੋਂ ਹੱਥ ਛੁਡਾਅ ਕੇ ਯੁਜਿਨ, ਡੈਡੀ ਦੇ ਤਾਬੂਤ ਨਾਲ ਸਿਰ ਮਾਰਨ ਲੱਗ ਪਿਆ।
ਵਿਭਾ ਤੋਂ ਦੇਖਿਆ ਨਹੀਂ ਗਿਆ, ਉਸ ਨੇ ਆਪਣਾ ਮੂੰਹ ਦੂਜੇ ਪਾਸੇ ਭੂੰਆਂ ਲਿਆ। ਪਰ ਉਧਰ ਕੰਧ ਉੱਤੇ ਇਕ ਪੇਂਟਿੰਗ ਲੱਗੀ ਹੋਈ ਸੀ। ਡੈਡੀ ਦੀ ਪਿਆਰੀ ਪੇਂਟਿੰਗ¸ 'ਸਟਿਲ-ਲਾਈਫ਼'। ਹੁਣ ਵਿਭਾ ਕੀ ਕਰੇ? ਕਿਸ ਪਾਸੇ ਦੇਖੇ? ਕਿੱਥੇ ਜਾਏ?
ਫੇਰ ਇਕ ਲੰਮੀ ਕਤਾਰ ਗ੍ਰੇਵ-ਯਾਰਡ ਵੱਲ ਤੁਰ ਚੱਲੀ। ਅੱਗੇ ਅੱਗੇ ਗੱਡੀ ਵਿਚ ਕਾਫਿਨ, ਪਿੱਛੇ ਪਿੱਛੇ ਕਾਲੇ ਕਪੜਿਆਂ ਵਿਚ ਗ਼ਮਗ਼ੀਨ ਫਯੂਨਰਲ-ਪਾਰਟੀ। ਕਬਰਸਤਾਨ ਵਿਚ ਜਾ ਕੇ ਭੀੜ ਰੁਕ ਗਈ। ਬਕਸਾ ਚਾਰ ਮੋਢਿਆਂ ਦੇ ਸਹਾਰੇ ਯਾਰਡ ਵਿਚ ਲਿਆਂਦਾ ਗਿਆ। ਕਬਰ ਪਹਿਲਾਂ ਹੀ ਪੁੱਟੀ ਜਾ ਚੁੱਕੀ ਸੀ। ਫੇਰ ਬਾਂਸ ਤੇ ਰੱਸੇ ਦੇ ਸਹਾਰੇ, ਬਕਸਾ ਹੌਲੀ ਹੌਲੀ ਕਬਰ ਵਿਚ ਉਤਾਰਿਆ ਜਾਣ ਲੱਗਾ ਤੇ ਇਕ ਸੁਰ ਕਬਰਸਤਾਨ ਦੀ ਸਿਸਕਦੀ ਹਵਾ ਵਿਚ ਘੁਲਣ ਲੱਗਿਆ...:
'ਸਲੀਪ ਦਾਈ ਲਾਸਟ ਸਲੀਪ,
ਫਰੀ ਫਰਾਮ ਕੇਅਰ ਐਂਡ ਸਾਰੀ,
ਰੇਸਟ ਵੇਅਰ ਨਨ ਵੀਪ¸
ਟਿਲ ਦ ਇਟਰਨਲ ਮਾਰੋ।'
***

ਰਾਤ ਦੀ ਚੁੱਪ ਖਾਸੀ ਗੂੜ੍ਹੀ ਸੀ।
ਕਈ ਈਸਾਈਆਂ ਨੇ ਵਿਭਾ ਨੂੰ ਆਪਣੇ ਘਰ ਚਲੇ ਚੱਲਣ ਲਈ ਕਿਹਾ, ਪਰ ਉਹ ਮੰਨੀ ਨਹੀਂ।
ਡੈਡੀ ਦੇ ਨਾਲ ਸੌਣ ਵਾਲਾ ਯੁਜਿਨ ਚੁੱਪ ਤੇ ਸ਼ਾਂਤ ਸੀ। ਜਿਵੇਂ ਮਿਸਟਰ ਬਰਾਉਨ ਨਾ ਮਰੇ ਹੋਣ, ਉਹ ਖ਼ੁਦ ਇਕ ਲਾਸ਼ ਹੋਏ। ਹਮੇਸ਼ਾ ਖਿੜਕੀ ਬੰਦ ਰੱਖਣ ਵਾਲੀ ਵਿਭਾ ਨੇ ਜਦੋਂ ਪੱਲੇ ਭੀੜੇ ਤਾਂ ਉਸ ਦਾ ਦਮ ਘੁਟਣ ਲੱਗ ਪਿਆ; ਉਸ ਨੇ ਖਿੜਕੀ ਖੋਹਲ ਦਿੱਤੀ।
ਉਸ ਦੀਆਂ ਅੱਖਾਂ ਵਿਚ ਆਸ ਦੀ ਇਕ ਜੋਤ ਜਗੀ, ਤੇ ਫੇਰ ਹਨੇਰੇ ਵਿਚ ਤਬਦੀਲ ਹੋ ਗਈ ਤੇ ਉਸ ਹਨੇਰੇ ਵਿਚ ਇਕ ਪ੍ਰਸ਼ਨ ਨੇ ਜਨਮ ਲਿਆ 'ਕੱਲ੍ਹ ਜਾਂ ਪਰਸੋਂ ਜਾਨ ਆ ਜਾਏਗਾ, ਉਸ ਨੂੰ ਤਾਰ ਦੇ ਦਿੱਤਾ ਗਿਆ ਹੈ...ਤਦ? ਤਦ ਉਹ ਕੀ ਫ਼ੈਸਲਾ ਲਏਗੀ? ਉਹ ਨਾਲ ਚੱਲਣ ਲਈ ਕਹੇਗਾ...'
ਤੇ ਜਿਵੇਂ ਹੀ ਉਸ ਦੀਆਂ ਪਲਕਾਂ ਦੇ ਨਜ਼ਦੀਕ ਨੀਂਦ ਆਈ ਉਸ ਨੂੰ ਲੱਗਿਆ ਯੁਜਿਨ ਕੁਰਲਾ ਰਿਹਾ ਹੈ¸ 'ਡੈਡੀ ਚਲੇ ਗਏ। ਕੱਲ੍ਹ ਜਾਨ ਅੰਕਲ ਆ ਕੇ ਤੈਨੂੰ ਲੈ ਜਾਣਗੇ...ਮੈਂ ਕਿੱਥੇ ਜਾਵਾਂਗਾ...ਕਿਸ ਕੋਲ ਰਹਾਂਗਾ ਦੀਦੀ?'
ਤ੍ਰਬਕ ਕੇ ਉਹ ਉਠ ਬੈਠੀ ਹੋਈ¸ ਯੁਜਿਨ ਘੂਕ ਸੁੱਤਾ ਹੋਇਆ ਸੀ।
ਉਸ ਨੇ ਫੇਰ ਸੌਣ ਦੀ ਕੋਸ਼ਿਸ਼ ਕੀਤੀ...ਪਰ ਨੀਂਦ ਨਹੀਂ ਆਈ। ਜਿੰਨੀ ਵਾਰੀ ਸੌਣ ਦੀ ਕੋਸ਼ਿਸ਼ ਕੀਤੀ...ਹਰ ਵਾਰੀ ਲੱਗਿਆ¸ ਉਹ ਅਨੇਕਾਂ ਸਲੀਬਾਂ ਵਿਚਕਾਰ ਘਿਰੀ ਹੋਈ ਹੈ। ਹਰ ਸਲੀਬ ਉੱਤੇ ਯੁਜਿਨ ਠੁਕਿਆ ਹੋਇਆ ਹੈ...ਉਸ ਦਾ ਦਮ ਘੁਟ ਰਿਹਾ ਹੈ, ਪਤਾ ਨਹੀਂ ਕਿਉਂ ਅਟਕ ਗਿਆ ਹੈ ਤੇ ਉਹ ਚੀਕ ਰਿਹਾ ਹੈ...'ਮੈਂ ਕਿਸ ਕੋਲ ਰਹਾਂਗਾ? ਕਿੱਥੇ ਜਾਵਾਂਗਾ ਦੀਦੀ?'
ਵਿਭਾ ਨੇ ਸੁੱਤੇ ਹੋਏ ਯੁਜਿਨ ਨੂੰ ਆਪਣੀ ਹਿੱਕ ਨਾਲ ਲਾ ਲਿਆ। ਜ਼ੋਰ ਨਾਲ ਘੁਟਿਆ । ਉਹ ਕਸਮਸਾ ਕੇ ਫੇਰ ਸੌਂ ਗਿਆ। ਵਿਭਾ ਨੇ ਮਹਿਸੂਸ ਕੀਤਾ ਸਲੀਬ ਟੁੱਟ ਕੇ ਡਿੱਗ ਰਹੀ ਹੈ, ਤੇ ਉਸਨੇ ਡਿੱਗਦੇ ਹੋਏ ਯੁਜਿਨ ਨੂੰ ਆਪਣੇ ਹੱਥ ਵਿਚ ਬੋਚ ਲਿਆ ਹੈ।
ਪਰ ਉਸਨੂੰ ਨੀਂਦ ਨਹੀਂ ਆਈ। ਉਹ ਸੋਚਦੀ ਰਹੀ¸ 'ਜਾਨ ਨੂੰ ਚੰਗੀ ਆਮਦਨ ਏ, ਉਹ ਸਾਨੂੰ ਦੋਹਾਂ ਨੂੰ ਰੱਖ ਲਏਗਾ। ਮੈਂ ਕਾਲਜ ਜਾਇਆ ਕਰਾਂਗੀ ਤੇ ਯੁਜਿਨ ਸਕੂਲ। ਇੰਜ ਮੇਰੇ ਭਰਾ ਦੀ ਪੜਾਈ ਜਾਰੀ ਰਹੇਗੀ...ਅਸੀਂ ਸਿਰਫ ਦੋ ਹੀ ਤਾਂ ਹਾਂ, ਜਾਨ ਉੱਤੇ ਜਿਆਦਾ ਬੋਝ ਵੀ ਨਹੀਂ ਪਏਗਾ।' ਉਸਦੇ ਮਨ ਦੇ ਆਸਪਾਸ ਤੱਸਲੀ ਤੇ ਸ਼ਾਂਤੀ ਦੀ ਮਹਿਕ ਫ਼ੈਲ ਗਈ...ਉੱਦੋਂ ਹੀ ਉਸਨੂੰ ਲੱਗਿਆ, ਚਿਹਰੇ 'ਤੇ ਪਿਆ ਇਹ ਖੁਸ਼ਬੂ ਦਾ ਹਾੜਾ, ਜ਼ਹਿਰ ਹੈ। ਇਸ ਖੁਸ਼ਬੂ ਦੀ ਤੈਹ ਵਿਚ ਇਕ ਲਾਸ਼ ਹੈ, ਜਿਸ ਵਿਚੋਂ ਬਦਬੂ ਉਠ ਰਹੀ ਹੈ...'ਹੁਣ ਤਾਂ ਤੂੰ ਯੁਜਿਨ ਨੂੰ ਲੈ ਜਾਏਂਗੀ, ਪਰ ਕੱਲ੍ਹ ਜਦੋਂ ਤੂੰ ਖ਼ੁਦ ਮਾਂ ਬਣੇਗੀ, ਫੇਰ? ਮੈਂ ਜਾਣਦਾਂ ਬੇਬੀ, ਔਰਤ ਦਾ ਪਿਆਰ ਵਿਆਹ ਤੋਂ ਪਹਿਲਾ ਵਗਦੇ ਹੋਏ ਪਾਣੀ ਵਰਗਾ ਹੁੰਦਾ ਏ...ਪਰ ਉਹ ਘਟ ਕੇ ਬਾਅਦ ਵਿਚ ਆਪਣੇ ਪਤੀ ਲਈ ਸੀਮਿਤ ਹੋ ਜਾਂਦਾ ਏ ਤੇ ਜਦੋਂ ਉਹ ਮਾਂ ਬਣ ਜਾਂਦੀ ਏ, ਤਦ ਇਕ ਥਾਂ ਜੰਮ ਕੇ ਬਰਫ਼ ਹੋ ਜਾਂਦਾ ਏ, ਖ਼ੁਦ ਉਸਦਾ ਪਤੀ ਤਰਸ ਜਾਂਦਾ ਏ...ਯੁਜਿਨ ਤਾਂ ਫੇਰ ਯੁਜਿਨ ਏ ।'  ਵਿਭਾ ਨੇ ਇਕ ਵਾਰ ਫੇਰ ਮਹਿਸੂਸ ਕੀਤਾ, ਟੁੱਟੀਆਂ ਹੋਈਆਂ ਸਲੀਬਾਂ ਉਸਦੇ ਗਿਰਦ ਘੇਰਾ ਘੱਤੀ ਖੜ੍ਹ੍ਹੀਆਂ ਨੇ।
ਸਾਰੀ ਰਾਤ ਉਹ ਸੌਂ ਨਹੀਂ ਸਕੀ।
ਸਵੇਰੇ ਰੋਸ਼ਨੀ ਦੀਆਂ ਬਾਹਾਂ ਹਮੇਸ਼ਾ ਵਾਂਗ ਖਿੜਕੀਆਂ 'ਚੋਂ ਅੰਦਰ ਵਲ ਵਧ ਆਈਆਂ। ਪਰ ਉਹਨਾਂ ਦਾ ਸਵਾਗਤ ਕਿਸੇ ਨਹੀਂ ਕੀਤਾ। ਸਾਰਾ ਘਰ ਜਿਵੇਂ ਜੂਏ ਵਿਚ ਹਰਿਆ ਹੋਇਆ ਸੀ। ਯੁਜਿਨ ਨੇ ਰੇਡੀਓ ਲਾ ਕੇ 'ਨੈਵਰ ਆਨ ਸੰਡੇ' ਵਾਲਾ ਗੀਤਾ ਨਹੀਂ ਸੁਣਿਆਂ...ਵਿਭਾ ਨੇ ਵੀ ਨਹੀਂ ਸੋਚਿਆ ਕਿ ਉਲਝੇ ਧਾਗੇ ਵਾਂਗ ਸਵੇਰ ਹੁਣ ਤਕ ਕਿੱਥੇ ਅਟਕੀ ਹੋਈ ਸੀ।
***

ਦਿਨ ਦੀ ਗੱਡੀ 'ਤੇ ਜਾਨ ਆ ਗਿਆ। ਉਹ ਅਕਸਰ ਇਸੇ ਗੱਡੀ 'ਤੇ ਆਉਂਦਾ, ਆਪਣੇ ਨਾਲ ਖੁਸ਼ੀਆਂ ਸਮੇਟ ਲਿਅਉਂਦਾ। ਅੱਜ ਉਸਨੂੰ ਦੇਖ ਕੇ ਕੋਈ ਉਸ ਨਾਲ ਨਹੀਂ ਲਿਪਟਿਆ, ਬਲਕਿ ਵਿਭਾ ਬੱਚਿਆਂ ਵਾਂਗ ਸਿਸਕਣ ਲੱਗ ਪਈ।  
“ਜਾਨ, ਜਾਨ! ਸਾਡੇ ਡੈਡੀ ਸਾਨੂੰ ਛੱਡ ਕੇ ਚਲੇ ਗਏ। ਡੈਡੀ ਨੇ ਮੈਨੂੰ ਝੂਠ ਕਿਹਾ ਸੀ ਕਿ ਕੁੜੀਆਂ,  ਚਾਵਲ ਹੁੰਦੀਆਂ ਨੇ ਤੇ ਪਿਤਾ ਕਿਸਾਨ। ਇਕ ਦਿਨ ਉਹਨਾਂ ਨੂੰ ਵਿਦਾਅ ਕਰਕੇ ਉਹ ਇਕੱਲਾ ਰਹਿ ਜਾਂਦਾ ਹੈ¸ ਬਿਲਕੁਲ ਇੱਕਲਾ! ਪਰ ਇਕੱਲੇ ਤਾਂ ਅਸਾਂ ਰਹਿ ਗਏ ਆਂ ਜਾਨ...ਸਾਡਾ ਹੁਣ ਕੋਈ ਨਹੀਂ।”
ਜਾਨ ਨੇ ਉਸਨੂੰ ਆਪਣੇ ਵਿਚ ਸਮੇਟ ਲਿਆ¸ “ਨੋ ਵਿਭਾ ਨੋ...ਡੋਂਟ ਕਰਾਈ...ਡੈਡੀ ਨੇ ਕੁਝ ਝੂਠ ਨਹੀਂ ਕਿਹਾ। ਉਹਨਾਂ ਤਾਂ ਸਿਰਫ ਤੈਥੋਂ ਵੱਖ ਹੋਣ ਦੀ ਗੱਲ ਕੀਤੀ ਸੀ। ਇੰਜ ਮਾਯੂਸ ਤੇ ਨਿਰਾਸ਼ ਹੋਣ ਨਾਲ ਜ਼ਿੰਦਗੀ ਨਾਰਾਜ਼ ਹੋ ਜਾਂਦੀ ਐ। ਪਾ ਕੇ ਤਾਂ ਸਾਰੇ ਹੀ ਖੁਸ਼ੀ ਖੁਸ਼ੀ ਜਿਉਂਦੇ ਨੇ,  ਗੰਵਾਅ  ਕੇ ਜਿਹੜਾ ਜਿਉਂਦਾ ਏ, ਉਹੀ ਜੀਸਸ ਹੈ। ਜੀਸਸ ਦੀ ਵੀ ਤਾਂ ਇਹੋ ਫਿਲਾਸਫੀ ਐ, ਕਿ ਜਿਹੜਾ ਥੋੜ੍ਹਾ ਜਿੰਨਾਂ ਵੀ ਗੰਵਾਉਂਦਾ ਹੈ, ਉਹੀ ਹਕੀਕਤ ਵਿਚ ਬਹੁਤ, ਬਹੁਤ ਹੀ ਕੁਝ ਪਾਉਂਦਾ ਹੈ।”¸ ਵਿਭਾ ਜਾਨ ਦੀ ਛਾਤੀ ਵਿਚ ਧਸ ਗਈ, ਜਿਵੇਂ ਉਹ ਛਾਤੀ ਨਾ ਹੋਵੇ ਗਿੱਲੀ ਮਿੱਟੀ ਹੋਵੇ।
***

ਦੋ ਦਿਨ ਬਾਅਦ ਜਾਨ ਨੇ ਫੇਰ ਉਹੀ ਪੁਰਾਣੀ ਗੱਲ ਕਹੀ ਤਾਂ ਵਿਭਾ ਚੁੱਪ ਰਹੀ। ਬਸ ਬਿਟਰ-ਬਿਟਰ ਇਕ ਬੱਚੇ ਵਾਂਗ ਆਲਟਰ ਵੱਲ ਦੇਖਦੀ ਰਹੀ, ਸਲੀਬ ਉੱਤੇ ਠੁਕੇ ਜੀਸਸ ਵੱਲ।
“ਆਖਰ ਤੂੰ ਸਮਝਦੀ ਕਿਉਂ ਨਹੀਂ? ਅਜੇ ਮੇਰੇ ਮੋਢੇ ਏਨੇ ਮਜ਼ਬੂਤ ਨੇ, ਕਿ ਮੈਂ ਤੁਹਾਡਾ ਦੋਹਾਂ ਦਾ ਭਾਰ...”
ਵਿਭਾ ਦੀਆਂ ਅੱਖਾਂ ਤੇ ਪਲਕਾਂ ਭਿੱਜ ਗਈਆਂ, “ਨਹੀਂ ਜਾਨ ਨਹੀਂ, ਅਸੀਂ ਤੇਰੇ ਨਾਲ ਨਹੀ ਜਾਵਾਂਗੇ! ਮੈਂ ਬੜਾ ਸੋਚ ਵਿਚਾਰ ਕੇ ਇਹ ਫੈਸਲਾ ਲਿਆ ਏ ਕਿ ਮੈਂ ਡੈਡੀ ਦੇ ਸੁਪਣਿਆਂ ਦੇ ਬਾਗ ਨੂੰ ਪਾਣੀ ਦਿਆਂਗੀ, ਸਿੰਜਾਂਗੀ ਤੇ ਵੱਡਾ ਕਰਕੇ ਲੈਕਚਰਰ ਬਣਾਵਾਂਗੀ...”
“ਪਰ ਵਿਭਾ ਇਹ ਕੰਮ ਤਾਂ ਉੱਥੇ ਵੀ ਹੋ ਸਕਦਾ ਏ।”
“ਤੇ ਜੇ ਅਸੀਂ...ਤੇ ਖਾਸ ਕਰਕੇ ਮੈਂ ਯੁਜਿਨ ਨੂੰ ਪਿਆਰ ਨਾ ਦੇ ਸਕੀ ਤਾਂ ਡੈਡੀ ਦੀ ਆਤਮਾਂ ਰੋਏਗੀ।”
“ਤੈਨੂੰ ਇਹੀ ਡਰ ਏ ਨਾ, ਕਿ ਆਪਣੇ ਬੱਚੇ ਹੋ ਜਾਣ 'ਤੇ ਸਾਡੇ ਮਨ ਵਿਚ ਯੁਜਿਨ ਲਈ ਪਿਆਰ ਘਟ ਜਾਏਗਾ...ਤਾਂ ਆਪਾਂ ਇੰਜ ਕਰਾਂਗੇ, ਕਿ ਉਸਨੂੰ ਬੋਰਡਿੰਗ ਭੇਜ ਦਿਆਂਗੇ। ਹਰ ਮਹੀਨੇ ਸਮੇਂ ਸਿਰ ਫੀਸ ਜਾਂਦੀ ਰਹੇਗੀ। ਉਹ ਉੱਥੇ ਹੀ ਪੜ੍ਹੇਗਾ, ਸਾਡੀ ਨਫ਼ਰਤ ਤੋਂ ਪਰ੍ਹੇ, ਵੱਡਾ ਹੋ ਕੇ ਲੈਕਚਰਰ ਬਣੇਗਾ।”
ਵਿਭਾ ਸਿਸਕਨ ਲੱਗੀ¸ “ਨਹੀਂ ਜਾਨ। ਈਸ਼ਵਰ ਦੇ ਲਈ ਇੰਜ ਨਾ ਕਹੋ, ਮੈਂ ਆਪਣੇ ਛੋਟੇ ਭਰਾ ਨੂੰ ਆਪਣੇ ਤੋਂ ਵੱਖ ਨਹੀਂ ਕਰਾਂਗੀ। ਮੈਂ ਆਪਣੇ ਹੱਥੀਂ ਆਪਣੀਆਂ ਖੁਸ਼ੀਆਂ ਦਫਨਾ ਦਿਆਂਗੀ...ਪਰ ਮੇਰਾ ਵਿਸ਼ਵਾਸ ਕਰੀਂ ਜਾਨ, ਮੈਂ ਸਿਰਫ ਤੈਨੂੰ ਚਾਹਿਆ ਏ, ਸਿਰਫ ਤੈਨੂੰ...ਜੇ ਨੌਂ-ਦਸ ਵਰ੍ਹੇ ਮੇਰਾ ਇੰਤਜ਼ਾਰ ਕਰ ਸਕੇਂ ਤਾਂ...”
ਜਾਨ ਦੀ ਆਵਾਜ਼  ਯਕਦਮ ਕਠੋਰ ਹੋ ਗਈ, “ਇਹ ਕੇਹਾ ਪਾਗਲਪਨ ਏਂ! ਤੂੰ ਮੇਰੇ ਮਨ ਦੀ ਭੁੱਖ ਏਂ ਵਿਭਾ। ਤੇ ਇਹ ਭੁੱਖ ਸਿਰਫ ਤੂੰ ਹੀ ਮਿਟਾਅ ਸਕਦੀ ਹੈਂ...ਪਰ  ਅਕਸਰ ਸਮੇਂ ਸਿਰ ਭੁੱਖ ਦੀ ਤਰਿਪਤੀ ਨਾ ਹੋਣ 'ਤੇ, ਭੁੱਖ ਮਰ ਜਾਂਦੀ ਹੁੰਦੀ ਐ। ਤੇ ਉਸਦੀ ਥਾਂ ਕੋਈ ਹੋਰ ਨਵੀਂ ਭੁੱਖ ਲੈ ਲੈਂਦੀ ਐ¸ ਤਨ ਦੀ ਭੁੱਖ। ਤੇ ਇਸ ਭੁੱਖ ਦੇ ਸਾਹਮਣੇ ਮੈਂ ਕੀ, ਸਾਰੇ ਪੁਰਸ਼ ਈ ਹਾਰਦੇ ਆਏ ਨੇ।”
ਵਿਭਾ ਨੇ ਰੋਂਦਿਆਂ ਰੋਂਦਿਆਂ ਕਿਹਾ¸ “ਜਾਨ! ਤੂੰ ਮੈਨੂੰ ਗਲਤ ਸਮਝ ਰਿਹਾ ਏਂ, ਮੈਂ ਤਾਂ ਸਿਰਫ ਇਕ ਭਰੇ ਹੋਏ ਪਰਸ ਵਾਂਗ ਆਂ, ਜਿਸਦੀ ਆਪਣੀ ਕੋਈ ਹਸਤੀ ਨਹੀਂ...ਕੁਦਰਤ ਦੀ ਇਹੀ ਖੇਡ ਐ, ਕਿ ਉਹ ਦੂਜਿਆਂ ਦੇ ਹੱਥੀਂ ਖਰਚ ਕੀਤਾ ਜਾਂਦਾ ਏ।”
ਤੇ ਫੇਰ ਜਾਨ ਚਲਾ ਗਿਆ।
ਵਿਭਾ ਨੂੰ ਲੱਗਿਆ, ਕੁਝ ਦਿਨ ਪਹਿਲਾਂ ਉਹ ਜਿਹਨਾਂ ਖਾਲੀ ਸਲੀਬਾਂ ਵਿਚਕਾਰ ਘਿਰੀ ਸੀ, ਅੱਜ ਉਹਨਾਂ ਵਿਚੋਂ ਕਿਸੇ ਇਕ ਉੱਤੇ ਟੰਗ ਦਿੱਤੀ ਗਈ ਹੈ।
***

ਚੌਥੀ ਕਿਸ਼ਤ :: ਜਾਗਦੀਆਂ ਅੱਖਾਂ ਦਾ ਸੁਪਨਾ… :: ਲੇਖਕ : ਰਾਬਿਨ ਸ਼ਾਹ ਪੁਸ਼ਪ

ਹਥੇਲੀਆਂ ਉਪਰ ਬੈਠੇ ਕੁਕਨੁਸ…:

ਅਨੁਵਾਦ : ਮਹਿੰਦਰ ਬੇਦੀ ਜੈਤੋ


ਜਿਵੇਂ ਪਹਾੜੀ ਉੱਤੇ ਹੌਲੀ ਹੌਲੀ ਬਰਫ਼ ਡਿੱਗ ਕੇ ਵਿਛ ਜਾਂਦੀ ਹੈ, ਸਮੇਂ ਦੀ ਹੱਥੇਲੀ ਤੋਂ ਰਾਤਾਂ ਲੰਘਦੀਆਂ ਰਹੀਆਂ...ਉਂਘਦੀਆਂ ਹੋਈਆਂ ਰਾਤਾਂ, ਜਾਗਦੀਆਂ-ਸੌਂਦੀਆਂ ਹੋਈਆਂ ਰਾਤਾਂ, ਰੋਂਦੀਆਂ ਹੋਈਆਂ ਰਾਤਾਂ। ਹਨੇਰੇ ਦੀ ਇਸੇ ਚਾਦਰ ਵਿਚ ਲਿਪਟ ਕੇ ਵਿਭਾ ਕਿਸੇ ਕੋਨੇ ਵਿਚ ਵਿਛ ਕੇ ਰਹਿ ਗਈ, ਜਿਵੇਂ ਇਮਤਿਹਾਨਾਂ ਦੀ ਕਿਸੇ ਲੰਮੀ ਕਤਾਰ ਵਿਚ ਖੜ੍ਹੀ ਹੋਵੇ...ਤੇ ਨੀਵੀਂ ਪਾ ਕੇ ਇਹ ਉਡੀਕ ਕਰ ਰਹੀ ਹੋਵੇ ਕਿ ਦੇਖੋ, ਕਦੋਂ ਉਸਨੂੰ ਆਵਾਜ਼ ਪੈਂਦੀ ਹੈ...ਪਰ ਜਦੋਂ ਵੀ ਉਹ ਅੱਖਾਂ ਚੁੱਕ ਕੇ ਦੇਖਦੀ ਹੈ, ਯਕਦਮ ਸਹਿਮ ਕੇ ਰਹਿ ਜਾਂਦੀ ਹੈ; ਅਜੇ ਉਹ ਸਮੇਂ ਨਾਲੋਂ ਖਾਸੀ ਪੱਛੜੀ ਹੋਈ ਹੈ, ਯੁਜਿਨ ਅਜੇ ਕਾਫੀ ਛੋਟਾ ਹੈ¸ ਪਰ  ਉਸਨੂੰ ਆਪਣੇ ਆਸ-ਪਾਸ ਦੇ ਹਨੇਰੇ ਤੋਂ ਭੈ ਨਹੀਂ ਆਉਂਦਾ; ਆਖਰੀ ਸਿਰੇ ਉੱਤੇ ਇਕ ਲੋਅ ਵਾਂਗ ਮੁਸਕਰਾਉਂਦਾ ਹੋਇਆ ਯੁਜਿਨ ਦਿਖਾਈ ਦੇਂਦਾ ਹੈ। ਤੇ ਫੇਰ ਉਸਨੂੰ ਜਾਨ ਯਾਦ ਆ ਜਾਂਦਾ ਹੈ, 'ਸਾਫ ਪਾਰਦਰਸ਼ੀ ਸ਼ੀਸ਼ੇ ਉੱਤੇ ਜਿਵੇਂ ਕਿਸੇ ਨੇ ਕਾਲਖ਼ ਮਲ ਕੇ ਪਿੱਛੇ ਇਕ ਦੀਵਾ ਰੱਖ ਦਿੱਤਾ ਹੋਵੇ...ਦੇਖ, ਉਸ ਕਿਨਾਰੇ ਉੱਤੇ ਇਕ ਨਾਜ਼ੁਕ ਜਿਹੀ ਰੋਸ਼ਨੀ ਜਗਮਗਾ ਰਹੀ ਹੈ। ਤੇ ਜਦੋਂ ਕੋਈ ਹਲਕੇ ਰੰਗ ਦਾ ਟਿੱਕਾ ਲਾਉਂਦੀ ਹੈ ਤਾਂ ਮੈਨੂੰ ਇੰਜ ਲੱਗਦਾ ਹੈ ਉਸਦੇ ਮੱਥੇ ਉੱਤੇ ਸਵੇਰ ਚਿਪਕੀ ਹੋਈ ਹੈ...ਉਸ ਪਾਰ ਦੀ ਇਹ ਰੋਸ਼ਨੀ ਉਸੇ ਸਵੇਰ ਵਰਗੀ ਹੈ, ਕਿੰਨੀ ਚਮਕੀਲੀ, ਕਿੰਨੀ ਪਵਿੱਤਰ!”
ਵਿਭਾ ਨੂੰ ਲੱਗਿਆ, ਉਸ ਪਾਰ ਦੀ ਰੋਸ਼ਨੀ ਯੁਜਿਨ, ਉਸਦੇ ਮੱਥੇ ਉੱਤੇ ਚਮਕਦਾ ਹੋਇਆ ਟਿੱਕਾ ਹੈ...ਸਮਾਂ ਖੁਦ-ਬ-ਖੁਦ ਅੱਗੇ ਵਧ ਕੇ ਇਸਨੂੰ ਉਸਦੇ ਮੱਥੇ ਉੱਤੇ ਚਿਪਕਾ ਦਵੇਗਾ...ਤੇ ਸੱਚਮੁੱਚ ਸਮਾਂ ਅੱਗੇ ਵਧਦਾ ਰਿਹਾ।
 ਘਰ ਦੀ ਬਚੀ ਖੁਚੀ ਪੂੰਜੀ ਘਟਦੀ ਗਈ।
ਵਿਭਾ ਨੂੰ ਅਹਿਸਾਸ ਹੋਇਆ, ਜਿੰਦਗੀ ਲਈ ਇਹ ਓਨੀ ਹੀ ਜਰੂਰੀ ਹੈ, ਜਿੰਨਾਂ ਸੋਚਣ ਲਈ ਦਿਮਾਗ਼ ਜਾਂ ਫੇਰ ਸ਼ਾਇਰੀ ਲਈ ਅਲਫ਼ਾਜ਼ (ਸ਼ਬਦ)!
ਉਸਨੇ ਇਕ ਅੰਗਰੇਜੀ ਸਕੂਲ 'ਨਾਟਰ-ਡੇਮ' ਵਿਚ ਨੌਕਰੀ ਕਰ ਲਈ, ਸਿਸਟਰਾਂ ਦੀ ਛਤਰ-ਛਾਇਆ ਮਿਲੀ ।
ਇਕ ਦਿਨ ਉਸਨੇ ਆਇਆ ਨੂੰ ਕਿਹਾ¸ “ਆਇਆ, ਹੁਣ ਅਸੀਂ ਸਿਰਫ ਦੋ ਜਣੇ ਰਹਿ ਗਏ ਆਂ, ਬਹੁਤਾ ਕੰਮ ਵੀ ਨਹੀਂ ਰਿਹਾ...”
“ਤੁਮ ਕਿਆ ਬੋਲਨਾ ਮਾਂਗਤਾ ਮਿਸ ਬਾਬਾ?”
“ਕੁਛ ਨਹੀਂ...ਕੁਛ ਨਹੀਂ ਆਇਆ...ਹੁਣ ਘਰ ਕਿੰਨਾ ਛੋਟਾ ਜਿਹਾ ਲੱਗਣ ਲੱਗ ਪਿਆ ਏ!” ਉਸਨੇ ਗੱਲ ਨੂੰ ਮੋੜ ਦੇਣ ਦੀ ਅਸਫਲ ਕੋਸ਼ਿਸ਼ ਕੀਤੀ। ਉਸਦੀ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਉਹ ਆਇਆ ਨੂੰ ਵਿਚਲੀ ਗੱਲ ਕਿੰਜ ਆਖੇ?...ਜਦੋਂ ਵੀ ਮੂੰਹ ਖੋਹਲਣਾ ਚਾਹੁੰਦੀ...ਜਬਾਨ ਦੀ ਕਿਤਾਬ ਨੂੰ ਜਿਵੇਂ ਕੋਈ ਮਜ਼ਬੂਤੀ ਨਾਲ ਠੱਪ ਦੇਂਦਾ। ਉਹ ਕੁਝ ਵੀ ਨਾ ਕਹਿ ਸਕਦੀ।
ਆਇਆ ਕੰਮ ਕਰਦੀ ਰਹੀ।
ਪਰ ਵਿਭਾ ਨੂੰ ਅੰਦਰੇ-ਅੰਦਰ ਇਕ ਚਿੰਤਾ ਖਾਂਦੀ ਰਹੀ ਕਿ ਉਹ ਮਹੀਨਾ ਪੂਰਾ ਹੋਣ 'ਤੇ ਉਸਦੀ ਤਨਖਾਹ ਕਿੱਥੋਂ ਦਿਆ ਕਰੇਗੀ?...ਨਹੀਂ, ਨਹੀਂ¸ ਉਸਨੇ ਮਨ ਹੀ ਮਨ ਫੈਸਲਾ ਕੀਤਾ, ਮਹੀਨਾ ਪੂਰਾ ਹੁੰਦਿਆਂ ਹੀ ਉਹ ਆਇਆ ਦਾ ਹਿਸਾਬ ਕਰਕੇ ਉਸਦੀ ਛੁੱਟੀ ਕਰ ਦਵੇਗੀ।
***

“ਆਇਆ ਇਹ ਤੇਰੀ ਤਨਖ਼ਾਹ...”
“ਥੈਂਕ ਯੂ ਮਿਸ ਬਾਬਾ!” ਤੇ ਆਇਆ ਜਾਣ ਲੱਗੀ।
“ਆਇਆ...”
“ਜੀ!”
“ਤੂੰ...ਤੂੰ ਕੱਲ੍ਹ ਤੋਂ...” ਤੇ ਵਿਭਾ ਨੂੰ ਲੱਗਿਆ ਜਬਾਨ ਦੀ ਕਿਤਾਬ ਫੇਰ ਮਜ਼ਬੂਤ ਹੱਥਾਂ ਨਾਲ ਨੱਪ ਦਿੱਤੀ ਗਈ ਹੈ। ਉਸਨੇ ਝਟਕ ਕੇ ਹੱਥ ਹਟਾ ਦਿੱਤੇ ਪਰ ਪੰਨੇ ਪਲਟੇ ਹੀ ਨਹੀਂ ਸਨ ਪਏ...ਜਿਵੇਂ ਕਿਸੇ ਨੇ ਗੂੰਦ ਨਾਲ ਚਿਪਕਾ ਦਿੱਤੇ ਹੋਣ। ਉਸਨੂੰ ਮਹਿਸੂਸ ਹੋਇਆ, ਉਹ ਆਇਆ ਨੂੰ ਨਹੀਂ, ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ, ਆਪਣੇ ਸਰੀਰ ਦੇ ਕਿਸੇ ਅੰਗ ਨੂੰ ਕੱਟ ਰਹੀ ਹੈ... ਅਚਾਨਕ ਉਸਦੀਆਂ ਅੱਖਾਂ ਭਰ ਆਈਆਂ।
ਅੱਗੇ ਵਧ ਕੇ ਆਇਆ ਨੇ ਉਸਦੇ ਅੱਥਰੂ ਪੂੰਝੇ, “ਤੁਮ ਰੋਤਾ ਹੈ ਮਿਸ ਬਾਬਾ? ਛਿ! ਤੁਮ ਮਤ ਰੋ...ਤੁਮ ਕੋ ਰੋਤਾ ਦੇਖ ਕਰ ਹਮ ਕੋ ਭੀ ਰੋਨਾ ਆਤਾ ਹੈ। ਇਸ ਮੇਂ ਰੋਨੇ ਕਾ ਕਿਆ ਬਾਤ ਹੈ?...ਹਮਾਰਾ ਕਿਸਮਤ ਮੇਂ ਯਹੀ ਸਭ ਕੁਛ ਤੋ ਲਿਖਾ ਹੈ। ਹਮ ਦੂਸਰੇ ਕੇ ਬਾਬਾ ਲੋਗ ਕੋ ਗੋਦ ਮੇਂ ਬਿਠਾਤਾ ਹੈ...ਪਿਆਰ ਕਰਤਾ ਹੈ...ਔਰ ਉਸ ਵਕਤ ਹਮਾਰਾ ਬਾਬਾ ਲੋਗ, ਕਹੀਂ ਜ਼ਮੀਨ ਪਰ ਘਿਸਟਤਾ ਹੈ...ਮੰਮੀ ਕੇ ਲੀਏ ਚਿੱਲਾਤਾ ਹੈ...ਲੇਕਿਨ ਹਮ ਉਸ ਕਾ ਪਾਸ ਨਹੀਂ ਜਾ ਸਕਤਾ...ਹਮ ਰੋਟੀ ਮਾਂਗਤਾ, ਅਪਨਾ ਬਾਬਾ ਲੋਗ ਕੇ ਲੀਏ ਦੂਧ ਮਾਂਗਤਾ, ਹਮ ਇਸੀ ਵਾਸਤੇ ਨੌਕਰੀ ਕਰਤਾ ਹੈ, ਮਿਸ ਬਾਬਾ। ਫਿਰ ਜਬ ਬਾਬਾ ਲੋਗ ਬੜਾ ਹੋ ਜਾਤਾ ਹੈ...ਹਮ ਕੋ ਅਲਗ ਕਰ ਦੇਤਾ ਹੈ, ਫਿਰ ਪਹਿਚਾਨਤਾ ਭੀ ਨਹੀਂ...ਹਮ ਭੀਤਰ ਭੀਤਰ ਰੋਤਾ ਹੈ, ਮਗਰ ਬਾਬਾ ਲੋਗ ਕੋ ਬੜਾ ਦੇਖ ਕਰ ਖੁਸ਼ ਹੋਤਾ ਹੈ...ਬਹੁਤ ਖੁਸ਼...ਬਾਈ ਗਾਡ, ਬਹੁਤ ਖੁਸ਼ ਹੋਤਾ ਹੈ ਔਰ ਫਿਰ ਕਿਸੀ ਔਰ ਬਾਬਾ ਲੋਗ ਕੋ ਖਿਲਾਨੇ ਲਗਤਾ ਹੈ।”
“ਆਇਆ!”
ਇਸ ਵਾਰੀ ਆਇਆ ਦੀ ਆਵਾਜ਼ ਵੀ ਕੰਬ ਰਹੀ ਸੀ, “ਮਿਸ ਬਾਬਾ ਹਮ ਤੁਮਾਰੀ ਮਜਬੂਰੀ ਜਾਨਤਾ ਹੈ। ਤੁਮ ਉਸ ਮਾਂ ਕੀ ਤਰਹਾ ਹੋ ਜੋ ਆਪਨੇ ਹੀ ਬੱਚੇ ਕੋ ਆਪਨੇ ਹਾਥੋਂ ਮਾਰ ਦੇਤੀ ਹੈ, ਆਪਨੇ-ਆਪ ਸੇ ਅਲਗ ਕਰ ਦੇਤੀ ਹੈ। ਲੇਕਿਨ ਹਮ ਭੀ ਕਿਆ ਕਰੇਂ, ਹਮ ਕੋ ਆਪਨਾ ਬਾਬਾ ਲੋਗ ਕੇ ਲੀਏ ਭੀ ਦੂਧ ਮਾਂਗਤਾ...ਖਾਨਾ ਮਾਂਗਤਾ...ਫਿਰ ਭੀ, ਯੁਜਿਨ ਬਾਬਾ ਕੋ ਦੇਖਨੇ ਕੇ ਵਾਸਤਾ ਹਮ ਜਬ-ਜਬ ਆ ਜਾਇਆ ਕਰੇਗਾ।”
ਆਇਆ ਚਲੀ ਗਈ।
***

ਸਵੇਰ ਜਦੋਂ ਉਲਝੇ ਧਾਗੇ ਵਾਂਗ ਕਿਤੇ ਅੱਟਕੀ ਹੁੰਦੀ, ਵਿਭਾ ਉਠ ਕੇ ਘਰ ਦਾ ਸਾਰਾ ਕੰਮ ਨਿਬੇੜ ਲੈਂਦੀ। ਯੁਜਿਨ ਸੁੱਤਾ ਰਹਿੰਦਾ। ਉਹ ਮਹਿਸੂਸ ਕਰਦੀ, ਦੋ ਨਿੱਕੇ ਨਿੱਕੇ ਹੱਥ ਉਸ ਨਾਲ ਭਾਂਡੇ ਮੰਜਵਾ ਰਿਹਾ ਨੇ।
ਫੇਰ ਉਹ ਆਪਣੇ ਭਰਾ ਕੋਲ ਆਉਂਦੀ, ਧੀਮੀਆਂ ਸੁਰਾਂ ਵਿਚ ਗਾਉਂਦੀ, 'ਕਿਸ ਮੀ ਆਨ ਏ ਮੰਡੇ...ਆਨ ਮੰਡੇ...ਐਂਡ ਇਟ ਇਜ਼ ਵੈਰੀ ਗੁੱਡ...'
ਯੁਜਿਨ ਜਾਗ ਪੈਂਦਾ ਤੇ ਮੇਜ਼ ਵੱਲ ਦੇਖਦਾ ਜਿਸ ਉਪਰ ਪਿਆ ਰੇਡੀਓ ਆਨ ਕਰਕੇ ਉਹ 'ਨੇਵਰ ਆਨ ਸੰਡੇ' ਵਾਲਾ ਗੀਤ ਸੁਣਦਾ ਹੁੰਦਾ ਸੀ।  ਜਿਸ ਦਿਨ ਉਸਦਾ ਪਿਆਰਾ ਗੀਤ ਆਉਂਦਾ, ਉਹ ਖਿੜ-ਪੁੜ ਜਾਂਦਾ...ਉਹ ਦੋ ਟੋਸਟ ਵੱਧ ਖਾਂਦਾ ਤੇ ਜਿਸ ਦਿਨ ਨਾ ਆਉਂਦਾ...
ਯੁਜਿਨ ਦੇ ਮਨ ਦੇ ਦੁੱਖ ਨੂੰ ਵਿਭਾ ਨਾਪ ਲੈਂਦੀ, “ਕਿਉਂ ਭਰਾ, ਮੈਂ ਰੇਡੀਓ ਨਾਲੋਂ ਮਾੜਾ ਗਾਉਂਦੀ ਆਂ?”
ਉਹ ਚੁੱਪਚਾਪ ਆਪਣੀ ਦੀਦੀ ਦੀਆਂ ਅੱਖਾਂ ਵਿਚ ਤਕਦਾ ਤੇ ਵਿਭਾ ਨੂੰ ਲੱਗਦਾ, ਉਹ ਦਾ ਝੂਠ ਨੰਗਾ ਹੋ ਕੇ ਸ਼ਰਮ ਵਿਚ ਗੱਡਿਆ ਜਾਵੇਗਾ। ਨੀਵੀਂ ਪਾ ਕੇ ਉਹ ਗਾਉਣ ਲੱਗ ਪੈਂਦੀ¸
'ਐਂਡ ਯੁ ਕੇਨ ਕਿਸ ਮੀ ਆਨ ਵੈਂਸਡੇ,
ਐਂਡ ਥਰਸਡੇ, ਫਰਾਈਡੇ ਇਜ਼ ਬੇਸਟ,
ਬਟ ਨੇਵਰ ਆਨ ਏ ਸੰਡੇ---।'
ਆਨ ਸੰਡੇ...ਆਨ ਸੰਡੇ...' ਗਾਉਂਦਿਆਂ-ਗਾਉਂਦਿਆਂ ਪਤਾ ਨਹੀਂ ਕਿਉਂ ਕੰਘੀ ਨਾਲ ਟੁੱਟੇ ਵਾਲਾਂ ਵਾਂਗ ਉਸਦੀ ਆਵਾਜ਼ ਖਿੱਲਰ-ਖਿੱਲਰ ਜਾਂਦੀ।
ਉਹ ਰੁਕ ਕੇ ਕਹਿੰਦੀ, “ਮੈਨੂੰ ਪਤਾ ਲੱਗ ਗਿਆ, ਤੈਨੂੰ ਮੇਰਾ ਗਾਣਾ ਪਸੰਦ ਨਹੀਂ ਆਇਆ...ਤੈਨੂੰ ਤਾਂ ਸਿਰਫ ਰੇਡੀਓ ਹੀ ਚਾਹੀਦਾ ਏ, ਮੈਂ ਐਵੀਂ ਜੋਰ ਲਾਉਂਦੀ ਪਈ ਆਂ...ਹੈ ਨਾ?”
ਇਸ ਵਾਰੀ ਯੁਜਿਨ ਆਪਣੀਆਂ ਬਾਹਾਂ ਉਸਦੇ ਗਲ਼ ਵਿਚ ਪਾ ਦੇਂਦਾ।
***

ਸਮਾਂ ਕਾਹਲੇ ਪੈਰੀਂ ਤੁਰਦਾ ਰਿਹਾ।
ਵਿਭਾ ਦਾ ਸਕੂਲ ਸਵੇਰੇ ਲੱਗਦਾ। ਇਹ ਸਮਾਂ ਉਸਨੂੰ ਖਾਸਾ ਰੜਕਦਾ। ਪਰ ਉਹ ਕਰੇ ਤਾਂ ਕੀ ਕਰੇ! ਹਾਲਾਤ ਨਾਲ ਸਮਝੌਤਾ ਕਰਨਾ ਹੀ ਪੈਂਦਾ ਹੈ ਤੇ ਹਰ ਆਦਮੀ ਸਮਝੌਤਾ ਕਰਦਾ ਵੀ ਹੈ। ਆਪਣੀ ਜਾਂ ਦੂਜਿਆਂ ਦੀ ਸੌਖ ਲਈ ਸਮਝੌਤਾ-ਵਾਦੀ ਬਣ ਜਾਂਦਾ ਹੈ...ਕਾਸ਼! ਦੇਸ਼ ਤੇ ਰਾਸ਼ਟਰ ਨਾਂ ਉੱਤੇ ਖੂਨ-ਖਰਾਬੇ ਨਾ ਹੁੰਦੇ, ਸਾਰੇ ਸਮਝੌਤਾ-ਵਾਦੀ ਬਣ ਜਾਂਦੇ।
ਅੱਠ ਵਜੇ ਦੇ ਲਗਭਗ ਵਿਭਾ ਸਕੂਲ ਜਾਂਦੀ।
ਇਸ ਤੋਂ ਪਹਿਲਾਂ ਹੀ ਖਾਣਾ ਬਣਾ ਲੈਂਦੀ। ਖਾਣਾ ਖਾ ਕੇ, ਦਸ ਵਜੇ ਯੁਜਿਨ ਸਕੂਲ ਚਲਾ ਜਾਂਦਾ।
ਇਕ ਦਿਨ ਉਹ ਧੂੰਏਂ ਵਿਚ ਘਿਰੀ ਬੈਠੀ ਚੁੱਲ੍ਹਾ ਬਾਲ ਰਹੀ ਸੀ ਤੇ ਯੁਜਿਨ ਸਕੂਲੋਂ ਲਿਆਂਦਾ ਕੋਈ ਹਿੰਦੀ ਦਾ ਰਸਾਲਾ ਉੱਚੀ-ਉੱਚੀ ਪੜ੍ਹਨ ਲੱਗਾ...:

'ਸਾਂਸ ਆਤੀ ਹੈ ਤੋ ਮਰਨੇ ਕਾ ਗੁਮਾਂ ਹੋਤਾ ਹੈ,
ਫਿਰ ਭੀ ਮਾਲੂਮ ਨਹੀਂ, ਦਰਦ ਕਹਾਂ ਹੋਤਾ ਹੈ,
ਮੇਰੇ ਸੀਨੇ ਮੇਂ ਭੀ ਚਾਹੇਂ ਹੈਂ ਕਈ, ਲੇਕਿਨ ਯੋਂ¸
ਜਿਸ ਤਰਹਾ ਇਮਾਰਤ ਮੇਂ ਧੁੰਆਂ ਹੋਤਾ ਹੈ।'

ਵਿਭਾ ਨੇ ਝਪਟ ਕੇ ਰਸਾਲਾ ਖੋਹ ਲਿਆ, “ਇਹੋ ਜਿਹੀਆਂ ਫਜੂਲ ਗੱਲਾਂ ਪੜਨ ਲਈ ਕਿਸ ਨੇ ਦਿੱਤਾ ਹੈ, ਇਹ ਤੈਨੂੰ? ਖਬਰਦਾਰ ਜੇ ਅੱਗੇ ਤੋਂ ਅਜਿਹੇ...” ਯੁਜਿਨ ਰੋਣ ਲੱਗ ਪਿਆ।
ਅੱਜ ਪਹਿਲੀ ਵਾਰੀ ਵਿਭਾ ਨੇ ਇੰਜ ਤਾੜਿਆ ਸੀ। ਉਸਨੇ ਯੁਜਿਨ ਨੂੰ ਹੌਲੀ ਜਿਹੇ ਆਪਣੇ ਨਾਲ ਲਾ ਲਿਆ, “ਭਰਾ, ਤੇਰੇ ਭਲੇ ਲਈ ਈ ਕਹਿ ਰਹੀ ਆਂ ਮੈਂ। ਜਾਹ ਬਾਥਰੂਮ ਵਿਚ ਜਾ ਕੇ ਮੂੰਹ ਧੋ ਆ।”
ਯੁਜਿਨ ਸਿਸਕੀਆਂ ਲੈ ਰਿਹਾ ਸੀ।
ਵਿਭਾ ਫੇਰ ਚੁੱਲ੍ਹੇ ਕੋਲ ਆ ਬੈਠੀ ਤੇ ਝੁਕ ਕੇ ਫੂਕਾਂ ਮਾਰਨ ਲੱਗ ਪਈ। ਧੂੰਏਂ ਦੀਆਂ ਕੰਧਾਂ ਸੰਘਣੀਆਂ ਹੋਣ ਲੱਗੀਆਂ...ਉਸਦੇ ਗਿਰਦ ਉਹਨਾਂ ਦਾ ਘੇਰਾ ਭੀੜਾ ਹੁੰਦਾ ਗਿਆ। ਉਸਨੂੰ ਲੱਗਿਆ, ਉਸਦੇ ਸਾਹਮਣੇ ਖੜ੍ਹੀ ਕੋਈ ਪੁਰਾਣੀ ਵਿਭਾ ਪਾਗਲਾਂ ਵਾਂਗ ਕੂਕ ਰਹੀ ਹੈ…:
'ਸਾਂਸ ਆਤੀ ਹੈ ਤੋ ਮਰਨੇ ਕਾ ਗੁਮਾਂ ਹੋਤਾ ਹੈ,
ਫਿਰ ਭੀ ਮਾਲੂਮ ਨਹੀਂ, ਦਰਦ ਕਹਾਂ ਹੋਤਾ ਹੈ,
ਮੇਰੇ ਸੀਨੇ ਮੇਂ ਭੀ ਚਾਹੇਂ ਹੈਂ ਕਈ, ਲੇਕਿਨ ਯੋਂ¸
ਜਿਸ ਤਰਹਾ ਇਮਾਰਤ ਮੇਂ ਧੁੰਆਂ ਹੋਤਾ ਹੈ।'
ਅੱਠ ਵਜੇ ਦੇ ਨੇੜੇ ਤੇੜੇ ਵਿਭਾ ਸਕੂਲ ਜਾਂਦੀ, “ਵੀਰੇ, ਮੈਂ ਜਾ ਰਹੀ ਆਂ। ਤੂੰ ਬੈਠ ਕੇ ਪੜ੍ਹੀਂ ਤੇ ਹਾਂ, ਠੀਕ ਨੌਂ ਵਜੇ ਉਠ ਕੇ ਨਹਾ ਧੋ ਕੇ ਖਾਣਾ ਖਾ ਲਵੀਂ। ਫੇਰ ਸਕੂਲ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਿੰਦਰਾ ਲਾ ਕੇ, ਨਾਲ ਵਾਲੀ ਆਂਟੀ ਨੂੰ ਚਾਬੀ ਫੜਾ ਜਾਈਂ ਤੇ ਕਹੀਂ ਕਿ ਇਕ ਵਾਰੀ ਜਿੰਦਰੇ ਨੂੰ ਖਿੱਚ ਕੇ ਦੇਖ ਲਏ...ਅੱਛਾ, ਟਾਟਾ!”
ਯੁਜਿਨ ਬਾਰ ਕੋਲ ਖੜ੍ਹਾ ਹੱਥ ਹਿਲਾਉਂਦਾ ਰਹਿੰਦਾ।
***

ਉਹ ਕਲਾਸ ਲੈਂਦੀ। ਬਲਿਊ ਤੇ ਸਫ਼ੇਦ ਫ਼ਰਾਕਾਂ ਵਿਚ ਛੋਟੇ-ਛੋਟੇ ਬੱਚੇ, ਮੇਮਨਿਆਂ ਵਰਗੇ ਪਿਆਰੇ ਲੱਗਦੇ। ਉਸਨੂੰ ਇੰਜ ਲੱਗਦਾ, ਉਹ ਬਹੁਤ ਸਾਰੀਆਂ ਭੇਡਾਂ ਵਿਚਕਾਰ ਯੀਸੂ ਮਸੀਹ ਵਾਂਗ ਖੜ੍ਹੀ ਹੈ...ਨਿੱਕੇ ਨਿੱਕੇ ਬੱਚੇ, ਨਿੱਕੀਆਂ ਨਿੱਕੀਆਂ ਬੱਚੀਆਂ! ਇਕ ਟਾਹਣੀ ਉੱਤੇ ਜਿਵੇਂ ਇਕੋ ਰੰਗ ਦੇ ਅਸੰਖ ਫੁੱਲ ਖਿੜੇ ਹੋਣ।
ਵਿਭਾ ਉਹਨਾਂ ਵੱਲ ਤਕਦੀ...ਉਸ ਦੀਆਂ ਨਜ਼ਰਾਂ ਬਰਸਾਤ ਦੀ ਫੁਆਰ ਵਾਂਗ ਭੀੜ ਉੱਤੇ ਵਰ੍ਹ ਜਾਂਦੀਆਂ...ਕਾਸ਼! ਯੁਜਿਨ ਵੀ ਏਨਾ ਛੋਟਾ ਹੁੰਦਾ ਤਾਂ ਉਹ ਵੀ ਇਹਨਾਂ ਬੱਚਿਆਂ ਵਾਂਗ ਉਸੇ ਕੋਲ ਪੜ੍ਹਦਾ। ਪਰ ਉਹ ਤਾਂ ਅੱਠਵੀਂ ਵਿਚ ਹੈ...ਤੇ ਇੱਥੇ ਇਕ ਖਾਸ ਉਮਰ ਤਕ ਮੁੰਡਿਆਂ ਨੂੰ ਰੱਖਿਆ ਜਾਂਦਾ ਹੈ। ਲਾਲ ਟਿਊਨਿਕ ਤੇ ਸਫੇਦ ਬਲਾਊਜ ਵਿਚ ਹਰ ਛੋਟੀ ਬੱਚੀ ਵਿਚ ਉਸਨੂੰ ਆਪਣੀ ਹੀ ਤਸਵੀਰ ਨਜ਼ਰ ਆਉਂਦੀ। ਇਕ ਦਿਨ ਉਹ ਵੀ ਇਹਨਾਂ ਵਾਂਗ ਪੜ੍ਹਦੀ ਸੀ...'ਜੇਕ ਐਂਡ ਜਿਲ, ਵੈਂਟ ਅੱਪ ਟੂ ਦ ਹਿੱਲ...' ਉਸਨੂੰ ਯੁਜਿਨ ਦੀ ਯਾਦ ਆਈ ਤੇ ਲੱਗਿਆ ਜਿਵੇਂ ਕਿਸੇ ਨੇ ਉਸਨੂੰ ਆਪਣੀਆਂ ਹੀ ਸੋਚਾਂ ਦੇ ਰੰਗ ਮਹਿਲ ਵਿਚੋਂ ਬਾਹਰ ਧਰੀਕ ਦਿੱਤਾ ਹੋਵੇ।
ਟਿਫ਼ਨ ਟਾਈਮ ਵਿਚ ਉਹ ਬੱਚਿਆਂ ਕੋਲ ਜਾਂਦੀ। ਛੋਟੇ ਛੋਟੇ ਡੱਬਿਆਂ ਵਿਚੋਂ ਖਾਣਾ ਕੱਢ ਕੇ ਖਾ ਰਹੇ ਬੱਚਿਆਂ ਨੂੰ ਦੇਖਦੀ ਤੇ ਬਸ ਦੇਖਦੀ ਹੀ ਰਹਿੰਦੀ। ਕਦੀ ਕਦੀ ਕਿਸੇ ਦੇ ਮੂੰਹ ਵਿਚ ਆਪਣੇ ਹੱਥ ਨਾਲ ਗਰਾਹੀਆਂ ਪਾਉਂਦੀ। ਇੰਜ ਕਰਦਿਆਂ ਉਸਨੂੰ ਯੁਜਿਨ ਬੜਾ ਹੀ ਯਾਦ ਆ ਰਿਹਾ ਹੁੰਦਾ ਤੇ ਮਨ ਵਿਚ ਕਿਤੇ ਕੋਈ ਪੀੜ ਉਠ ਰਹੀ ਹੁੰਦੀ।
***

ਫਿਰ ਸਾਲਾਂ ਦੀਆਂ ਪਰਤਾਂ ਜੰਮਦੀਆਂ ਰਹੀਆਂ...ਯੁਜਿਨ ਦੀਆਂ ਕਿਤਾਬਾਂ ਮੋਟੀਆਂ ਹੋਣ ਲੱਗੀਆਂ...ਤੇ ਵਿਭਾ ਨੇ ਘਰ ਘਰ ਜਾ ਕੇ ਟਿਊਸ਼ਨ ਕਰਨੀ ਸ਼ੁਰੂ ਕਰ ਦਿੱਤੀ।
ਖੇਡਾਂ ਦੀ ਘੰਟੀ ਵਿਚ ਜਦੋਂ ਬੱਚੇ ਖੇਡ ਰਹੇ ਹੁੰਦੇ, ਉਸਨੂੰ ਆਪਣਾ ਭਰਾ ਯੁਜਿਨ ਯਾਦ ਆਉਂਦਾ। ਉਸਦੇ ਚਿਹਰੇ ਉੱਤੇ ਉਦਾਸੀ ਹੱਥ ਫੇਰ ਜਾਂਦੀ। ਉਹ ਮਹਿਸੂਸ ਕਰਦੀ ਕਿ ਯੁਜਿਨ ਚੁੱਪਚਾਪ ਕਿਸੇ ਰੁੱਖ ਹੇਠ ਬੈਠਾ ਪੜ੍ਹ ਰਿਹਾ ਹੋਏਗਾ। ਅਜੇ ਉਸ ਦਿਨ ਹੀ ਤਾਂ ਕਹਿ ਰਿਹਾ ਸੀ, 'ਦੀਦੀ, ਤੈਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਏ! ਮੇਰਾ ਯਕੀਨ ਕਰ ਮੈਂ ਤੇਰੀ ਮਿਹਨਤ ਦੀ ਕਲੀ ਨੂੰ ਮੁਰਝਾਉਣ ਨਹੀਂ ਦਿਆਂਗਾ। ਉਹ ਫੁੱਲ ਬਣੇਗੀ ਤੇ ਉਸ ਵਿਚ ਤੇਰੇ ਹੀ ਸਾਹਾਂ ਦੀ ਮਹਿਕ ਹੋਏਗੀ।'
ਵਿਭਾ ਨੇ ਉਸਨੂੰ ਆਪਣੀ ਛਾਤੀ ਨਾਲ ਲਾ ਲਿਆ ਸੀ।
ਫੇਰ ਜਦੋਂ ਵੀ ਸਾਹਾਂ ਦੀ ਮਹਿਕ ਦਾ ਖ਼ਿਆਲ ਆਉਂਦਾ, ਉਸਨੂੰ ਲੱਗਦਾ ਉਹ ਕਿਸੇ ਵੱਡੇ ਸਾਰੇ ਜੰਗਲ ਵਿਚ ਛੱਡ ਦਿੱਤੀ ਗਈ ਹੈ¸ ਬਿਲਕੁਲ ਇਕੱਲੀ! ਉਸਦੇ ਸਾਰੇ ਪਾਸੇ ਫੁੱਲ ਹੀ ਫੁੱਲ ਨੇ¸ ਮਹਿਕ ਵਿਚ ਡੁੱਬੇ ਹੋਏ ਜੰਗਲੀ ਫੁੱਲ! ਉਸਨੂੰ ਲੱਗਦਾ ਹਰ ਫੁੱਲ ਉਸਦਾ ਆਪਣਾ ਹੈ ਤੇ ਜਦੋਂ ਉਸਨੇ ਇਕ ਫੁੱਲ ਉੱਤੇ ਹੱਥ ਫੇਰਿਆ, ਬਹੁਤ ਸਾਰੇ ਕੰਡੇ ਚੁਭ ਗਏ। ਉਹ ਹੱਥ ਛੁਡਾਉਣ ਦਾ ਯਤਨ ਕਰਦੀ ਰਹੀ, ਪਰ ਕੰਡੇ ਛੱਡ ਹੀ ਨਹੀਂ ਸਨ ਰਹੇ; ਹੱਥ ਲਹੂ-ਲੁਹਾਨ ਹੋ ਗਿਆ। ਉਸਦੇ ਸਾਹਾਂ ਦੀ ਗਤੀ ਤੇਜ਼ ਹੋ ਗਈ...ਸਾਹਾਂ ਦੀ ਮਹਿਕ ਵਿਚ ਜਾਨ ਦੀ ਯਾਦ ਘੁਲ ਗਈ¸ ਨਵੇਂ ਚੌਲਾਂ ਵਰਗੀ ਮਹਿਕ! 'ਨਵੇਂ ਚੌਲਾਂ ਤੇ ਅਲ੍ਹੜ ਕੁੜੀਆਂ ਵਿਚ ਕੋਈ ਫਰਕ ਨਹੀਂ ਹੁੰਦਾ। ਨਵੇਂ ਚੌਲਾਂ ਵਿਚ ਏਨੀ ਖੁਸ਼ਬੂ ਹੁੰਦੀ ਏ ਕੋਈ ਉਸਨੂੰ ਧੋ ਕੇ ਖਤਮ ਨਹੀਂ ਕਰਨਾ ਚਾਹੁੰਦਾ...ਬਿਨਾਂ ਧੋਤਿਆਂ ਜਿਹੜੀ ਮਹਿਕ ਉਹਨਾਂ ਵਿਚ ਹੁੰਦੀ ਹੈ, ਉਹ ਆਤਮਾਂ ਦੀ ਮਹਿਕ ਹੁੰਦੀ ਹੈ, ਰੂਹਾਨੀ ਖੁਸ਼ਬੂ...ਇਸਨੂੰ ਕੋਰਾ ਹੀ ਰਹਿਣ ਦੇ ਵਿਭਾ!'
ਵਿਭਾ ਦੀਆਂ ਅੱਖਾਂ ਸਿੱਜਲ ਹੋ ਗਈਆਂ।
ਉਸਨੇ ਆਪਣੀਆਂ ਹਥੇਲੀਆਂ ਹੇਠ ਉਹਨਾਂ ਨੂੰ ਛਿਪਾ ਲਿਆ...ਉਸ ਰਾਤ ਜਾਨ ਉਹਨਾਂ ਦੇ ਘਰ ਸੀ। ਡੈਡੀ ਤੇ ਯੁਜਿਨ ਸੁੱਤੇ ਹੋਏ ਸਨ। ਰਾਤ ਉਂਘ ਰਹੀ ਸੀ। ਉਹ ਵਰਾਂਡੇ ਵਿਚ ਖੜ੍ਹੀ ਸੀ ਕਿ ਉਸਨੂੰ ਜਾਨ ਦੇ ਉੱਥੇ ਹੋਣ ਦਾ ਅਹਿਸਾਸ ਹੋਇਆ। ਉਹ ਉਠ ਕੇ ਉਸਦੇ ਕੋਲ ਚਲੀ ਗਈ। ਜਾਨ ਨੰਗੇ ਪਿੰਡੇ ਖੜ੍ਹਾ ਸੀ।...ਤੇ ਫੇਰ ਬਹੁਤ ਸਾਰੀਆਂ ਨਾਨਸੈਂਸ ਗੱਲਾਂ ਹੁੰਦੀਆਂ ਰਹੀਆਂ। ਉਸਨੇ ਆਪਣੀਆ ਹਥੇਲੀਆਂ ਵਿਚ ਮੂੰਹ ਛਿਪਾ ਲਿਆ, ਜਾਨ ਦੀ ਛਾਤੀ ਵਿਚ ਧਸ ਗਈ...ਮਰਦ ਦੀ ਛਾਤੀ ਜਦੋਂ ਵੀ ਕਿਸੇ ਔਰਤ ਨੂੰ ਆਪਣੇ ਵਿਚ ਸਮੇਟਦੀ ਹੈ¸ ਗਿੱਲੀ ਮਿੱਟੀ ਵਾਂਗਰ ਨਰਮ-ਮੁਲਾਇਮ ਹੋ ਜਾਂਦੀ ਹੈ...ਔਰਤ ਧਸਦੀ ਹੀ ਚਲੀ ਜਾਂਦੀ ਹੈ; ਜਿਵੇਂ ਦਲਦਲ ਵਿਚ ਡੁੱਬਦੀ ਜਾ ਰਹੀ ਹੋਏ। ਅਚਾਨਕ ਉਸਨੇ ਪੁੱਛਿਆ, “ਜਾਨ, ਕਿਤੇ ਮੈਥੋਂ ਇਹ ਸੁਖ, ਖੁਸ ਤਾਂ ਨਹੀਂ ਜਾਣਗੇ?” ਤੇ ਜਾਨ ਨੇ ਉਸਦੇ ਹੰਝੂਆਂ ਨਾਲ ਅੰਗੂਠਾ ਤਰ ਕਰਕੇ ਉਸਦੀ ਹਥੇਲੀ ਉੱਤੇ ਲਾ ਦਿੱਤਾ ਸੀ, “ਲੈ ਮੈਂ ਅੰਗੂਠਾ ਲਾ ਦਿੱਤਾ ਏ।”
ਉਹ ਸਿਸਕੀਆਂ ਵਿਚ ਡੁੱਬ ਗਈ, “ਇੰਜ ਹੀ ਕਿਸੇ ਮਰਦ ਨੇ ਕਿਸੇ ਔਰਤ ਦੀ ਤਲੀ ਉੱਤੇ ਅੰਗੂਠਾ ਲਾਇਆ ਸੀ...'ਜਦੋਂ ਤੇਰੇ ਮਨ 'ਚ ਆਏ ਆਪਣਾ ਅਧਿਕਾਰ ਮੰਗ ਲਵੀਂ', ਪਰ ਜਾਨ! ਫੇਰ ਉਹ ਉਸ ਕੁੜੀ ਨੂੰ ਉਸਦਾ ਅਧਿਕਾਰ ਦੇਣਾ ਭੁੱਲ ਗਿਆ ਸੀ ਤੇ ਅੱਜ ਉਹੀ ਕੁੜੀ ਦੁੱਖਾਂ ਦੀ ਸਕੀ ਭੈਣ ਬਣ ਕੇ ਰਹਿ ਗਈ ਏ...ਅੱਜ ਉਹ ਉਸਦੀ ਯਾਦ ਵਿਚ ਕਹਾਣੀਆਂ ਲਿਖਦੀ ਏ, ਕਵਿਤਾਵਾਂ ਲਿਖਦੀ ਏ ਤੇ ਸ਼ਇਦ ਉਹ ਮਰਦ ਆਪਦੀ ਪਤਨੀ ਨੂੰ ਉਸ ਦੀਆਂ ਲਿਖਤਾਂ ਦਿਖਾ ਕੇ ਕਹਿੰਦਾ ਹੋਏਗਾ, 'ਕੋਰੀ ਬਕਵਾਸ ਏ। ਨਾਨਸੈਂਸ'!”
ਵਿਭਾ ਆਪਣੇ ਆਪ ਵਿਚ ਪਰਤ ਆਈ...ਉਸਨੇ ਆਪਣੀਆਂ ਅੱਖਾਂ ਤੋਂ ਹਥੇਲੀਆਂ ਹਟਾਅ ਲਈਆਂ। ਦੋਹਾਂ ਉਪਰ ਅੱਥਰੂਆਂ ਦੀਆਂ ਬੂੰਦਾਂ ਸਨ...ਉਸਨੂੰ ਲੱਗਿਆ ਉਸਦੀਆਂ ਹਥੇਲੀਆਂ ਉਪਰ ਦੋ ਕੁਕਨੁਸ ਬੈਠੇ ਨੇ। ਫੁੱਲਾਂ ਨਾਲ ਲੱਦੇ ਹੋਏ ਰੁੱਖ ਉੱਤੇ ਕੁਕਨੁਸ...ਤੇ ਉਹ ਗਾ ਰਹੇ ਨੇ। ਆਵਾਜ਼ਾਂ ਲਹਿਰਾਂ ਵਾਂਗ ਉੱਚੀਆਂ ਉਠਦੀਆਂ ਜਾ ਰਹੀਆਂ ਨੇ, ਵਾਤਾਵਰਣ ਵਿਚ ਇਕ ਮਿਠਾਸ ਤੇ ਤਲਖ਼ੀ ਘੁਲਦੀ ਜਾ ਰਹੀ ਹੈ। ਉਦੋਂ ਹੀ ਅੱਗ ਦੀਆਂ ਲਪਟਾਂ ਉਠਦੀਆਂ ਨੇ ਤੇ ਦੋਏ ਕੁਕਨੁਸ ਮੱਚਣ ਲੱਗ ਪੈਂਦੇ ਨੇ...ਉਹਨਾਂ ਦੇ ਖੰਭ ਤੇ ਸਰੀਰ ਸੜ ਕੇ ਸਵਾਹ ਹੋ ਜਾਂਦੇ ਨੇ ਤੇ ਫੇਰ ਵਿਭਾ ਨੂੰ ਲੱਗਿਆ, ਉਸਦੀਆਂ ਦੋਹਾਂ ਹਥੇਲੀਆਂ ਦੀ ਜੀਵਨ ਰੇਖਾ ਉੱਤੇ ਅੱਗ ਦੇ ਦੋ ਅੰਗਿਆਰ ਭਖ਼ ਰਹੇ ਨੇ।
***

ਪੰਜਵੀਂ ਕਿਸ਼ਤ :: ਜਾਗਦੀਆਂ ਅੱਖਾਂ ਦਾ ਸੁਪਨਾ… :: ਲੇਖਕ : ਰਾਬਿਨ ਸ਼ਾਹ ਪੁਸ਼ਪ

ਰੇਤ ਤੇ ਦਰਵਾਜ਼ੇ…:

ਅਨੁਵਾਦ : ਮਹਿੰਦਰ ਬੇਦੀ ਜੈਤੋ


ਯੁਜਿਨ ਦਸਵੀਂ ਕਰ ਗਿਆ।
ਵਿਭਾ ਨੂੰ ਲੱਗਿਆ, ਉਹ ਬੜੀ ਤੇਜ਼ ਦੌੜਦੀ ਰਹੀ ਹੈ। ਉਸਨੇ ਇਕ ਵਾਰੀ ਥੋੜ੍ਹਾ ਕੁ ਸਾਹ ਲਿਆ, ਕੁਝ ਸ਼ਾਂਤੀ ਮਿਲੀ। ਇਕ ਅਜੀਬ-ਜਿਹੀ ਸ਼ਾਂਤੀ; ਵਚਿੱਤਰ-ਜਿਹਾ ਸੁਖ। ਇਕ ਪਲ ਲਈ ਇੰਜ ਲੱਗਿਆ ਜਿਵੇਂ ਉਹ ਕਿਸੇ ਸੰਘਣੇ ਰੁੱਖ ਦੀ ਛਾਂ ਵਿਚ ਲੇਟੀ ਹੋਈ ਹੈ...ਪਰ...ਪਰ ਉੱਥੇ ਛਾਂ ਕਿੱਥੇ ਸੀ!
ਯੁਜਿਨ ਦੇ ਕਾਲਜ ਜਾਣ ਦੀ ਗੱਲ ਆਈ। ਕੁਝ ਕਰਿਸਚੀਅਨਾ ਨੇ ਕਿਹਾ, “ਸਾਡੀ ਰਾਏ ਵਿਚ ਤਾਂ ਬਿਹਤਰ ਹੋਏਗਾ ਕਿ ਇਸ ਨੂੰ ਕਰਿਸਚੀਅਨ ਕਾਲਜ ਇਲਾਹਾਬਾਦ ਭੇਜ ਦਿੱਤਾ ਜਾਏ।”
ਉਹ ਤ੍ਰਬਕੀ, “ਆਪਣੇ ਤੋਂ ਦੂਰ?...ਨਾ ਬਾਬਾ ਨਾ, ਮੈਂ ਇਹ ਕਿੰਜ ਸਹਾਂਗੀ ਕਿ ਮੇਰਾ ਵੀਰਾ ਮੈਥੋਂ ਵੱਖ, ਏਨੀ ਦੂਰ ਰਹੇ!”
ਪਾਦਰੀ ਸਾਹਬ ਨੇ ਕਿਹਾ, “ਤਾਂ ਸ਼ਾਇਦ ਇਹ ਜ਼ਰੂਰ ਸਹਿ ਲਏਂਗੀ ਕਿ ਇੱਥੋਂ ਦੀ ਮੁੰਡੀਰ ਨਾਲ ਰਲ ਕੇ ਯੁਜਿਨ ਵਿਗੜ ਜਾਏ! ਕਿਸੇ ਵੀ ਮੁੰਡੇ ਦਾ ਇੱਥੇ ਕੋਈ ਕਰੈਕਟਰ ਹੈ? ਉਹੀ ਦੰਗਾ-ਫਸਾਦ, ਉਹੀ ਛੇੜਖਾਨੀਆਂ...ਛੀ!” ਤੇ ਉਹਨਾਂ ਹਵਾ ਵਿਚ ਪਵਿੱਤਰ ਸਲੀਬ ਦਾ ਨਿਸ਼ਾਨ ਬਣਾਇਆ।
ਇਕ ਗੂੜ੍ਹੀ ਉਦਾਸੀ ਵਿਭਾ ਨੂੰ ਘੇਰ ਕੇ ਬੈਠ ਗਈ, ਜਿਵੇਂ ਹਨੇਰਾ ਚਾਨਣ ਨੂੰ ਕੈਦ ਕਰ ਲੈਂਦਾ ਹੈ; ਜਿਵੇਂ ਵੱਡੀ ਮੱਛੀ ਛੋਟੀ ਮੱਛੀ ਨੂੰ ਨਿਗਲ ਜਾਂਦੀ ਹੈ...ਪਰ ਉਸਦਾ ਮਨ ਯੁਜਿਨ ਨੂੰ ਆਪਣੇ ਨਾਲੋਂ ਵੱਖ ਕਰਨ ਲਈ ਰਾਜ਼ੀ ਨਹੀਂ ਸੀ ਹੋ ਰਿਹਾ। ਉਹ ਸੁੰਨੀਆਂ-ਸੁੰਨੀਆਂ ਅੱਖਾਂ ਨਾਲ ਹਰੇਕ ਦੇ ਚਿਹਰੇ ਵੱਲ ਦੇਖਣ ਲੱਗੀ। ਸ਼ਾਇਦ ਅਜਿਹੀ ਤੱਕਣੀ ਹੀ ਉਸ ਜਾਨਵਰ ਦੀ ਹੁੰਦੀ ਹੈ, ਜਿਹੜਾ ਛੁਰੀ ਫਿਰਨ ਤੋਂ ਪਹਿਲਾਂ ਅੰਤਿਮ ਵਾਰ ਕਸਾਈ ਵੱਲ ਦੇਖ ਰਿਹਾ ਹੁੰਦਾ ਹੈ।
ਪਰ ਉਦੋਂ ਹੀ ਇਕ ਵਿਚਾਰ ਨੇ ਪਹਿਲੇ ਦਰਵਾਜ਼ੇ ਵਿਚ ਠੁੱਡ ਮਾਰੀ। ਬੂਹੇ ਖੁੱਲ੍ਹ ਗਏ...ਜੇ ਉਹ ਇਕੱਲੀ ਰਹੇਗੀ ਤਾਂ ਵਧ ਤੋਂ ਵਧ ਮਿਹਨਤ ਕਰ ਸਕੇਗੀ। ਬਹੁਤ ਸਾਰੀ ਮਿਹਨਤ। ਕਾਲਜ ਦੀ ਪੜ੍ਹਾਈ ਕੋਈ ਮਜ਼ਾਕ ਤਾਂ ਨਹੀਂ ਹੁੰਦੀ¸ ਸਾਰੀ ਰੁਪਈਆਂ ਦੀ ਖੇਡ ਹੈ। ਯੁਜਿਨ ਇੱਥੇ ਰਹੇਗਾ ਤਾਂ ਹਮੇਸ਼ਾ ਟੋਕਦਾ ਰਹੇਗਾ¸ 'ਦੀਦੀ, ਹੈਲਥ ਦਾ ਵੀ ਖ਼ਿਆਲ ਕੀਤਾ ਕਰੋ।' ਤੇ ਹੋਰ ਪਤਾ ਨਹੀਂ ਕਿਹੜੀਆਂ-ਕਹੜੀਆਂ ਬਜ਼ੁਰਗਾਂ ਵਾਲੀਆਂ ਨਸੀਹਤਾਂ!
ਵਿਭਾ ਨੇ ਹੌਲੀ ਜਿਹੀ ਕਿਹਾ, “ਜਿਵੇਂ ਤੁਹਾਡੀ ਸਾਰਿਆਂ ਦੀ ਮਰਜ਼ੀ। ਮੇਰੇ ਕੋਲ ਛੁੱਟੀਆਂ ਨਹੀਂ ਤੇ ਨਾਲੇ ਇਲਾਹਾਬਾਦ ਵਿਚ ਮੇਰੀ ਕਿਸੇ ਨਾਲ ਜਾਣ-ਪਛਾਣ ਵੀ ਨਹੀਂ...ਜੇ ਤੁਹਾਡੇ ਵਿਚੋਂ ਕੋਈ...ਮੇਰੇ ਉਪਰ ਬੜਾ ਉਪਕਾਰ ਹੋਏਗਾ।”
ਫੇਰ ਇਕ ਈਸਾਈ ਸੱਜਨ ਬੜੀ ਮੁਸ਼ਕਿਲ ਨਾਲ, ਨਾਲ ਜਾਣ ਲਈ ਤਿਆਰ ਹੋਏ; ਸਾਰੇ ਕੋਈ ਨਾ ਕੋਈ ਬਹਾਨਾ ਕਰਕੇ ਨਾਲ ਜਾਣ ਤੋਂ ਇਨਕਾਰ ਕਰ ਗਏ ਸਨ। ਵਿਭਾ ਯੁਜਿਨ ਦੇ ਜਾਣ ਦੀਆਂ ਤਿਆਰੀਆਂ ਵਿਚ ਜੁਟ ਗਈ। ਜਦੋਂ ਤਕ ਤਿਆਰੀਆਂ ਚਲਦੀਆਂ ਰਹੀਆਂ, ਉਹ ਚੁੱਪ ਰਿਹਾ। ਪ੍ਰਾਸਪੈਕਟ ਵਿਚੋਂ ਦੋਹਾਂ ਨੇ ਰਲ ਕੇ ਵਿਸ਼ੇ ਚੁਣੇ...ਫਰਮ ਵੀ ਭੇਜ ਦਿੱਤੇ ਗਏ। ਉਸਨੇ ਕੁਝ ਨਾ ਕਿਹਾ ਪਰ ਜਿਸ ਦਿਨ ਉਸਨੇ ਜਾਣਾ ਸੀ, ਉਹ ਉਠਿਆ ਹੀ ਨਹੀਂ।
ਵਿਭਾ ਕਾਫੀ ਸਵੇਰੇ ਉਠ ਪਈ ਸੀ ਪਰ ਯੁਜਿਨ ਦੇ ਮੰਜੇ ਕੋਲ ਪਹੁੰਚ ਕੇ ਉਸਨੇ ਆਪਣੇ ਆਪ ਨੂੰ ਬੇਹੱਦ ਕਮਜ਼ੋਰ ਮਹਿਸੂਸ ਕੀਤਾ। ਜਦੋਂ ਵੀ ਉਹ ਹੱਥ ਵਧਾਉਂਦੀ, ਉਸਨੂੰ ਲੱਗਦਾ...ਹੱਥ ਸਿਲ-ਪੱਥਰ ਹੋ ਗਏ ਨੇ। ਉਹ ਚੁੱਪਚਾਪ ਆ ਕੇ ਨਾਸ਼ਤੇ ਦੀ ਮੇਜ਼ ਉੱਤੇ ਬੈਠ ਜਾਂਦੀ। ਇਕੱਲੀ, ਗਵਾਚੀ-ਗਵਾਚੀ ਜਿਹੀ!
ਗੱਡੀ ਦਿਨ ਦੇ ਗਿਆਰਾਂ ਵਜੇ ਜਾਣੀ ਸੀ ਤੇ ਅਜੇ ਨੌਂ ਹੀ ਵੱਜੇ ਸਨ। ਇਹ ਵੀ ਸੌਖ ਸੀ ਕਿ ਸਟੇਸ਼ਨ ਨੇੜੇ ਹੀ ਸੀ। ਉਸਨੇ ਘੜੀ ਦੇਖੀ¸ ਲੱਗਿਆ, ਵੱਡੀ ਸੂਈ ਅੱਗੇ ਹੋ ਕੇ ਵੀ ਛੋਟੀ ਨਾਲੋਂ ਪਿੱਛੇ ਹੀ ਹੈ, ਖਾਸੀ ਪਿੱਛੇ...ਤੇ ਇਹ ਹਮੇਸ਼ਾ ਛੋਟੀ ਦੇ ਪਿੱਛੇ ਪਿੱਛੇ ਹੀ ਨੱਸਦੀ ਰਹਿੰਦੀ ਹੈ; ਰੱਬ ਕਰੇ ਇਸਦੀ ਇਹ ਦੌੜ ਕਦੀ ਖਤਮ ਨਾ ਹੋਏ। ਫੇਰ ਉਸਨੇ ਯੁਜਿਨ ਕੋਲ ਜਾ ਕੇ ਉਸ ਵੱਲ ਤੱਕਿਆ, ਇਹ ਛੋਟੀ ਸੂਈ...ਪਰ ਘੜੀ ਜਿਵੇਂ ਬੰਦ ਹੋ ਗਈ, ਵੱਡੀ ਸੂਈ ਨੂੰ ਲਕਵਾ ਮਾਰ ਗਿਆ। ਉਸਨੂੰ ਲੱਗਿਆ, ਉਹ ਅੱਗੇ ਨਹੀਂ ਵਧ ਸਕੇਗੀ...ਉਹ ਪੱਥਰ ਦਾ ਬੁੱਤ ਬਣ ਗਈ...ਪਰ ਨਹੀਂ, ਯੁਜਿਨ ਦਾ ਜਾਣਾ ਜਰੂਰੀ ਹੈ। ਉਸਨੇ ਫੇਰ ਸੋਚਿਆ, ਅੱਜ ਉਹ ਉਸਨੂੰ ਉਠਾ ਕੇ ਵਿਦਾ ਕਰੇਗੀ ਤੇ ਕੱਲ੍ਹ?...ਕੱਲ੍ਹ, ਇਹ ਮੰਜਾ ਸੁੰਨਾਂ ਪਿਆ ਹੋਵੇਗਾ...ਉਹ ਹੌਲੀ ਹੌਲੀ ਆਲਟਰ ਵੱਲ ਵਧੀ। ਉਸਨੇ ਹਵਾ ਵਿਚ ਕਰਾਸ ਦਾ ਨਿਸ਼ਾਨ ਬਣਾਇਆ ਤੇ ਫੇਰ ਹੱਥ ਜੋੜੇ¸ 'ਜੀਸਸ। ਬਸ ਇਕ ਵਾਰੀ ਮੈਨੂੰ ਸ਼ਕਤੀ ਦੇਅ ਕਿ ਮੈਂ ਆਪਣੇ ਭਰਾ ਨੂੰ ਆਪਣੇ ਨਾਲੋਂ ਵੱਖ ਕਰ ਦਿਆਂ...ਬਸ ਇਕ ਵਾਰੀ ਯੀਸ਼ੂ ਮਸੀਹ। ਸਿਰਫ ਇਕ ਵਾਰੀ।' ਤੇ ਉਹ ਸਿਸਕਨ ਲੱਗ ਪਈ। ਉਸਨੇ ਫੇਰ ਨਿਗਾਹਾਂ ਉਪਰ ਚੁੱਕੀਆਂ। ਜੀਸਸ ਦੇ ਨਾਲ ਮਦਰ ਮੇਰੀ ਦੀ ਤਸਵੀਰ ਸੀ...ਉਹ ਉਸ ਵੱਲ ਦੇਖਦੀ ਰਹੀ। ਉਸਨੂੰ ਲੱਗਿਆ ਕਿ ਮਦਰ ਕਹਿ ਰਹੀ ਹੈ, 'ਤੇਰਾ ਭਰਾ ਤਾਂ ਸਿਰਫ ਕਾਲਜ ਪੜ੍ਹਨ ਲਈ ਜਾ ਰਿਹਾ ਏ, ਮੇਰਾ ਪੁੱਤਰ ਤਾਂ ਇਕ ਦਿਨ ਸਲੀਬ ਉੱਤੇ ਚੜ੍ਹ ਗਿਆ ਸੀ...ਪਰ ਮੌਤ ਨਹੀਂ ਜਿੱਤਦੀ, ਵਿਸ਼ਵਾਸ ਦੀ ਜਿੱਤ ਹੁੰਦੀ ਏ।'
ਹੁਣ ਵਿਭਾ ਦੇ ਸਾਹਮਣੇ ਡੈਡੀ ਦੀ ਤਸਵੀਰ ਸੀ। ਉਹ ਸਿੱਜਲ ਅੱਖਾਂ ਨਾਲ ਉਹਨਾਂ ਵੱਲ ਦੇਖਦੀ ਰਹੀ। ਫੇਰ ਇਕ ਝਟਕੇ ਨਾਲ ਯੁਜਿਨ ਦੇ ਮੰਜੇ ਕੋਲ ਆ ਗਈ। ਕਦੀ ਮੂੰਹ ਢਕ ਕੇ ਨਾ ਸੌਣ ਵਾਲਾ ਉਸਦਾ ਭਰਾ, ਚਾਦਰ ਲਪੇਟੀ ਪਿਆ ਸੀ; ਕਫ਼ਨ ਵਾਂਗ! ਉਹ ਪਸੀਨੋ ਪਸੀਨੀ ਹੋ ਗਈ। ਇਹ ਭੈੜਾ ਖ਼ਿਆਲ ਉਸਨੂੰ ਧੁਰ ਅੰਦਰ ਤੱਕ ਕੰਬਾਅ ਗਿਆ ਸੀ। ਪਰ ਉਸਨੇ ਮਹਿਸੂਸ ਕੀਤਾ ਕਿ ਉਹ ਜਾਗ ਰਿਹਾ ਹੈ।
ਚਾਦਰ ਖਿੱਚਦਿਆਂ ਯੁਜਿਨ ਦਾ ਚਿਹਾਰਾ ਯਕਦਮ ਨੰਗਾ ਹੋ ਗਿਆ। ਉਹ ਆਪਣੀ ਦੀਦੀ ਨਾਲ ਲਿਪਟ ਗਿਆ, “ਮੈਨੂੰ ਏਨੀ ਦੂਰ ਨਾ ਭੇਜੋ ਦੀਦੀ...ਮੈਂ ਇਕੱਲਾ ਨਹੀਂ ਰਹਿ ਸਕਾਂਗਾ।” ਤੇ ਉਹ ਬੱਚਿਆਂ ਵਾਂਗ ਰੋਣ ਲੱਗ ਪਿਆ।
ਵਿਭਾ ਕੰਬ ਗਈ।
ਜਿਵੇਂ ਸੇਕੇ ਨਾਲ ਮੋਮਬਤੀ...ਵਿਭਾ ਨੂੰ ਲੱਗਿਆ, ਜੇ ਯੁਜਿਨ ਇੰਜ ਹੀ ਰੋਂਦਾ ਰਿਹਾ ਤਾਂ ਉਹ ਪਿਘਲ ਜਾਏਗੀ। ਪਰ ਉਸਨੇ ਮਨ ਹੀ ਮਨ ਮਦਰ ਮੇਰੀ ਤੋਂ ਸ਼ਕਤੀ ਮੰਗੀ, ਬੈਂਡਲ ਚਰਚ ਨੂੰ ਰੁਪਏ ਭੇਜਣ ਦੀ ਮੰਨਤ ਮੰਨੀ...ਤੇ ਕਿਹਾ, “ਛੀ! ਵੀਰਿਆ, ਮੈਟਰੀਕੁਲੇਟ ਹੋ ਕੇ ਰੋਂਦਾ ਏਂ? ਇਲਾਹਾਬਾਦ ਦਾ ਕਾਲਜ ਬੜੀ ਵਧੀਆ ਜਗ੍ਹਾ ਏ! ਉੱਥੇ ਵੱਡੇ ਵੱਡੇ ਪ੍ਰੋਫੈਸਰ ਨੇ। ਟਾਈਮ ਉੱਤੇ ਪੀਰੀਅਡ...ਮੈਥੋਂ ਦੂਰ ਜਾ ਕੇ ਵੀ ਯਕੀਨ ਮੰਨ ਭਰਾ, ਦੂਰੀ ਮਹਿਸੂਸ ਨਹੀਂ ਹੋਏਗੀ!”
ਯੁਜਿਨ ਸਿਸਕਨ ਲੱਗਿਆ, “ਜੀਸਸ ਨੇ ਸਾਨੂੰ ਇਹ ਦੁੱਖ ਕਿਉਂ ਦਿੱਤਾ ਏ ਦੀਦੀ? ਕਿਉਂ? ਅਸੀਂ ਉਸਦਾ ਕੀ ਵਿਗਾੜਿਆ ਸੀ? ਉਸਨੇ ਸਾਥੋਂ ਮੇਰੇ ਡੈਡੀ ਖੋਹ ਲਏ, ਹੁਣ ਦੀਦੀ ਤੋਂ ਦੂਰ ਭੇਜ ਰਿਹਾ ਏ!”
ਵਿਭਾ ਨੂੰ ਲੱਗਿਆ, ਉਹ ਕਿਸੇ ਠੰਡੀ ਘਾਟੀ ਵਿਚ ਕੈਦ ਹੋ ਗਈ ਹੈ। ਫੇਰ ਵੀ ਉਸਨੇ ਹਿੰਮਤ ਕੀਤੀ, “ਭਰਾ, ਇੰਜ ਵੀ ਕੋਈ ਮਨ ਛੋਟਾ ਕਰੀਦਾ ਏ! ਦੁੱਖ, ਹਮੇਸ਼ਾ ਚੰਗੇ ਤੇ ਭਲੇ ਬੰਦਿਆਂ ਨੂੰ ਹੀ ਦਿੱਤੇ ਜਾਂਦੇ ਨੇ ਤਾਂ ਕਿ ਉਹਨਾਂ ਦੀ ਪਰਖ ਹੋ ਸਕੇ। ਖ਼ੁਦ ਜੀਸਸ ਨੂੰ ਕਿੰਨੇ ਕਸ਼ਟ ਝੱਲਣੇ ਪਏ ਸਨ! ਜਦੋਂ ਉਹ ਪੈਦਾ ਹੋਏ ਤਾਂ ਹੇਰੋਦੇਸ ਨੇ ਉਹਨਾਂ ਨੂੰ ਮਰਵਾਉਣਾ ਚਾਹਿਆ ਤੇ ਉਹ ਵੱਡੇ ਹੋਏ ਤਾਂ ਉਹਨਾਂ ਨੂੰ ਆਪਣੇ ਹੀ ਲੋਕਾਂ ਦੇ ਪਾਪਾਂ ਬਦਲੇ ਸੂਲੀ ਤਕ ਜਾਣਾ ਪਿਆ...ਪਰ ਸੱਚਾਈ ਤੇ ਇਨਸਾਨੀਅਤ ਕਦੀ ਨਹੀਂ ਮਰਦੀ ਭਰਾ, ਕਦੀ ਨਹੀਂ।”
ਤੇ ਯੁਜਿਨ ਚਲਾ ਗਿਆ।
ਉਹ ਉਸਨੂੰ ਛੱਡਣ ਸਟੇਸ਼ਨ ਤਕ ਵੀ ਨਹੀਂ ਗਈ।  ਉਹ ਜਾਣਦੀ ਸੀ, ਉੱਥੇ ਉਹ ਆਪਣੇ ਆਪ ਉੱਤੇ ਕਾਬੂ ਨਹੀਂ ਰੱਖ ਸਕੇਗੀ; ਕਦੀ ਨਹੀਂ। ਉਹ ਖਿੜਕੀ ਕੋਲ ਆ ਕੇ ਖੜ੍ਹੀ ਹੋ ਗਈ...ਯੁਜਿਨ ਜਾ ਰਿਹਾ ਸੀ। ਉਹ ਦੇਖਦੀ ਰਹੀ ਤੇ ਫੇਰ ਉਸ ਵੱਲ ਪਿੱਠ ਕਰਕੇ ਹੌਲੀ ਹੌਲੀ ਸ਼ੂੰਨ-ਸਾਗਰ ਵਿਚ ਡੁੱਬ ਗਈ। ਵਿਭਾ ਹੁਭਕੀਂ-ਹੁਭਕੀਂ ਰੋਣਾ ਚਾਹੁੰਦੀ ਸੀ ਪਰ ਉਸਨੇ ਆਪਣੀਆਂ ਦੋਹਾਂ ਹੱਥੇਲੀਆਂ ਨਾਲ ਆਪਣਾ ਮੂੰਹ ਘੁੱਟ ਲਿਆ...ਕਿਸੇ ਦੇ ਜਾਣ ਵੇਲੇ ਇੰਜ ਨਹੀਂ ਰੋਂਦੇ; ਮਾੜਾ ਹੁੰਦਾ ਏ।
ਸਾਰੀ ਰਾਤ ਉਹ ਬੜੀ ਬੇਚੈਨ ਰਹੀ। ਉਸਨੂੰ ਨੀਂਦ ਹੀ ਨਹੀਂ ਸੀ ਆ ਰਹੀ...ਕਦੀ ਉਹ ਯੁਜਿਨ ਦੇ ਮੰਜੇ 'ਤੇ ਜਾ ਲੇਟਦੀ ਤੇ ਕਦੀ ਖਿੜਕੀ ਕੋਲ ਜਾ ਕੇ ਖਲੋ ਜਾਂਦੀ...ਸਟਰੀਟ ਲਾਈਟ ਦੀ ਪੀਲੀ ਰੋਸ਼ਨੀ ਵਿਚ ਸੁੰਨਸਾਨ ਸੜਕ, ਉਸਨੂੰ ਕਾਲੇ ਨਾਗ ਵਾਂਗ ਬਲ ਖਾਂਦੀ ਹੋਈ ਲੱਗੀ...ਫੇਰ ਵੀ ਉਹ ਸਰੀਆਂ ਨੂੰ ਫੜ੍ਹ ਕੇ ਚੁੱਪਚਾਪ ਖੜ੍ਹੀ ਦੂਰ ਤਕ ਦੇਖਦੀ ਰਹੀ।

'ਕੁਦਰਤ ਨੇ ਮੇਰੀ ਇਸ ਜ਼ਿੰਦਗੀ ਦੇ ਘਰ ਵਿਚ¸
ਤੇਰੀਆਂ ਯਾਦ ਕੀ ਇਕ ਖਿੜਕੀ ਬਣਾਅ ਦਿੱਤੀ ਹੈ,
ਇਸ ਖਿੜਕੀ ਨੂੰ ਉਸਨੇ ਦਰਵਾਜ਼ਾ ਕਿਉਂ ਨਹੀਂ ਬਣਾਇਆ?
ਜਿਸ ਦਰਵਾਜ਼ੇ 'ਚੋਂ ਲੰਘ ਕੇ ਤੂੰ ਮੇਰੇ ਘਰ ਆ ਸਕਦੋਂ।
ਇਹ ਕੁਦਰਤ ਦੀ ਇੱਛਾ...
ਮੈਂ ਇਸ ਖਿੜਕੀ 'ਚ ਖੜੀ ਰਹਿੰਦੀ,
ਕਦੀ ਤੇਰੀ ਝਲਕ ਦਿਸ ਪੈਂਦੀ,
ਕਦੀ ਤੇਰੀ ਆਵਾਜ਼ ਸੁਨਾਈ ਦੇ ਜਾਂਦੀ,
ਮੈਂ ਤੇਰੀ ਆਵਾਜ਼ ਦਾ ਗੀਤ ਬਣਾਅ ਲੈਂਦੀ,
ਮੈਂ ਤੇਰੀ ਆਵਾਜ਼ ਦੀ ਕਹਾਣੀ ਬਣਾਅ ਲੈਂਦੀ,
ਤੇ ਫਿਰ ਤੇਰੀ ਝਲਕ ਬੇਗਾਨੀ ਹੋ ਗਈ,
ਤੇ ਫਿਰ ਤੇਰੀ ਆਵਾਜ਼ ਪਰਾਈ ਹੋ ਗਈ,
ਮੇਰੇ ਗੀਤਾਂ ਦੀ ਜ਼ੁਬਾਨ 'ਤੇ  ਜਿਵੇਂ ਛਾਲੇ ਪੈ ਗਏ,
ਮੇਰੀਆਂ ਕਹਾਣੀਆਂ ਦੇ ਪੈਰੀਂ ਜਿਵੇਂ ਕੰਡੇ ਚੁਭ ਗਏ,
ਮੈਂ ਇਹ ਖਿੜਕੀ ਭੀੜ ਦਿੱਤੀ।
ਕਈ ਵਰ੍ਹੇ ਬੀਤ ਗਏ।
ਪਤਾ ਨਹੀਂ ਕਿੰਨੇ ਵਰ੍ਹੇ...
ਵਰ੍ਹਿਆਂ ਤੋਂ ਭੀੜੀ ਹੋਈ ਖਿੜਕੀ,
ਵਰ੍ਹਿਆਂ ਦੀ ਜਰ ਖਾਧੀ ਖਿੜਕੀ,
ਤੇ ਫਿਰ ਇਹ ਖਿੜਕੀ ਖੁੱਲ੍ਹ ਗਈ,
ਕੁੰਡੀ ਮੁੜਤੁੜ ਕੇ ਦੂਰ ਜਾ ਡਿੱਗੀ,
ਕਬਜੇ ਕਾਗਜ਼ਾਂ ਵਾਂਗ ਖਿੰਡ-ਪੁੰਡ ਗਏ,
ਉੱਥੇ ਨਾ ਕੋਈ ਤੇਰੀ ਝਲਕ ਸੀ...
ਨਾ ਤੇਰੀ ਕੋਈ ਆਵਾਜ਼ ਸੀ ਉੱਥੇ,
ਕਈ ਵਰ੍ਹੇ ਬੀਤ ਚੁੱਕੇ।
ਪਤਾ ਨਹੀਂ ਕਿੰਨੇ ਵਰ੍ਹੇ...
ਬਾਹਰ ਜਦ ਮੀਂਹ ਵਰ੍ਹਦੇ ਨੇ,
ਇਸ ਖਿੜਕੀ 'ਚੋਂ ਤੀਖੀ ਵਾਛੜ
ਅੰਦਰ ਆ ਜਾਤੀ ਹੈ,
ਬਾਹਰ ਜਬ ਹਨੇਰੀਆਂ ਚਲਤੀਆਂ ਨੇ¸
ਇਸ ਖਿੜਕੀ 'ਚ ਅਪਾਰ ਰੇਤ ਉਡਤੀ ਹੈ,
ਬਾਹਰੋਂ ਆਉਣ ਵਾਲੀ ਰੇਤ...'

ਪਰ ਵਿਭਾ ਨੇ ਇਸ ਰੇਤ ਨਾਲ ਸਮਝੌਤਾ ਕਰ ਲਿਆ ਹੈ। ਉਹ ਸਵੇਰੇ ਸਕੂਲ ਜਾਂਦੀ, ਸ਼ਾਮ ਨੂੰ ਪ੍ਰਾਈਵੇਟ ਟਿਊਸ਼ਨਜ਼ ਕਰਦੀ। ਉਸਨੇ ਇਕ ਹੋਰ ਕੰਮ ਵੀ ਸ਼ੁਰੂ ਕਰ ਲਿਆ ਸੀ...ਘਰ ਘਰ ਜਾ ਕੇ ਉਨ ਲੈ ਆਉਂਦੀ, ਫਰਮਾਇਸ਼ ਅਨੁਸਾਰ ਸਵੈਟਰ ਬੁਣਦੀ, ਸ਼ਾਲਾਂ ਉਪਰ ਮਿਹਨਤ ਮਾਰਦੀ ਤੇ ਜਦੋਂ ਵੀ ਕੋਈ ਨਵੀਂ ਗੰਡ ਲਾਉਂਦੀ, ਉਦੋਂ ਹੀ ਲੱਗਦਾ...ਉਹ ਆਪਣੇ ਹੱਥੀਂ ਯੁਜਿਨ ਦਾ ਸੁਨਹਿਰਾ ਭਵਿੱਖ ਗੁੰਦ ਰਹੀ ਹੈ। ਉਂਗਲਾਂ ਚਲ ਚਲ ਕੇ ਥੱਕ ਜਾਂਦੀਆਂ, ਥੱਕੀਆਂ, ਥੱਕੀਆਂ ਚਲਦੀਆਂ ਰਹਿੰਦੀਆਂ।
ਹੁਣ ਉਸਨੂੰ ਖਿੜਕੀ 'ਚੋਂ ਬਾਹਰ ਦੇਖਣ ਦੀ ਵਿਹਲ ਹੀ ਨਹੀਂ ਸੀ ਹੁੰਦੀ...ਪਰ ਉਹ ਏਨਾ ਜ਼ਰੂਰ ਜਾਣ ਚੁੱਕੀ ਸੀ ਕਿ ਕਿਸੇ ਸਮਗਲਿੰਗ ਦੇ ਕੇਸ ਵਿਚ ਘੋਸ਼ ਬਾਬੂ ਨੂੰ ਪੁਲਿਸ ਫੜ੍ਹ ਕੇ ਲੈ ਗਈ ਹੈ। ਉਹ ਆਪਣੇ ਘਰ ਗਾਂਜਾ ਲਿਆ ਕੇ ਰੱਖਦੇ ਹੁੰਦੇ ਸਨ। ਉਹਨਾਂ ਕੋਲ ਪੈਸਾ ਵੀ ਕਾਫੀ ਹੋ ਗਿਆ ਸੀ। ਜਦੋਂ ਉਹ ਫੜ੍ਹੇ ਗਏ ਤਾਂ ਮਕਾਨ ਮਾਲਕ ਵੀ ਕਾਫੀ ਪ੍ਰੇਸ਼ਾਨ ਹੋਇਆ...ਪਰ ਫੇਰ ਸੁਣਨ ਵਿਚ ਆਇਆ ਕਿ ਪੁਲਿਸ ਨੂੰ ਕੁਝ ਦੇ-ਦਵਾ ਕੇ ਛੁੱਟ ਗਏ ਨੇ। ਘੋਸ਼ ਬਾਬੂ ਫੇਰ ਇਸ ਮੁਹੱਲੇ ਵਿਚ ਨਜ਼ਰ ਨਹੀਂ ਆਏ ਤੇ ਇਸ ਮਕਾਨ ਵਿਚ ਕਈ ਕਿਰਾਏਦਾਰੀਆਂ ਬਦਲੀਆਂ। ਜੀਸਸ ਨੇ ਠੀਕ ਹੀ ਕਿਹਾ ਹੈ ਕਿ ਕੰਡੇ ਬੀਜ ਕੇ ਫੁੱਲਾਂ ਦੀ ਆਸ ਰੱਖਣੀ ਮੂਰਖਤਾ ਹੈ...ਪਰ ਵਿਚਾਰੀ ਮੇਗੀ ਨੇ ਕਿਹੜੇ ਕੰਡੇ ਬੀਜੇ ਸਨ? ਉਦੋਂ ਹੀ ਵਿਭਾ ਦੀਆਂ ਅੱਖਾਂ ਸਾਹਮਣੇ ਮੇਗੀ ਦੀ ਸ਼ਕਲ ਘੁੰਮਣ ਲੱਗੀ, ਉਸ ਦਾ ਉਹ ਖ਼ਤ ਯਾਦ ਆਇਆ ਜਿਸ ਨੂੰ ਪੜ੍ਹ ਕੇ ਉਹ ਕੰਬ ਗਈ ਸੀ। ਉਸਨੇ ਇਕ ਵਾਰੀ ਫੇਰ ਬਾਈਬਲ ਦੇ ਪੰਨਿਆਂ ਵਿਚ ਨੱਪਿਆ ਉਹ ਖ਼ਤ ਕੱਢਿਆ...ਜਿਸ ਵਿਚ ਉਸਨੇ ਲਿਖਿਆ ਸੀ ਕਿ ਉਹ ਖਿਡੌਣੇ ਵਾਂਗ ਇਕ ਦੇ ਹੱਥੋਂ ਦੂਜੇ ਦੇ ਹੱਥ ਜਾਂਦੀ ਰਹੀ। ਪਰ ਖਿਡੌਣੇ ਉਪਰ ਵੀ ਕੋਈ ਇਕ ਬੱਚਾ ਆਪਣਾ ਵਿਸ਼ੇਸ਼ ਅਧਿਕਾਰ ਸਮਝਦਾ ਹੈ, ਉਸ ਨਾਲ ਉਸਨੂੰ ਪਿਆਰ ਹੋ ਜਾਂਦਾ ਹੈ ਤੇ ਉਸਦੇ ਟੁੱਟਣ ਉੱਤੇ ਉਹ ਰੋਂਦਾ ਹੈ...ਪਰ ਉਸ ਉੱਤੇ ਕਿਸੇ ਨੂੰ ਰਹਿਮ ਨਹੀਂ ਆਉਂਦਾ, ਹਰ ਕੋਈ ਉਸਦੇ ਸਰੀਰ ਨਾਲ ਖੇਡਦਾ ਹੈ...ਕੋਈ ਰੁਪਈਆਂ ਲਈ, ਕੋਈ ਖੁਸ਼ੀ ਲਈ, ਕੋਈ ਅਫੀਮ ਦਾ ਧੰਦਾ ਚਾਲੂ ਰੱਖਣ ਲਈ। ਉਸਨੇ ਲਿਖਿਆ ਸੀ ਕਿ ਆਪਣੇ ਪੱਟਾ ਉਪਰ, ਢਿੱਡ ਉਪਰ ਬੰਨ੍ਹ ਕੇ ਉਹ ਇਹੋ ਜਿਹੀਆਂ ਚੀਜ਼ਾਂ ਲੈ ਜਾਂਦੀ ਹੈ। ਕਦੀ ਉਚ-ਘਰਾਣੇ ਦੀਆਂ ਔਰਤਾਂ ਵਾਂਗ ਪੂਰੀ ਤਰ੍ਹਾਂ ਸਜ-ਧਜ ਕੇ ਤੇ ਕਦੀ ਖੱਦਰ ਦੀ ਸਾੜ੍ਹੀ ਵਿਚ ਕਿਸੇ 'ਸਮਾਜ-ਸੇਵਕਾ' ਵਾਂਗ...ਗਾਂਜਾ ਵਗੈਰਾ ਲਿਜਾਣਾ ਪੈਂਦਾ ਹੈ। 'ਪਰ ਅੱਜ ਤੋਂ ਇਕ ਹੋਰ ਕਹਾਣੀ ਸ਼ੁਰੂ ਹੋ ਰਹੀ ਏ, ਉਹ ਵੀ ਸੁਣ ਲਓ ਦੀਦੀ...ਮੈਂ ਮੇਗੀ ਤੋਂ ਬੇਬੀ ਬਣ ਗਈ ਹਾਂ ਤੇ ਮੈਂ ਵੀ ਓਹੋ ਕਰਨ ਜਾ ਰਹੀ ਹਾਂ ਜੋ ਬੇਬੀ...ਪਰ ਜੀਸਸ ਦੇ ਸ਼ਬਦਾਂ ਵਿਚ ਇਹ ਪਾਪ ਹੈ, ਪਰ ਪਾਪ ਕੀ ਹੁੰਦਾ ਏ? ਮੈਂ ਜਨਮ ਲੈਣ ਪਿੱਛੋਂ ਜੋ ਕੁਝ ਵੀ ਕੀਤਾ, ਪਤਾ ਨਹੀਂ ਉਸ ਵਿਚ ਕੋਈ ਪੁੰਨ ਵੀ ਹੈ ਕਿ ਨਹੀਂ! ਫੇਰ ਇਹ ਕਿ ਇਕ ਪਾਪ ਹੋਰ ਕਿਉਂ ਨਾ ਕੀਤਾ ਜਾਏ...ਤਾਂ ਸੁਣੋ ਫੇਰ, ਸੱਤ ਸਾਲ ਧੁੱਪ ਦੀਆਂ ਸੱਤ ਲੱਪਾਂ ਵਾਂਗ ਬੀਤ ਗਏ। ਨਿਹਾਲ ਹੋ ਕੇ ਬੇਬੀ ਦੌੜੀ ਦੌੜੀ ਉਪਰ ਆਈ। ਭਿੜੇ ਦਰਵਾਜ਼ੇ ਨੂੰ ਧਰੀਕ ਕੇ ਅੰਦਰ ਘੁਸ ਗਈ, “ਡੈਡੀ!”
ਮਿਸਟਰ ਸੂਰੀ ਤ੍ਰਬਕ ਗਏ। ਉਪਰ ਹਵਾ ਵਿਚ ਉਠਿਆ ਹੋਇਆ ਹੱਥ, ਉਠਿਆ ਹੀ ਰਹਿ ਗਿਆ। ਬੇਬੀ ਗਲ਼ੇ ਨਾਲ ਝੂਲ ਗਈ।
ਮੇਜ਼ ਉੱਤੇ ਗਿਆਸ ਰੱਖਦਿਆਂ ਸੂਰੀ ਸਾਹਬ ਨੇ ਕਿਹਾ, “ਕੀ ਗੱਲ ਏ ਬੇਬੀ?”
“ਦੇਖੋ ਨਾ ਡੈਡੀ, ਮੈਂ ਫਰਾਕ ਵਿਚ ਕੈਸੀ ਲੱਗ ਰਹੀ ਆਂ?”
“ਜਸਟ ਲਾਈਕ ਏ ਫੇਰੀ...ਬਿਲਕੁਲ ਪਰੀ।” ਤੇ ਇਕ ਮੁਸਕਾਨ ਨਾਲ ਉਹਨਾਂ ਬੇਬੀ ਨੂੰ ਚੁੰਮ ਲਿਆ। ਬੇਬੀ ਝੱਟ ਪਰ੍ਹਾਂ ਹਟ ਗਈ ਜਿਵੇਂ ਬਿਜਲੀ ਦਾ ਕਰੰਟ ਵੱਜਿਆ ਹੋਵੇ।
“ਤੁਹਾਡੇ ਮੂੰਹ 'ਚੋਂ ਬੜੀ ਬੌ ਆ ਰਹੀ ਏ...!”
“ਅੰ...” ਮਿਸਟਰ ਸੂਰੀ ਰੁਮਾਲ ਨਾਲ ਮੂੰਹ ਢਕ ਲਿਆ।
ਬੇਬੀ ਗੁੰਮਸੁੰਮ ਖੜ੍ਹੀ, ਮੇਜ਼ ਉੱਤੇ ਪਈ ਬੋਤਲ ਵਲ ਦੇਖਦੀ ਰਹੀ। ਫੇਰ ਯਕਦਮ ਪੁੱਛ ਬੈਠੀ, “ਤੁਸੀਂ ਕੀ ਪੀ ਰਹੇ ਓ ਡੈਡੀ?”
“ਕੁਝ ਨਹੀਂ।” ਸਾਹਬ ਨੇ ਟਾਲਣਾ ਚਾਹਿਆ।
“ਨਹੀਂ ਤੁਸੀਂ ਝੂਠ ਬੋਲਦੇ ਓ। ਮੈਨੂੰ ਵੀ ਇਸ ਬੋਤਲ 'ਚੋਂ ਦਿਓ ਨਾ।” ਤੇ ਬੇਬੀ ਵਾਰ ਵਾਰ ਜਿੱਦ ਕਰਨ ਲੱਗੀ।
ਮਿਸਟਰ ਸੂਰੀ ਨੇ ਬੇਬੀ ਦਾ ਵਧਿਆ ਹੋਇਆ ਹੱਥ ਫੜ੍ਹ ਲਿਆ, “ਗੁਡੀਆ, ਇੰਜ ਜਿੱਦ ਨਹੀਂ ਕਰਦੇ। ਜਾਹ, ਜਾ ਕੇ ਮੰਮੀ ਕੋਲ ਖੇਡ। ਸਾਡੇ ਵਾਂਗ ਅਜੇ ਤੇਰੇ ਦਿਨ ਕਮਰੇ ਵਿਚ ਘੁਸ ਕੇ ਬੈਠੇ ਰਹਿਣ ਦੇ ਨਹੀਂ। ਜਾਹ ਖੇਡ, ਆਰਾਮ ਕਰ ਜਾਂ ਜਾ ਕੇ ਪੜ੍ਹ ਤੇ ਮੇਰੇ ਵਾਂਗ ਅਫਸਰ ਬਣ।”
“ਸੱਚ ਡੈਡੀ!”
“ਓ ਯੇਸ! ਜਾਓ ਖੇਲੋ ਤੇ ਦੇਖੋ ਜ਼ਿੰਦਗੀ ਕਿਤਨੀ ਖੁਬਸੂਰਤ ਹੈ...ਉਸਦਾ ਆਨੰਦ ਮਾਣੋ¸ ਗੋ ਐਂਡ ਇੰਜਾਏ ਲਾਈਫ਼।”
ਬੇਬੀ ਦੌੜ ਗਈ...ਫੁਰਰ।
***

ਚੋਰ ਦਰਵਾਜ਼ਾ...
ਦਰਵਾਜ਼ਾ ਬੰਦ ਕਰਦਿਆਂ ਹੋਇਆ ਮਿਸਟਰ ਸੂਰੀ ਆਪਣੇ ਆਪ ਨਾਲ ਬੜਬੜਾਏ, “ਪਤਾ ਨਹੀਂ ਬੰਦ ਕਰਨਾ ਕਿੰਜ ਭੁੱਲ ਗਿਆ! ਬੜਾ ਤੰਗ ਕਰਦੀ ਏ, ਹੁਣ ਇਸ ਨੂੰ ਕਿਸੇ ਬੋਰਡਿੰਗ 'ਚ ਭੇਜਣਾ ਪਏਗਾ। ਸਾਰਾ ਮੂਡ ਚੌਪਟ ਕਰ ਦਿੱਤਾ।” ਤੇ ਕੁਰਸੀ ਵਿਚ ਧਸ ਕੇ ਬੈਠ ਗਏ। ਫੇਰ ਬੋਤਲ...ਫੇਰ ਗਿਲਾਸ...ਫੇਰ ਬੋਤਲ...ਓਦੋਂ ਹੀ ਚੋਰ ਦਰਵਾਜ਼ਾ ਖੜਕਿਆ। ਉਹ ਝੂੰਮਦੇ ਹਾਥੀ ਵਾਂਗ ਅੱਗੇ ਵਧੇ। ਦਰਵਾਜ਼ਾ ਖੋਲ੍ਹਿਆ, ਸਾਹਮਣੇ ਡਰਾਈਵਰ ਬੁੱਤ ਬਣਿਆ ਖੜ੍ਹਾ ਸੀ।
“ਕੀ ਏ...ਸਾਲਿਆ?”
“ਹਜ਼ੂਰ...”
“ਹਜ਼ੂਰ ਦਾ ਬੱਚਾ...ਲੈ ਅਇਆ?”
ਉਤਰ ਵਿਚ ਉਸਨੇ ਮੂੰਹ ਵਿਚੋਂ 'ਸ਼ੀ-ਸ਼ੀ' ਦੀ ਆਵਾਜ਼ ਕੱਢੀ। ਸਾਹਮਣੇ ਆ ਕੇ ਇਕ ਮੂਰਤ ਖੜ੍ਹੀ ਹੋ ਗਈ। ਬਿਨਾਂ ਕੁਝ ਕਿਹਾਂ ਸਾਹਬ ਨੇ ਜੇਬ ਵਿਚ ਹੱਥ ਪਾਇਆ। ਹੱਥ ਵਿਚ ਪੰਜ ਦਾ ਇਕ ਨੋਟ ਆ ਗਿਆ...ਉਹ ਨੋਟ ਹੁਣ ਡਰਾਈਵਰ ਦਾ ਸੀ।
ਸਲਾਮੀ ਦੇ ਕੇ ਉਹ ਚਲਾ ਗਿਆ।
ਕੁੜੀ ਅੰਦਰ ਆ ਗਈ। ਚੋਰ ਦਰਵਾਜ਼ਾ ਬੰਦ ਹੋ ਗਿਆ। ਉਹ ਪੱਥਰ ਦੀ ਮੂਰਤ ਵਾਂਗ ਖਾਮੋਸ਼ ਖੜ੍ਹੀ ਸੀ। ਮੋਢੇ ਉੱਤੇ ਹੱਥ ਰੱਖ ਕੇ ਸੂਰੀ ਸਾਹਬ ਨੇ ਪੁੱਛਿਆ, “ਕੀ ਨਾਂ ਏਂ ਤੇਰਾ?”
ਪਸੀਨੋ-ਪਸੀਨੀ ਹੋਈ ਉਸ ਕੁੜੀ ਦੇ ਬੁੱਲ੍ਹ ਫਰਕੇ, “ਨਾਂ 'ਚ ਕੀ ਰੱਖਿਐ ਜੀ, ਕੁਝ ਵੀ ਰੱਖ ਲਓ...ਸੀਤਾ, ਸਵਿੱਤਰੀ, ਮਰੀਅਮ...ਮੈਂ ਤਾਂ ਬਸ ਏਨਾ ਜਾਣਦੀ ਆਂ ਜੀ ਕਿ ਮਜ਼ਬੂਰੀਆਂ ਵਿਚ ਘਿਰੀ ਹਰ ਔਰਤ ਵੇਸ਼ੀਆ ਹੁੰਦੀ ਏ...ਤੇ ਤੁਸੀਂ ਜਿਸ ਗਰਜ ਲਈ ਮੈਨੂੰ ਬੁਲਾਇਆ ਏ, ਮੈਂ ਤਿਆਰ ਆਂ।”
ਇਕੋ ਸਾਹ ਵਿਚ ਗਿਲਾਸ ਖ਼ਾਲੀ ਕਰਕੇ ਸੂਰੀ ਸਾਹਬ ਕੁਝ ਸ਼ਾਂਤ ਹੋਏ ਕਿਉਂਕਿ ਅਜਿਹੇ ਸਮੇਂ ਉਪਦੇਸ਼ ਨੂੰ ਹਜਮ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ। ਉਹ ਮੁਸਕਰਾਏ, “ਓ ਯੇਸ...ਇਸ ਦੁਨੀਆਂ ਵਿਚ ਹੋਰ ਸਭ ਕੁਝ ਝੂਠ ਏ। ਸੱਚ ਹੈ ਤਾਂ ਸਿਰਫ ਆਪਣੀ ਗਰਜ...ਸਵਾਰਥ! ਰਾਈਟ?”
ਕੁੜੀ ਚੁੱਪੀ ਜਿੰਨੀ ਚੁੱਪ ਸੀ।
ਉਸ ਵੱਲ ਗਿਲਾਸ ਵਧਾ ਕੇ ਸਾਹਬ ਨੇ ਕਿਹਾ, “ਇਟ ਡਰਿੰਕ..ਨੋ ਨੋ...ਲਵ ਐਂਡ ਬੀ ਮੇਰੀ...ਡਾਰਲਿੰਗ, ਵਨ ਸਿਪ।”
“ਮੈਨੂੰ ਪੀਣ ਦੀ ਆਦਤ ਨਹੀਂ।”
“ਥੋੜੀ ਜਿੰਨੀ...”
ਕੁੜੀ ਫੇਰ ਟਲ ਗਈ।
ਉਦੋਂ ਹੀ ਦਸ ਦਾ ਨੋਟ ਸਾਹਬ ਦੇ ਹੱਥ ਵਿਚ ਨਜ਼ਰ ਆਇਆ। ਕੁੜੀ ਇੱਲ੍ਹ ਵਾਂਗ ਝਪਟੀ। ਸੂਰੀ ਸਾਹਬ ਦਾ ਗਿਲਾਸ ਅੱਗੇ ਵੱਧ ਗਿਆ। ਨੋਟ ਵੱਲ ਹੱਥ ਤੇ ਗਿਲਾਸ ਵੱਲ ਹੋਂਠ ਵਧਾ ਕੇ ਕੁੜੀ ਦੀ ਜਿੱਦ ਠੁੱਸ ਹੋ ਗਈ, “ਸਾਹਬ, ਹੁਣ ਅੰਮ੍ਰਿਤ ਤਾਂ ਕੀ, ਜ਼ਹਿਰ ਵੀ ਪਿਲਾਅ ਦਿਓ ਤਾਂ ਪੀ ਲਵਾਂਗੀ।”
***

ਵਿਚਕਾਰਲਾ ਦਰਵਾਜ਼ਾ...
ਪੌੜੀਆਂ ਉਤਰ ਕੇ ਬੇਬੀ ਹੇਠਾਂ ਆਈ।
ਵਿਚਕਾਰਲਾ ਦਰਵਾਜ਼ਾ ਪਾਰ ਕਰਦਿਆਂ ਹੀ ਖਿੜ ਗਈ, “ਖੰਨਾ ਅੰਕਿਲ, ਗੁੱਡ ਈਵਨਿੰਗ।”
“ਗੁੱਡ ਈਵਨਿੰਗ ਸਵੀਟੀ,” ਖੰਨਾ ਸਾਹਬ ਮੁਸਕਰਾਏ।
ਉਦੋਂ ਤਕ ਬੇਬੀ ਉਹਨਾਂ ਦੀ ਗੋਦੀ ਚੜ੍ਹ ਚੁੱਕੀ ਸੀ। ਖੰਨਾ ਸਾਹਬ ਦੀ ਮੁਸਕਰਾਹਟ ਪਿੱਛੇ ਇਕ ਪਰਛਾਵਾਂ ਹੋਰ ਥਿਰਕਿਆ। ਮਿਸੇਜ ਸੂਰੀ ਤਾੜ ਗਈ। ਬੇਬੀ ਨੂੰ ਆਪਣੀ ਗੋਦ ਵਿਚ ਖਿਚਦਿਆਂ ਪੁੱਛਿਆ, “ਕਿਧਰੋਂ ਆਈ ਏਂ?”
“ਡੈਡੀ ਕੋਲੋਂ, ਮੰਮੀ।”
ਉਹ ਤ੍ਰਬਕੀ, “ਕੀ ਕਰ ਰਹੇ ਨੇ ਉਹ?”
ਬੇਬੀ ਸਹਿਮ ਕੇ ਬੋਲੀ, “ਕੁਝ ਪੀ ਰਹੇ ਨੇ।”
ਇਸ ਵਾਰੀ ਸ਼ਰਮ ਦੀ ਲਕੀਰ ਦੇ ਬਜਾਏ, ਮੁਸਕਰਾਹਟ ਦੀ ਇਕ ਮਿੱਠੀ ਲਹਿਰ ਮਿਸੇਜ ਸੂਰੀ ਵੱਲੋਂ ਮਿਸਟਰ ਖੰਨਾ ਤਕ ਜਾ ਪਹੁੰਚੀ। ਹੱਸ ਕੇ ਬੋਲੀ, “ਬੇਬੀ ਜਾਹ, ਜਾ ਕੇ ਆਂਟੀ ਕੋਲ ਖੇਡ। ਤੇਰੇ ਤਾਂ ਅਜੇ ਹੱਸਣ ਖੇਡਣ ਦੇ ਦਿਨ ਨੇ। ਵੱਡਿਆਂ ਵਿਚਕਾਰ ਨਹੀਂ ਬੈਠੀਦਾ ਹੁੰਦਾ। ਜਾਹ, ਹੱਸ ਖੇਡ ਤੇ ਜ਼ਿੰਦਗੀ ਨੂੰ ਰਬੜ ਵਾਂਗ ਲੰਮੀ ਵਧਾਅ। ਤੂੰ ਵੀ ਤਾਂ ਮੇਰੇ ਵਾਂਗ ਕਿਸੇ ਅਫ਼ਸਰ ਦੀ ਮੇਮ ਸਾਹਿਬਾ ਬਣਨਾ ਏ ਨਾ...”
ਬੇਬੀ ਸ਼ਰਮਾ ਕੇ ਦੌੜ ਗਈ।
ਮਿਸਟਰ ਖੰਨਾ ਮਿਸੇਜ ਸੂਰੀ ਦੇ ਨੇੜੇ ਸਰਕ ਆਏ। ਮਿਸੇਜ ਸੂਰੀ ਨੇ ਅਦਾਅ ਸੁੱਟੀ, “ਬੜੀ ਜਲਦੀ ਬੋਰ ਹੋ ਜਾਂਦੇ ਨੇ।”
ਉਤਰ ਵਿਚ ਖੰਨਾ ਸਾਹਬ ਨੇ ਬਿੱਲੀ ਦੀਆਂ ਨਜ਼ਰਾਂ ਨਾਲ ਚਾਰੇ ਪਾਸੇ ਤੱਕਿਆ, “ਉਹਨਾਂ ਦੀਆਂ ਉਂਗਲਾਂ ਵਿਚ ਮਿਸੇਜ ਸੂਰੀ ਨੇ ਉਂਗਲਾਂ ਫਸਾ ਲਈਆਂ, “ਡੌਂਟ ਫੀਅਰ ਡਾਰਲਿੰਗ, ਮਿਸਟਰ ਸੂਰੀ ਤਾਂ ਹੁਣ ਤਕ ਪੂਰੀ ਤਰ੍ਹਾਂ ਡਾਊਨ ਹੋ ਚੁੱਕੇ ਹੋਣੇ ਨੇ।”... ਤੇ ਉਹ ਮਿਸਟਰ ਖੰਨਾ ਦੀਆਂ ਬਾਹਾਂ ਵਿਚ ਝੂਲ ਗਈ।
ਮਿਸਟਰ ਖੰਨਾ ਨੇ ਹੌਲੀ ਜਿਹੇ ਪੁੱਛਿਆ, “ਤੇ ਤੁਹਾਡੀ ਭੈਣ?”
“ਉਹ ਏਧਰ ਨਹੀਂ ਆਉਂਦੀ...ਸ਼ੀ ਇਜ਼ ਟੂ ਬੈਕਵਰਡ...”
***

ਪਿਛਲਾ ਦਰਵਾਜ਼ਾ...
ਬੇਬੀ ਪਿੱਛੇ ਚਲੀ ਗਈ।
ਦਰਵਾਜ਼ਾ ਖੜਕਾਉਂਦੀ ਹੋਈ ਆਵਾਜ਼ਾਂ ਮਰਨ ਲੱਗੀ, “ਵਰਸ਼ਾ ਆਂਟੀ...ਆਂਟੀ...ਆਂਟੀ...!”
ਦਰਵਾਜ਼ਾ ਖੁੱਲ੍ਹਦਿਆਂ ਹੀ ਇਕ ਖੁਬਸੂਰਤ ਮੁਟਿਆਰ ਕੁੜੀ, ਦੁੱਧ ਚਿੱਟੀ ਸਾੜ੍ਹੀ ਵਿਚ ਸਾਹਮਣੇ ਖੜ੍ਹੀ ਨਜ਼ਰ ਆਈ। ਬੇਬੀ ਨੂੰ ਗੋਦੀ ਚੁੱਕ ਕੇ ਬੋਲੀ, “ਕੀ ਗੱਲ ਏ ਸੋਨੀ?”
ਗੋਦੀ ਦੇ ਨਿੱਘ ਸਦਕਾ ਬੇਬੀ ਦੀਆਂ ਖੁਸ਼ੀਆਂ, ਕਲੀਆਂ ਵਾਂਗ ਖਿੜ ਗਈਆਂ। ਪੱਲੇ ਵਿਚ ਮੂੰਹ ਛਿਪਾ ਕੇ ਉਹ ਕਹਿੰਦੀ ਰਹੀ, “ਮੇਰੀ ਚੰਗੀ ਆਂਟੀ, ਮੇਰੀ ਪਿਆਰੀ ਆਂਟੀ!”
ਤੇ ਬੇਬੀ ਦੀ ਆਂਟੀ! ਉਸ ਉੱਤੇ ਤਾਂ ਜਿਵੇਂ ਸਾਰਾ ਸੌਣ ਵਰ੍ਹ ਗਿਆ ਹੋਵੇ...ਉਹ ਬੇਬੀ ਨੂੰ ਪਾਗਲਾਂ ਵਾਂਗ ਚੁੰਮਣ ਲੱਗ ਪਈ ਸੀ।
ਬੇਬੀ ਨੇ ਯਕਦਮ ਪੁੱਛਿਆ, “ਆਂਟੀ ਤੁਸੀਂ ਹਮੇਸ਼ਾ ਇਸੇ ਕਮਰੇ 'ਚ ਕਿਉਂ ਰਹਿੰਦੇ ਓ? ਕਿਸੇ ਨਾਲ ਮਿਲਦੇ ਕਿਉਂ ਨਹੀਂ? ਮੰਮੀ ਤਾਂ ਖੰਨਾ ਅੰਕਲ, ਰਮੇਸ਼ ਅੰਕਲ...ਸਾਰਿਆਂ ਨਾਲ ਢੇਰ ਸਾਰੀਆਂ ਗੱਲਾਂ ਕਰਦੀ ਏ...”
ਉਤਰ ਵਿਚ ਵਰਸ਼ਾ ਨੇ ਬੇਬੀ ਨੂੰ ਫੇਰ ਚੁੰਮਿਆਂ, ਨਾਲ ਹੀ ਹੰਝੂਆਂ ਵਿਚ ਅਨੇਕਾਂ ਧੁੰਦਲੇ ਚਿੱਤਰ ਥਿਰਕਣ ਲੱਗੇ...ਉਹਨਾਂ ਦੀ ਮੌਤ ਪਿੱਛੋਂ ਉਹ ਆਪਣੀ ਦੀਦੀ ਕੋਲ ਆ ਗਈ ਸੀ। ਕਿੰਨਾਂ ਪਿਆਰ ਕਰਦੇ ਸਨ ਉਹ! ਪਰ ਹੁਣ ਤਾਂ ਸਿਰਫ ਕੁੱਖ...ਉਹ ਲਗਾਤਾਰ ਸੁਪਨੇ ਬੁਣਨ ਲੱਗੀ ਕਿ ਰਾਜਾ ਪੁੱਤਰ ਆਏਗਾ ਤੇ ਉਹ ਲੋਰੀਆਂ ਗਾ-ਗਾ ਕੇ ਆਪਣਾ ਦੁੱਖ ਭੁਲਾਅ ਦਵੇਗੀ। ਉਦੋਂ ਹੀ ਇਕ ਦਿਨ ਮਿਸਟਰ ਮਾਦੁਰੀ ਨੂੰ ਲੈ ਕੇ ਦੀਦੀ ਆਈ। ਹਾਲ ਵਿਚ ਉਹਨਾਂ ਨੂੰ ਬਿਠਾਅ ਕੇ ਉਹ ਬੜਾ ਕੁਝ ਸਮਝਾਉਂਦੀ ਰਹੀ। ਉਹ ਕੁਰਲਾਅ ਉਠੀ, “ਨਹੀਂ, ਦੀਦੀ ਨਹੀਂ। ਇਕ ਸਵਰਗਵਾਸੀ ਆਤਮਾਂ ਨਾਲ ਮੈਨੂੰ ਧੋਖਾ ਕਰਨ ਲਈ ਮਜ਼ਬੂਰ ਨਾ ਕਰੋ।”
ਦੀਦੀ ਨੇ ਕਿਹਾ, “ਡੌਂਟ ਬੀ ਸਿਲੀ। ਮਰਨ ਵਾਲਾ ਤਾਂ ਮਰ ਗਿਆ, ਤੇ ਸਾਰੇ ਜਾਣਦੇ ਨੇ ਤੈਨੂੰ ਉਸ ਨਾਲ...ਫੇਰ ਇਸ ਦਾ ਫਾਇਦਾ ਕਿਉਂ ਨਹੀਂ ਉਠਾਂਦੀ? ਲੋਕ ਬਦਨਾਮ ਵੀ ਨਹੀਂ ਕਰਨਗੇ ਤੇ...ਤੇ ਥੋੜ੍ਹੀ ਜਿਹੀ ਲਿਫਟ ਹੀ ਕਾਫੀ ਹੁੰਦੀ ਏ ਮਰਦਾਂ ਲਈ...ਮੇਕ ਦੈਮ ਫੂਲ। ਦੇਖ ਮੈਂ ਖੰਨੇ ਨੂੰ ਜ਼ਰਾ ਜਿੰਨੀ ਖੁੱਲ੍ਹ ਕੀ ਦਿੱਤੀ ਕਿ ਬੇਬੀ ਨੂੰ ਕਾਰ ਪ੍ਰੈਜੇਂਟ ਕਰ ਗਿਆ। ਨਾਲੇ ਇਹੋ ਜਿਹੇ ਲੋਕ ਹਾਰਮਲੈੱਸ ਕਰੀਚਰ ਹੁੰਦੇ ਨੇ" ਤੇ ਉਹ ਹੱਸ ਪਈ।
ਉਹ ਚੀਕ ਹੀ ਪਈ ਸੀ, “ਚਲੀ ਜਾਹ, ਇੱਥੋਂ ਚਲੀ ਜਾਹ ਦੀਦੀ। ਕੀ ਤੇਰੀਆਂ ਨਜ਼ਰਾਂ ਵਿਚ ਇਕ ਔਰਤ ਦੀ ਪਵਿੱਤਰਤਾ ਦਾ ਮੁੱਲ ਸਿਰਫ ਇਕ ਕਾਰ ਐ?”
ਦੀਦੀ ਹਿਰਖ ਕੇ ਬੋਲੀ ਸੀ, “ਚਲੀ ਜਾਹ!...ਤੂੰ ਨਹੀਂ, ਮੈਂ ਕਹਿ ਸਕਦੀ ਆਂ। ਇਹ ਘਰ ਮੇਰਾ ਏ ਵਰਸ਼ਾ। ਜੇ ਇੱਥੇ ਰਹਿਣਾ ਏਂ, ਤਾਂ ਮੈਂ ਜਿਵੇਂ...”
ਉਦੋਂ ਉਹ ਦੀਦੀ ਦੇ ਪੈਰਾਂ 'ਤੇ ਡਿੱਗ ਪਈ ਸੀ¸“ਰੱਬ ਦਾ ਵਾਸਤਾ ਈ ਦੀਦੀ ਏਨੀ ਸਭਿਅ ਨਾ ਬਣ ਕਿ ਸਭਿਅਤਾ ਈ ਮਰ ਜਾਏ। ਮੈਨੂੰ ਘਰ ਦੇ ਕਿਸੇ ਕੋਨੇ ਵਿਚ ਪਈ ਰਹਿਣ ਦੇ...। ਕਿਸਮਤ ਤਾਂ ਉੱਜੜ ਈ ਚੁੱਕੀ ਏ, ਹੁਣ ਗੋਦ ਨੂੰ ਤਾਂ ਨਾ ਉੱਜੜਨ ਦਿਆਂ...।”
ਸ਼ਾਇਦ ਤਰਸ ਖਾ ਕੇ ਦੀਦੀ ਨੇ ਕਿਹਾ ਸੀ, “ਅੱਛਾ, ਤਾਂ ਪਈ ਰਹਿ ਕਿਸੇ ਕੋਨੇ ਵਿਚ...ਪਰ ਖਬਰਦਾਰ! ਜੇ ਘਰ ਦੇ ਕਿਸੇ ਮਾਮਲੇ ਵਿਚ ਲੱਤ ਅੜਾਈ।” ਤੇ ਬੁੜਬੁੜ ਕਰਦੀ ਹੋਈ ਚਲੀ ਗਈ। 'ਹੁਣ ਮਿਸਟਰ ਮਾਦੁਰੀ ਨੂੰ ਮੈਨੂੰ ਹੀ ਏਂਨਟਰਟੇਨ ਕਰਨਾ ਪਏਗਾ...।'
ਇਕ ਕੋਸੀ ਜਿਹੀ ਬੂੰਦ ਬੇਬੀ ਦੀ ਗੱਲ੍ਹ ਉਪਰ ਆ ਡਿੱਗੀ¸ “ਆਂਟੀ ਤੁਸੀਂ ਰੋ ਰਹੇ ਓ?”
ਵਰਸ਼ਾ ਤ੍ਰਬਕ ਗਈ।
“ਨਾ ਰੋਵੋ ਆਂਟੀ! ਤੁਸੀਂ ਕਿੰਨੇ ਚੰਗੇ ਓ...ਕਿੰਨੇ ਸੋਹਣੇ...”
ਵਰਸ਼ਾ ਨੇ ਅੱਥਰੂ ਪੂੰਝ ਲਏ, “ਤੂੰ ਵੀ ਸੋਹਣੀ ਬਣਨਾ ਚਾਹੁੰਦੀ ਏਂ ਬੇਬੀ?”
“ਹਾਂ...।”
“ਤਾਂ ਖ਼ੂਬ ਪੜ੍ਹ। ਬਹੁਤ ਸਾਰਾ ਪੜ੍ਹ। ਫੇਰ ਤੂੰ ਵੀ ਮੇਰੇ ਵਰਗੀ ਸੋਹਣੀ ਬਣ ਜਾਏਂਗੀ।”
“ਸੱਚ ਆਂਟੀ?”
“ਹਾਂ¸” ਵਰਸ਼ਾ ਨੇ ਸਿਰ ਹਿਲਾਇਆ।
ਬੇਬੀ ਗੋਦੀ ਵਿਚੋਂ ਉਤਰ ਗਈ, “ਤਾਂ ਮੈਂ ਪੜ੍ਹਨ ਜਾਂਨੀਂ ਆਂ ਫੇਰ।”
***

ਇਕ ਹੋਰ ਦਰਵਾਜ਼ਾ...
ਵਰਸ਼ਾ ਦੇ ਕਮਰੇ ਵਿਚੋਂ ਆ ਕੇ ਬੇਬੀ ਪੌੜੀਆਂ ਚੜ੍ਹਨ ਲੱਗੀ।
ਡੈਡੀ ਦਾ ਦਰਵਾਜ਼ਾ ਬੰਦ ਸੀ।
ਉਹ ਸਿੱਧੀ ਸਟੱਡੀ ਰੂਮ ਵਿਚ ਚਲੀ ਗਈ। ਦਰਵਾਜ਼ਾ ਖੋਲ੍ਹ ਕੇ ਅੰਦਰ ਵੜੀ। ਕਮਰੇ ਵਿਚ ਰੋਸ਼ਨੀ ਉਂਘ ਰਹੀ ਸੀ। ਬੇਬੀ ਨੇ ਸਵਿੱਚ ਆਨ ਕਰ ਦਿੱਤਾ, ਰੋਸ਼ਨੀ ਤ੍ਰਬਕ ਕੇ ਜਾਗ ਪਈ।
ਉਹ ਸੋਚਦੀ ਰਹੀ, ਕੀ ਪੜ੍ਹੇ?
ਉਸਨੇ ਦੇਖਿਆ ਫਰਸ਼ ਉੱਤੇ ਇਕ ਕਲੰਡਰ ਪਿਆ ਸੀ...ਸ਼ਇਦ ਹਵਾ ਨਾਲ ਡਿੱਗਿਆ ਹੋਵੇਗਾ । ਉਸਨੂੰ ਚੁੱਕ ਕੇ ਉਹ ਧਿਆਨ ਨਾਲ ਦੇਖਣ ਲੱਗੀ...ਇਕ ਲੰਮਾਂ ਰਸਤਾ, ਬੇਹੱਦ ਲੰਮਾਂ! ਪਹਿਲੇ ਮੋੜ ਉੱਤੇ ਇਕ ਬੱਚਾ ਹੱਸ ਰਿਹਾ ਸੀ; ਦੂਸਰੇ ਮੋੜ ਉੱਤੇ ਉਹ ਜਵਾਨ ਹੋ ਚੁੱਕਿਆ ਹੈ ਤੇ ਉਸਦੀ ਪਿੱਠ ਉੱਤੇ ਥੈਲਾ ਹੈ; ਤੀਸਰੇ ਮੋੜ ਉੱਤੇ ਉਹ ਬਿਲਕੁਲ ਬੁੱਢਾ ਦਿਖਾਈ ਦੇ ਰਿਹਾ ਹੈ ਤੇ ਉਸਦੀ ਪਿੱਠ ਉੱਤੇ ਕਾਫੀ ਭਾਰਾ ਬੋਝ ਹੈ ਤੇ ਉਹ ਕੁੱਬਾ ਹੋ ਚੁੱਕਿਆ ਹੈ।
ਬੇਬੀ ਦੇਖਦੀ ਰਹੀ, ਦੇਖਦੀ ਰਹੀ। ਉਸਨੂੰ ਲੱਗਿਆ ਕਲੰਡਰ ਸਿਰਫ ਇਕ ਕੋਰਾ ਕਾਗਜ਼ ਹੈ। ਫੇਰ ਉਸ ਕਾਗਜ਼ ਉੱਤੇ ਔਰਤ ਉੱਗ ਆਈ। ਉਸਦੇ ਇਕ ਹੱਥ ਵਿਚ ਇਕ ਹੰਟਰ ਤੇ ਦੂਜੇ ਵਿਚ ਇਕ ਦਿਲ ਸੀ...ਖੂਨ ਵਿਚ ਲੱਥਪੱਥ।
ਉਹ ਕੰਬ ਗਈ।
ਹੌਲੀ ਹੌਲੀ ਕਾਗਜ ਉਪਰਲਾ ਧੰਦਲਾ ਪਰਛਾਵਾਂ ਬਿਲਕੁਲ ਸਪਸ਼ਟ ਹੋ ਗਿਆ, “ਡਰ ਨਾ ਬੇਬੀ।”
ਬੇਬੀ ਨੇ ਕੰਬਦੀ ਆਵਾਜ਼ ਵਿਚ ਕਿਹਾ, “ਮੈਂ..ਮੈਂ ਕਦੋਂ ਡਰ ਰਹੀ ਆਂ?”
ਉਹ ਪਰਛਾਵਾਂ ਮੁਸਕਰਾਇਆ, “ਤੂੰ ਮੈਨੂੰ ਕੁਝ ਕਹਿਣਾ ਏਂ?”
ਬੇਬੀ ਬਿਟ-ਬਿਟ ਤੱਕਦੀ ਰਹੀ। ਚਿੱਟੇ ਬੱਦਲਾਂ ਵਰਗੀ ਡਰੈਸ ਵਾਲੀ ਔਰਤ ਨੇ ਫੇਰ ਪੱਛਿਆ, “ਕੁਝ ਪੁੱਛਣਾ ਏਂ?”
“ਅੰ...ਅ” ਬੇਬੀ ਜਿਵੇਂ ਨੀਂਦ ਵਿਚੋਂ ਜਾਗੀ।
“ਹਾਂ...ਹਾਂ, ਡਰ ਨਾ, ਮੈਥੋਂ। ਪੁੱਛ...ਪਰ ਇਕੋ ਸਵਾਲ।”
“ਸਿਰਫ ਇਕ ਹੀ?”
“ਹਾਂ।”
“ਕਲੰਡਰ ਦੀ ਤਸਵੀਰ ਦੇ ਕੀ ਅਰਥ ਨੇ?”
“ਕੋਈ ਹੋਰ ਸਵਾਲ ਪੁੱਛ ਬੇਬੀ।”
“ਨਹੀਂ, ਬਸ ਇਹੀ।”
ਉਹ ਕੰਬ ਗਈ, “ਤੂੰ ਸਿਰਫ ਇਹੋ ਸਵਾਲ ਪੁੱਛਣਾ ਏਂ?”
“ਹਾਂ-ਜੀ, ਸਿਰਫ ਇਹੋ ਇਕ ਸਵਾਲ?” ਬੇਬੀ ਨੇ ਹਿੰਮਤ ਕੀਤੀ।
ਉਸਦਾ ਇਕ ਹੱਥ ਹਿੱਲਿਆ ਤੇ ਦਿਲ ਵਿਚੋਂ ਹੰਝੂਆਂ ਵਾਂਗ ਲਹੂ ਵਗਣ ਲੱਗ ਪਿਆ। ਉਹ ਮੂਰਤ ਬੋਲੀ, “ਇਹੀ ਜ਼ਿੰਦਗੀ ਹੈ।”
“ਜ਼ਿੰਗਦੀ! ਜ਼ਿੰਦਗੀ ਕੀ ਹੁੰਦੀ ਐ?”
ਉਸਦੀ ਸੁਰੀਲੀ ਆਵਾਜ਼ ਬੇ-ਸੁਰੀ ਹੋ ਗਈ, “ਬੇਬੀ ਮੈਂ ਤੇਰੇ ਜੀਵਨ ਦੇ ਪੰਨੇ ਪਲਟ ਕੇ ਦਸ ਸਕਦੀ ਹਾਂ ਕਿ ਤੂੰ ਕਦੋਂ, ਕਿੱਥੇ ਤੇ ਕਿੰਜ...ਪਰ ਇਸ ਦਾ ਕੀ ਲਾਭ? ਸਾਰਿਆਂ ਦੀ ਜ਼ਿੰਦਗੀ ਇਕ ਸਾਂਚੇ ਵਿਚ ਢਲੀ ਹੈ। ਮੇਰੀ ਬੱਚੀ, ਤੁਸੀਂ ਸਭ ਉਮੀਦਾਂ ਤੇ ਭਰਮਾਂ ਦੇ ਆਸਰੇ ਜਿਉਂਦੇ ਹੋ। ਇਕ ਦਿਨ ਸਾਰੇ ਭਰਮਾਂ ਦੀ ਕਾਈ ਫੱਟ ਜਾਂਦੀ ਹੈ ਤੇ ਕੱਟੀ ਹੋਈ ਪਤੰਗ ਵਾਂਗ ਉਮੀਦਾਂ ਕਿਤੋਂ ਦੀ ਕਿਤੇ ਜਾ ਡਿੱਗਦੀਆਂ ਨੇ...ਜੋ ਚਾਹੇਂਗੀ, ਉਹ ਕਦੀ ਨਹੀਂ ਪ੍ਰਾਪਤ ਕਰ ਸਕੇਂਗੀ। ਸੁਨਹਿਰੇ ਸੁਪਨਿਆਂ ਪਿੱਛੇ ਪਾਗਲਾਂ ਵਾਂਗ ਦੌੜੇਂਗੀ...ਪਰ ਉਹ ਪ੍ਰਛਾਵੇਂ ਵਾਂਗ ਤੈਥੋਂ ਦੂਰ ਹੁੰਦੇ ਜਾਣਗੇ।”
ਬੇਬੀ ਨੂੰ ਲੱਗਿਆ ਹੰਟਰ ਉਸਦੀ ਪਿੱਠ ਉਤੇ ਵਰ੍ਹ ਰਿਹਾ ਹੈ।
ਉਹ ਪਰਛਾਵਾਂ ਕਹਿ ਰਹਿ ਸੀ, “ਸੁਣ ਇਕ ਦਿਨ ਤੂੰ ਪ੍ਰੇਮ ਕਰੇਂਗੀ। ਉਸਦੇ ਮਿੱਠੇ ਅਹਿਸਾਸ ਮਨ ਵਿਚ ਘੁਲ ਜਾਣਗੇ, ਤੂੰ ਬਹਾਰਾਂ ਵਾਂਗ ਹੱਸੇਂਗੀ...ਪਰ ਇਕ ਦਿਨ ਬੇਰੁਜਗਾਰੀ ਤੇ ਭੁੱਖ ਕਾਰਨ ਤੇਰਾ ਪ੍ਰੇਮੀ ਤੜਫ-ਤੜਫ ਕੇ ਮਰ ਜਾਏਗਾ। ਫੇਰ ਤੂੰ ਵਰਸ਼ਾ ਦੀ ਸਕੀ ਭੈਣ ਬਣ ਜਾਏਂਗੀ ਤੇ ਮੀਂਹ ਵਾਂਗ ਅੱਥਰੂ ਵਹਾਏਂਗੀ।”
ਦਿਲ ਵਿਚੋਂ ਲਹੂ ਝਰਨੇ ਵਾਂਗ ਵਗ ਰਿਹਾ ਸੀ।
“ਤੇ ਫੇਰ ਤੂੰ ਮਾਂ ਬਣੇਗੀ। ਉਦੋਂ ਤੈਨੂੰ ਲੱਗੇਗਾ ਤੇਰਾ ਜੀਵਨ ਸਾਰਥਕ ਹੋ ਗਿਆ ਹੈ। ਤੂੰ ਸ਼ਾਇਦ ਇਸੇ ਲਈ ਜਿਉਂ ਰਹੀ ਸੈਂ। ਇਹੀ ਮਾਰਗ ਤੇਰੀ ਮੰਜਿਲ ਨੂੰ ਜਾਂਦਾ ਏ...ਪਰ ਦੂਜੇ ਹੀ ਪਲ, ਤੇਰੀ ਪਿੱਠ ਉੱਤੇ ਬੋਝਾ ਹੋਏਗਾ। ਤੂੰ ਚੀਕੇਂਗੀ, ਕੂਕੇਂਗੀ ਤੇ ਬੱਚੇ ਲਈ ਰੋਟੀ ਖਾਤਰ ਲੋਕਾਂ ਅੱਗੇ ਹੱਥ ਪਸਾਰੇਂਗੀ...ਆਪਣੀ ਇੱਜਤ ਤੱਕ...”
ਬੇਬੀ ਪਸੀਨੋ-ਪਸੀਨੀ ਹੋ ਗਈ।
ਪਰਛਾਵਾਂ ਬੋਲਦਾ ਰਿਹਾ, “ਏਨਾ ਹੀ ਨਹੀਂ ਮੇਰੀ ਬੱਚੀ। ਏਨਾ ਹੀ ਨਹੀਂ। ਇਕ ਦਿਨ ਤੇਰੀ ਮਾਂ ਮਰ ਜਾਏਗੀ। ਆਪਣੇ ਹੱਥੀਂ ਤੂੰ ਉਸ ਉੱਤੇ ਕਫ਼ਨ ਦਏਂਗੀ। ਫੇਰ ਤੇਰੇ ਡੈਡੀ ਵੀ...ਤੇ ਇਕ ਦਿਨ ਤੇਰਾ ਬੇਟਾ ਜਵਾਨ ਹੋ ਜਾਏਗਾ। ਬਹੂ ਲੈ ਆਏਗਾ। ਪਰ ਦੂਜੇ ਹੀ ਪਲ ਉਹ ਤੈਥੋਂ ਵੱਖ ਹੋ ਜਾਏਗਾ। ਤੇਰਾ ਆਪਣਾ ਜਿਸ ਨੂੰ ਤੂੰ ਆਪਣੀ ਹਿੱਕ ਨਾਲ ਲਾ ਕੇ ਪਾਲਿਆ...ਉਹ ਤੈਨੂੰ ਮਾੜੀ ਕਹੇਗਾ, ਗਾਲ੍ਹਾਂ ਤਕ ਕੱਢੇਗਾ ਤੇ ਜਿਵੇਂ ਕੁੱਤੇ ਨੂੰ ਰੋਟੀ ਸੁੱਟੀ ਜਾਂਦੀ ਏ, ਤੇਰੇ ਅੱਗੇ ਸੁੱਟ ਦਿਆ ਕਰੇਗਾ...ਤੂੰ ਰੋਏਂਗੀ, ਤੇਰੀ ਕੋਈ ਨਹੀਂ ਸੁਣੇਗਾ। ਪਿਆਸ ਨਾਲ ਤੇਰਾ ਸੰਘ ਸੁੱਕਿਆ ਹੋਇਆ ਕਰੇਗਾ, ਪਰ ਕੋਈ  ਪਾਣੀ ਨਹੀਂ ਫੜਾਏਗਾ। ਤੂੰ ਠੰਡ ਵਿਚ ਕੰਬ-ਕੰਬ ਮਰ ਜਾਏਂਗੀ, ਤੇ ਬਸ...ਬਸ, ਇੰਜ ਹੀ ਇਕ ਹੁਸੀਨ ਜ਼ਿੰਦਗੀ ਹਮੇਸ਼ਾ ਲਈ ਖ਼ਤਮ ਹੋ ਜਾਏਗੀ...ਜਿਸ ਦੇ ਜਨਮ ਲੈਣ ਉਪਰ ਵਾਜੇ ਵੱਜੇ ਸਨ, ਮਠਿਆਈਆਂ ਵੱਡੀਆਂ ਗਈਆਂ ਸਨ, ਹਮੇਸ਼ਾ ਹਮੇਸ਼ਾ ਲਈ ਭੁਲਾਅ ਦਿੱਤੀ ਜਾਏਗੀ...ਇਕ ਜ਼ਿੰਦਗੀ।”
“ਨਹੀਂ...ਨਹੀਂ।” ਬੇਬੀ ਚੀਕ ਪਈ।
“ਪਰ ਇਹੀ ਸੱਚ ਏ, ਇਹੋ ਜ਼ਿੰਦਗੀ ਹੈ ਮੇਰੀ ਬੱਚੀ।”
ਬੇਬੀ ਕੁਰਲਾਈ, “ਨਹੀਂ, ਮੈਨੂੰ ਇਹ ਜ਼ਿੰਦਗੀ ਨਹੀਂ ਚਾਹੀਦੀ। ਮੈਂ ਮਰਨਾ ਚਾਹੁੰਦੀ ਆਂ। ਮੈਨੂੰ ਮੌਤ ਚਾਹੀਦੀ ਏ।”
ਪੂਰਾ ਘਰ ਬੇਬੀ ਦੀਆਂ ਚੀਕਾਂ ਨਾਲ ਭਰ ਗਿਆ।
ਮਿਸਟਰ ਸੂਰੀ ਦਾ ਨਸ਼ਾ ਉਤਰ ਗਿਆ¸ ਚੋਰ ਦਰਵਾਜ਼ੇ ਰਾਹੀਂ ਆਈ ਔਰਤ ਚਲੀ ਗਈ। ਮਿਸੇਜ ਸੂਰੀ ਉਪਰ ਵੱਲ ਦੌੜੀ¸ ਮਿਸਟਰ ਖੰਨਾ ਬਾਹਰ ਵੱਲ ਦੌੜੇ ਤੇ ਗ਼ਾਇਬ ਹੋ ਗਏ। ਵਰਸ਼ਾ ਕਮਰੇ ਵਿਚੋਂ ਬਾਹਰ ਨਿਕਲ ਆਈ।
ਹੁਣ ਸਾਰੇ ਉਪਰ ਨੇ। ਆਪਣੇ ਛੋਟੇ ਛੋਟੇ ਕੰਨਾਂ ਉੱਤੇ ਹੱਥ ਰੱਖੀ ਬੇਬੀ ਅਜੇ ਵੀ ਚੀਕ ਰਹੀ ਹੈ¸ “ਮੈਂ ਮਰਨਾ ਚਾਹੁੰਦੀ ਆਂ...ਮੈਂ ਮਰਨਾ...।”
ਮਿਸੇਜ਼ ਸੂਰੀ ਬੇਬੀ ਨੂੰ ਚੁੱਕ ਲੈਂਦੀ ਹੈ¸ “ਇਹੋ ਜਿਹੀਆਂ ਗੱਲਾਂ ਨਹੀਂ ਕਰਦੇ ਬੇਟਾ। ਮਰਨਾ ਪਾਪ ਏ, ਗੁਨਾਹ ਏ...।”
ਬੇਬੀ ਰੋ ਰਹੀ ਹੈ।
“ਕੀ ਗੱਲ ਏ ਡਾਰਲਿੰਗ?”
ਬੇਬੀ ਨੇ ਰੋਂਦਿਆਂ-ਰੋਂਦਿਆਂ ਸਭ ਕੁਝ ਦਸ ਦਿੱਤਾ। ਉਸ ਦੀਆਂ ਅੱਖਾਂ ਸਾਹਮਣੇ ਫੇਰ ਕਲੰਡਰ ਘੁੰਮਣ ਲੱਗ ਪਿਆ...'ਬੋਝ ਹੇਠ ਦੱਬਿਆ ਬੁੱਢਾ', ਉਹ ਫੇਰ ਚੀਕੀ, “ਮੈਂ ਮਰਨਾ ਚਾਹੁੰਦੀ ਆਂ।”
ਇਸ ਵਾਰੀ ਮਿਸੇਜ ਸੂਰੀ ਤੋਂ ਇਹ ਨਹੀਂ ਕਿਹਾ ਗਿਆ, 'ਜਾਹ, ਹੱਸ-ਖੇਡ। ਆਪਣੀ ਜ਼ਿੰਦਗੀ ਨੂੰ ਰਬੜ ਵਾਂਗ ਲੰਮਿਆਂ ਬਣਾਅ¸ ਤੂੰ ਵੀ ਮੇਰੇ ਵਾਂਗ ਕਿਸੇ ਅਫ਼ਸਰ ਦੀ ਮੇਮ ਸਾਹਿਬਾ ਬਣਨਾ ਏਂ', ਉਸ ਦੀਆ ਅੱਖਾਂ ਸਾਹਮਣੇ ਜਵਾਨ ਬੇਬੀ ਘੁੰਮਣ ਲੱਗੀ; ਕਿਸੇ ਅਫ਼ਸਰ ਦੀ ਪਤਨੀ ਜਿਹੜੀ ਆਪਣੇ ਪਤੀ ਨੂੰ ਧੋਖਾ ਦੇ ਕੇ ਕਿਸੇ ਮਿਸਟਰ ਖੰਨਾ ਨਾਲ...ਸਿਰਫ ਇਕ ਕਾਰ ਲਈ, ਇਕ ਰੇਡੀਓ ਲਈ।
ਬੇਬੀ ਸਿਸਕ ਰਹੀ ਹੈ। ਉਹ ਵਰਸ਼ਾ ਵੱਲ ਦੇਖਦੀ ਹੈ, “ਆਂਟੀ ਮੈਂ ਤੁਹਾਡੇ ਵਰਗੀ ਖੂਬਸੂਰਤ ਨਹੀਂ ਬਣਨਾ...ਮੈਂ ਮਰਨਾ ਏਂ।”
ਵਰਸ਼ਾ ਕੁਝ ਨਹੀਂ ਕਹਿੰਦੀ, ਉਸ ਦੀਆਂ ਅੱਖਾਂ ਵਿਚ ਡੱਕੇ ਹੁੰਝੂਆਂ ਦਾ ਬੰਨ੍ਹ ਟੁੱਟ ਜਾਂਦਾ ਹੈ।
ਮਿਸਟਰ ਸੂਰੀ ਦੇ ਬੁੱਲ੍ਹਾਂ ਨੂੰ ਜਿਵੇਂ ਜਿੰਦਰਾ ਲੱਗਾ ਹੋਇਆ ਹੈ। ਉਹਨਾਂ ਤੋਂ ਵੀ ਇਹ ਨਹੀਂ ਕਿਹਾ ਜਾ ਰਿਹਾ, 'ਜਾਓ ਗੁਡੀਆ ਖੇਡੋ। ਜ਼ਿੰਦਗੀ ਕਿੰਨੀ ਹੁਸੀਨ ਹੈ...ਇਸ ਦਾ ਆਨੰਦ ਮਾਣੋ, ਗੋ ਐਂਡ ਏਂਜਵਾਏ ਲਾਈਫ਼।' ਉਹਨਾਂ ਸਾਹਮਣੇ ਕੋਈ ਵੱਡੀ ਬੇਬੀ ਜਿੱਦ ਕਰਦੀ ਹੈ¸ 'ਮਾਫ ਕਰੋ ਸਾਹਬ, ਮੈਨੂੰ ਪੀਣ ਦੀ ਆਦਤ ਨਹੀਂ...' ਉਦੋਂ ਹੀ ਹਵਾ ਵਿਚ ਇਕ ਦਸ ਦਾ ਨੋਟ ਲਹਿਰਾਉਂਦਾ ਹੈ। ਬੇਬੀ ਇੱਲ੍ਹ ਵਾਂਗ ਝਪਟਦੀ ਹੈ; ਹੱਥ ਨੋਟ ਤੇ ਬੁੱਲ੍ਹ ਗਿਲਾਸ ਵੱਲ...'ਹੁਣ ਅੰਮ੍ਰਿਤ ਕੀ, ਜ਼ਹਿਰ ਵੀ ਪਿਲਾਅ ਦਿਓ ਤਾਂ ਪੀ ਲਵਾਂਗੀ।'
ਮਿਸਟਰ ਸੂਰੀ ਨੂੰ ਲੱਗਦਾ ਹੈ¸ ਮਿਸੇਜ ਸੂਰੀ ਦੀ, ਬੇਬੀ ਦੀ, ਵਰਸ਼ਾ ਦੀ; ਇਕ ਇਕ ਕਰਦੇ ਸਭ ਦੀ ਅਰਥੀ ਬਾਹਰ ਨਿਕਲ ਰਹੀ ਹੈ...ਉਹ ਇਕੱਲੇ ਰਹਿ ਗਏ ਨੇ। ਉਹਨਾਂ ਦੀ ਮੁੱਠੀ ਵਿਚੋਂ ਇਕ ਹੁਸੀਨ ਜ਼ਿੰਦਗੀ ਕਿਰਦੀ ਜਾ ਰਹੀ ਹੈ। ਉਹ ਮੁੱਠੀ ਨੂੰ ਜਿੰਨਾਂ ਘੁੱਟੀ ਜਾ ਰਹੇ ਨੇ, ਜ਼ਿੰਦਗੀ ਰੇਤ ਵਾਂਗ ਉਨੀਂ ਹੀ ਤੇਜ਼ੀ ਨਾਲ ਕਿਰਦੀ ਜਾ ਰਹੀ ਹੈ...ਮੁੱਠੀ ਖ਼ਾਲੀ ਹੁੰਦੀ ਜਾ ਰਹੀ ਹੈ।
ਬੇਬੀ ਅਜੇ ਵੀ ਚੀਕੀ ਜਾ ਰਹੀ ਹੈ, “ਮੈਂ ਮਰਨਾ ਚਾਹੁੰਦੀ ਆਂ, ਮੈਂ ਮਰਨਾ ਚਾਹੁੰਦੀ ਆਂ। ਮੈਨੂੰ ਇਹ ਜ਼ਿੰਦਗੀ ਨਹੀਂ ਚਾਹੀਦੀ...ਮੈਂ ਆਤਮ ਹੱਤਿਆ ਕਰ ਲਵਾਂਗੀ, ਮੈਨੂੰ ਇਹ ਪਤਾ ਨਹੀਂ ਕਿ ਇਹ ਗੁਨਾਹ ਵੀ ਹੈ...ਮੈਂ ਤਾਂ ਬਸ ਮਰਨਾ ਹੈ।”
***

ਏਨਾ ਪੜ੍ਹਦੀ ਪੜ੍ਹਦੀ ਵਿਭਾ ਪਸੀਨੇ ਵਿਚ ਗੱਚ ਹੋ ਗਈ...ਉਸਦੀ ਹਿੰਮਤ ਨਹੀਂ ਪੈ ਰਹੀ ਸੀ ਕਿ ਉਹ ਮੇਗੀ ਦੀਆਂ ਆਖਰੀ ਲਾਈਨਾ ਪੜ੍ਹੇ...ਪਰ ਉਸਨੇ ਪੜ੍ਹਿਆ¸ 'ਦੀਦੀ, ਮੇਰਾ ਇਸ ਦੁਨੀਆਂ ਵਿਚ ਕੋਈ ਨਹੀਂ...ਮੈਂ ਗਿਨੀ ਗੋਲਡ ਦੀ ਸਲੀਬ ਵੇਚੀ...ਪਰ ਮੇਰੇ ਖ਼ੁਦਾ ਨੇ ਮੈਥੋਂ ਗੋਲਡ ਸਮਗਲ ਕਰਵਾਇਆ...ਸੱਚ ਪੁੱਛੋ ਤਾਂ ਉਸਨੇ ਕੀ ਨਹੀਂ ਕਰਵਾਇਆ, ਤੇ ਹੁਣ ਮੈਂ ਬੇਬੀ ਵਾਂਗ ਹੀ ਮਰਨਾ ਚਾਹੁੰਦੀ ਹਾਂ...ਇਹ ਜਾਣਦੀ ਹਾਂ ਕਿ ਆਤਮ ਹੱਤਿਆ ਕਰਨਾ ਪਾਪ ਹੈ...ਪਰ ਜੀਸਸ ਦੇ ਹੁੰਦਿਆਂ ਰੋਜ਼ ਰੋਜ਼ ਦੇ ਇਹਨਾਂ ਪਾਪਾਂ ਨਾਲੋਂ, ਇਹ ਇਕ ਪਾਪ ਚੰਗਾ ਹੈ ਕਿ ਮੈਂ ਮਰ ਜਾਵਾਂ। ...ਤੇ ਜਦੋਂ ਤਕ ਇਹ ਖ਼ਤ ਤੁਹਾਨੂੰ ਮਿਲੇਗਾ, ਮੈਂ ਮਰ ਚੁੱਕੀ ਹੋਵਾਂਗੀ। ਮੇਰਾ ਕੋਈ ਨਹੀਂ, ਤੇ ਜੇ ਤੁਹਾਨੂੰ ਮੇਰੀ ਜ਼ਰਾ ਵੀ ਯਾਦ ਆਏ ਤਾਂ ਰੋਣਾ ਨਹੀਂ...ਪਰ ਮੇਰੀ ਆਤਮਾ ਦੀ ਸ਼ਾਂਤੀ ਲਈ ਅੰਤਿਮ ਪ੍ਰਾਰਥਨਾ ਜ਼ਰੂਰ ਕਰ ਦੇਣਾ...ਦੀਦੀ, ਅੰਤਿਮ ਪ੍ਰਾਰਥਨਾ ਜ਼ਰੂਰ ਕਰ ਦੇਣਾ...।'
ਵਿਭਾ ਦੀਆ ਗੱਲ੍ਹਾਂ ਉੱਤੇ ਹੱਝੂਆਂ ਦੀਆਂ ਬੂੰਦਾ ਨਜ਼ਰ ਆਈਆਂ। ਉਸਦੇ ਕੰਬਦੇ ਹੋਂਠਾਂ ਵਿਚੋਂ ਬੜਬੜਾਹਟ ਸੁਣਾਈ ਦੇਣ ਲੱਗੀ।...ਫੇਰ ਉਸਨੇ ਬਾਈਬਲ ਵਿਚ ਉਸ ਖ਼ਤ ਨੂੰ ਰੱਖ ਦਿੱਤਾ...ਕਰਾਸ ਦੇ ਨਿਸ਼ਾਨ ਹਵਾ ਵਿਚ ਬਣਾਏ ਤੇ ਪਤਾ ਨਹੀਂ ਕੀ ਕੀ ਸੋਚਦੀ ਰਹੀ। ਉਸਨੂੰ ਲੱਗਿਆ ਰੇਤ ਦਾ ਤੂਫ਼ਾਨ ਆਇਆ ਹੋਇਆ ਹੈ, ਜੇ ਉਹ ਕਮਰੇ ਦਾ ਦਰਵਾਜ਼ਾ ਬੰਦ ਨਹੀਂ ਕਰੇਗੀ ਤਾਂ ਪੂਰਾ ਕਮਰਾ ਰੇਤ ਨਾਲ ਭਰ ਜਾਵੇਗਾ।
***

ਛੇਵੀਂ ਕਿਸ਼ਤ :: ਜਾਗਦੀਆਂ ਅੱਖਾਂ ਦਾ ਸੁਪਨਾ… :: ਲੇਖਕ : ਰਾਬਿਨ ਸ਼ਾਹ ਪੁਸ਼ਪ

ਚਾਨਣੀ 'ਚ ਘਿਰਿਆ ਚਿਹਰਾ…:

ਅਨੁਵਾਦ : ਮਹਿੰਦਰ ਬੇਦੀ ਜੈਤੋ


ਸਮੇਂ ਦੇ ਪੁਰਾਣੇ ਖੰਭ ਝੜ ਗਏ...ਸਵੇਰ ਦੀ ਉਡੀਕ ਵਿਚ ਬਲਦੀ ਹੋਈ ਮੋਮਬਤੀ ਵਾਂਗ ਵਿਭਾ ਦਿਨ-ਬ-ਦਿਨ ਘਟਦੀ ਰਹੀ।
ਯੁਜਿਨ ਬੀ.ਏ. ਕਰ ਗਿਆ।
ਜਿਸ ਦਿਨ ਉਹ ਬੀ.ਏ. ਪਾਸ ਹੋਇਆ ਸੀ, ਵਿਭਾ ਕਿੰਨੀ ਖੁਸ਼ ਹੋਈ ਸੀ! ਪਰ ਜਦੋਂ ਉਸਨੇ ਇਕ ਖ਼ਤ ਲਿਖਿਆ, 'ਦੀਦੀ, ਖਰਚਾ ਬੇਹੱਦ ਵਧ ਗਿਆ ਹੈ। ਇਹ ਮੇਰਾ ਫਿਫਥ ਈਅਰ ਹੈ। ਇਸ ਲਈ ਮੈਂ ਇੱਥੇ ਟਿਊਸ਼ਨ...ਬੁਰਾ ਨਾ ਮੰਨੀ।'
ਵਿਭਾ ਨੂੰ ਲੱਗਿਆ, ਉਸਦੇ ਤਿਆਗ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ; ਉਸਦੀਆਂ ਕੁਰਬਾਨੀਆਂ ਦੇ ਮੂੰਹ ਉੱਤੇ ਚਪੇੜ ਮਾਰੀ ਗਈ ਹੈ। ਜਿਵੇਂ ਕੋਈ ਗੋਦਨਾ ਖੋਦ ਦੇਂਦਾ ਹੈ ਤੇ ਸਰੀਰ ਉੱਤੇ ਪੱਕੇ ਨਿਸ਼ਾਨ ਬਣ ਜਾਂਦੇ ਨੇ...ਉਸਨੂੰ ਲੱਗਿਆ, ਯੁਜਿਨ ਨੇ ਦਰਦ ਦੀ ਇਕ ਮੋਟੀ ਲਕੀਰ ਵਾਹ ਦਿੱਤੀ ਹੈ। ਉਹ ਬੜੀ ਦੇਰ ਤਕ ਸਿਸਕਦੀ ਰਹੀ। ਜਦੋਂ ਹੰਝੂਆਂ ਦੀਆਂ ਘਾਟੀਆਂ ਲੰਘ ਕੇ, ਪੀੜਾਂ ਦੀ ਕਿਸ਼ਤੀ ਖਾਸੀ ਦੂਰ ਨਿਕਲ ਗਈ ਤਾਂ ਉਸਨੇ ਪੈਨ ਚੁੱਕਿਆ...ਪਰ ਰਾਈਟਿੰਗ ਪੈਡ?
ਯੁਜਿਨ ਦੇ ਖ਼ਤ ਨੂੰ ਉੱਥੇ ਮੇਜ਼ ਉੱਤੇ 'ਨਰਸਰੀ ਪੋਇਮਜ਼' ਦੀ ਕਿਤਾਬ ਵਿਚ ਰੱਖ ਕੇ ਉਹ ਪੈਡ ਲੱਭਣ ਲੱਗ ਪਈ।  ਜਦੋਂ ਕਿਤੇ ਨਾ ਮਿਲਿਆ ਤਾਂ ਉਸਨੇ ਆਪਣੇ ਟਰੰਕ ਵਿਚ ਦੇਖਿਆ। ਇਕ ਦੋ ਕੱਪੜੇ ਚੁੱਕ ਕੇ ਉਸਨੂੰ ਖ਼ਿਆਲ ਆਇਆ ਕਿ ਪੈਡ ਤਾਂ ਕਦੋਂ ਦਾ ਖ਼ਤਮ ਹੋ ਚੁੱਕਿਆ ਹੈ। ਉਸਨੇ ਇਕ ਦਿਨ ਸੋਚਿਆ ਵੀ ਸੀ ਕਿ ਸਕੂਲੋਂ ਆਉਂਦੀ ਹੋਈ, ਨਵਾਂ ਪੈਡ ਲਿਆਵਾਂਗੀ। ਪਰ ਖਰਚੇ ਦਾ ਖ਼ਿਆਲ ਆਉਂਦਿਆਂ ਹੀ ਉਸਨੇ ਸੋਚਿਆ ਸੀ ਕਿ ਕੀ ਲੋੜ ਹੈ ਕਿ ਪੈਡ ਉੱਤੇ ਹੀ ਲਿਖਿਆ ਜਾਏ, ਐਕਸਰਸਾਈਜ ਕਾਪੀ ਦੇ ਪੰਨੇ ਉੱਤੇ ਵੀ ਤਾਂ ਬੜੇ ਆਰਾਮ ਨਾਲ ਲਿਖਿਆ ਜਾ ਸਕਦਾ ਹੈ। ਹਟ, ਆਖ਼ਰ ਹੋਸਟਲ ਵਿਚ ਹੋਰ ਵੀ ਤਾਂ ਮੁੰਡੇ ਨੇ! ਕੀ ਕਹਿਣਗੇ ਕਿ ਭੈਣ ਨੂੰ ਕੋਈ ਚੱਜ ਦਾ ਕਾਗਜ਼ ਵੀ ਨਹੀਂ ਜੁੜਿਆ...ਨਹੀਂ, ਨਹੀਂ ਇਕ ਪੈਡ ਲਿਆਉਣਾ ਲਾਜ਼ਮੀ ਹੈ...ਪਰ ਇਹ ਫੈਸਲਾ ਕਰਕੇ ਵੀ ਉਹ ਲੈ ਕਦੋਂ ਸਕੀ ਸੀ!
ਵਿਭਾ ਦੇ ਪਲ ਭਰ ਲਈ ਰੁਕੇ ਹੱਥ ਫੇਰ ਚਲਣ ਲੱਗੇ। ਸ਼ਇਦ ਕੁਝ ਲੱਭ ਪਏ...ਤੇ ਇਕ ਪੈਡ ਸੱਚਮੁੱਚ ਹੀ ਲੱਭ ਪਿਆ...ਪਰ ਉਸਨੂੰ ਦੇਖਦਿਆਂ ਹੀ ਵਿਭਾ ਦੇ ਚਿਹਰੇ ਉੱਤੇ ਇਕ ਕਲੱਤਣ ਜਿਹੀ ਫਿਰ ਗਈ...ਇਹ ਉਹੀ ਪੈਡ ਸੀ, ਜਿਸ ਉੱਤੇ ਕਦੀ ਡੈਡੀ ਨੇ ਜਾਨ ਨੂੰ ਖ਼ਤ ਲਿਖਿਆ ਸੀ; ਇਹ ਉਹੀ ਪੈਡ ਸੀ ਜਿਸਦੇ ਵਧੇਰੇ ਪੰਨੇ ਉਸਨੇ ਜਾਨ ਵੱਲ ਹੀ ਭੇਜੇ ਸਨ...ਪਰ ਜਿਸ ਦਿਨ ਦਾ ਜਾਨ ਗਿਆ ਸੀ, ਇਸ ਉੱਤੇ ਉਸਨੇ ਕਦੀ ਕੁਝ ਨਹੀਂ ਸੀ ਲਿਖਿਆ!
ਉਸਨੇ ਦੇਖਿਆ ਸਿਰਫ ਇਕ ਪੰਨਾ ਬਾਕੀ ਸੀ। ਉਸਦਾ ਜੀਅ ਕੀਤਾ ਇਹ ਪੰਨਾ ਵੀ ਉਹ ਜਾਨ ਦੇ ਨਾਂ ਲਿਖ ਦਏ...ਕਿਉਂਕਿ ਇਸ ਪੈਡ ਦੇ ਇਕ ਇਕ ਪੰਨੇ ਉੱਤੇ ਜਾਨ ਦਾ ਹੱਕ ਸੀ। ਪਰ ਨਹੀ, ਦੂਜੇ ਪਲ ਹੀ ਉਸਦੀ ਸੋਚ ਨੇ ਪਲਟਾ ਖਾਧਾ, ਯੁਜਿਨ ਦਾ ਹੱਕ ਜਾਨ ਨਾਲੋਂ ਪਹਿਲਾਂ ਹੈ ਤੇ ਵਧੇਰੇ ਵੀ...।
ਉਹ ਉਸਨੂੰ ਚੁੱਕ ਕੇ ਮੇਜ਼ ਕੋਲ ਆ ਗਈ।
ਉਸਨੇ ਇਕ ਛੋਟਾ ਜਿਹਾ ਖ਼ਤ ਯੁਜਿਨ ਦੇ ਨਾਂ ਲਿਖਿਆ...: 'ਮੈਨੂੰ ਤੂੰ ਉਹ ਖ਼ਤ ਕਿੰਜ ਲਿਖਿਆ? ਮੈਂ ਪੁੱਛਦੀ ਹਾਂ, ਤੇਰੀ ਹਿੰਮਤ ਕਿਵੇਂ ਪਈ? ਬਿਨਾਂ ਮੈਥੋਂ ਪੁੱਛਿਆਂ ਟਿਊਸ਼ਨ...ਅਜੇ ਮੈਂ ਜਿਉਂਦੀ ਹਾਂ, ਭਰਾ ਤੈਨੂੰ ਸਿਰਫ ਆਪਣੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਰੁਪਏ ਤਾਂ ਮੁਰਦਾਰ ਨੇ ਤੇ ਅਜੇ ਮੇਰੇ ਮੋਢੇ ਏਨੇ ਮਜ਼ਬੂਤ ਨੇ ਕਿ ਰੁਪਈਆਂ ਦੀ ਪੰਡ ਭਰ ਸਕਦੀ ਹਾਂ। ਕੱਲ੍ਹ ਹੀ ਇਕ ਦੋ ਹੋਰ ਗਾਰਡੀਅਨਜ਼ ਨੂੰ ਮਿਲ ਕੇ ਮੈਂ ਕੁਝ ਹੋਰ ਟਿਊਸ਼ਨਾਂ ਸ਼ੁਰੂ ਕਰ ਦਿਆਂਗੀ। ਤੈਨੂੰ ਬਸ ਖਰਚੇ ਦੀ ਹੀ ਲੋੜ ਹੈ ਨਾ ਉਹ ਤੈਨੂੰ ਮਿਲਦਾ ਰਹੇਗਾ। ਤੂੰ ਪੜ੍ਹ ਮੇਰੇ ਭਰਾ, ਸਿਰਫ ਪੜ੍ਹ...ਤੈਨੂੰ, ਮੇਰੀ ਬਿਲਕੁਲ ਫਿਕਰ ਕਰਨ ਦੀ ਲੋੜ ਨਹੀਂ। ਤੇਰੇ ਜਾਨ ਪਿੱਛੋਂ ਮੈਂ ਬਿਲਕੁਲ ਫਰੀ  ਹੋ ਗਈ ਹਾਂ। ਇਕ ਆਦਮੀ ਦਾ ਕੰਮ ਹੀ ਕੀ ਹੁੰਦਾ ਹੈ! ਸਾਰਾ ਸਮਾਂ ਵਾਧੂ ਦੀਆਂ ਗੱਲਾਂ-ਗੱਪਾਂ ਵਿਚ ਹੀ ਬੀਤਾ ਜਾਂਦਾ ਹੈ...ਟਿਊਸ਼ਨ ਵਿਚ ਮਨ ਵੀ ਲੱਗੇਗਾ ਤੇ ਤੈਨੂੰ ਸ਼ਿਕਾਇਤ ਵੀ ਨਹੀਂ ਰਹੇਗੀ।'
ਖ਼ਤ ਪੂਰਾ ਕਰਕੇ ਵਿਭਾ ਨੇ ਖੁੱਲ੍ਹਾ ਪੈਨ ਮੇਜ਼ ਉੱਤੇ ਰੱਖ ਦਿੱਤਾ ਤੇ ਕਾਗਜ ਤੈਹ ਕਰਨ ਲੱਗੀ। ਉਸਨੂੰ ਅੱਖਾਂ ਵਿਚ ਦਰਦ ਮਹਿਸੂਸ ਹੋਇਆ। ਉਸਨੇ ਆਪਣੀਆਂ ਦੁਖਦੀਆਂ ਉਂਗਲਾਂ ਨੂੰ ਆਪੋ ਵਿਚ ਫਸਾਅ ਕੇ ਪਟਾਕੇ ਕੱਢੇ! ਫੇਰ ਅੱਖਾਂ ਮੀਚਦੀ ਹੋਈ ਖਿੜਕੀ ਕੋਲ ਆਈ। ਇਕ ਲੰਮਾਂ ਸਾਹ ਖਿੱਚਿਆ, ਦੋਹੇਂ ਬਾਹਾਂ ਫੈਲਾਅ ਕੇ ਇਕ ਲੰਮੀ ਅੰਗੜਾਈ ਲਈ...ਥਕਾਣ ਵਿਚ ਡੁੱਬੀ-ਡੁੱਬੀ ਜਿਹੀ! ਹੁਣ ਉਸਨੂੰ ਖਿੜਕੀ ਤੱਕ ਸਾਫ ਦਿਸਦਾ ਵੀ ਨਹੀਂ ਹੈ। ਬਸ ਝੌਲੇ ਜਿਹੇ ਪੈਂਦੇ ਰਹਿੰਦੇ ਨੇ ਕਿ ਖਿੜਕੀ ਕੋਲ ਕੋਈ ਨੀਵੀਂ ਪਾਈ ਬੈਠਾ ਲਿਖ ਰਿਹਾ ਹੈ...ਉਹ ਜਾਣਦੀ ਹੈ, ਇਹ ਮਿਸੇਜ ਡੇਵਿਸ ਹੈ। ਘੋਸ਼ ਬਾਬੂ ਵਾਲਾ ਮਕਾਨ ਕਈ ਕਿਰਾਏਦਾਰਾਂ ਦੇ ਹੱਥੋਂ ਹੁੰਦਾ ਹੋਇਆ ਹੁਣ ਇਕ ਐਂਗਲੋਇੰਡੀਅਨ ਪਰਿਵਾਰ ਕੋਲ ਹੈ। ਪਰਿਵਾਰ, ਬਸ ਸਿਰਫ ਇਕ ਜੋੜਾ! ਪਰ ਖਿੜਕੀ ਵਿਚੋਂ ਮਿਸੇਜ ਡੇਵਿਸ ਨੂੰ ਦੇਖ ਕੇ, ਵਿਭਾ ਨੂੰ ਮੇਗੀ ਯਾਦ ਆ ਜਾਂਦੀ ਹੈ। ਤੇ ਜਦੋਂ ਵੀ ਮੇਗੀ ਯਾਦ ਆਉਂਦੀ ਹੈ, ਉਸਦਾ ਮਨ ਭਰ ਆਉਂਦਾ ਹੈ। ਉਹ  ਬਿੰਦਾ ਦਾ ਬਿੰਦ ਸੋਚਦੀ ਹੈ, ਉੱਥੇ ਮੇਗੀ ਹੀ ਹੈ...ਪਰ ਫੇਰ ਇਕ ਤੜਫਦੀ ਹੋਈ ਲਾਸ਼ ਦਾ ਅਹਿਸਾਸ ਹੁੰਦਾ ਹੈ ਤੇ ਉਹ ਦੇਖਦੀ ਹੈ ਕਿ ਮਿਸੇਜ ਡੇਵਿਸ ਹੁਣ ਝੁਕੀ ਹੋਈ ਲਿਖਣ ਵਿਚ ਮਗਨ ਹੈ।
ਮਿਸੇਜ ਡੇਵਿਸ ਨੇ ਖਿੜਕੀ ਦੇ ਕੋਲ ਹੀ ਮੇਜ਼ ਲਾਈ ਹੋਈ ਹੈ। ਸ਼ੁਰੂ ਸ਼ੁਰੂ ਵਿਚ ਉਹਨਾਂ ਨੂੰ ਹਰ ਵੇਲੇ ਖਿੜਕੀ ਕੋਲ ਬੈਠਿਆਂ ਦੇਖ ਕੇ ਵਿਭਾ ਦੇ ਮਨ ਵਿਚ ਅਜੀਬ ਅਜੀਬ ਖ਼ਿਆਲ ਉਠਦੇ ਰਹਿੰਦੇ ਪਰ ਜਦੋਂ ਉਹ ਇਕ ਗੁਆਂਢਣ ਦੇ ਨਾਤੇ ਉਹਨਾਂ ਨੂੰ ਮਿਲਣ ਗਈ ਤਾਂ ਉਸਦੇ ਸਾਰੇ ਭੁਲੇਖੇ ਦੂਰ ਹੋ ਗਏ। ਉਸਨੂੰ ਪਤਾ ਲੱਗਿਆ ਕਿ ਮਿਸੇਜ ਡੇਵਿਸ ਲੇਖਿਕਾ ਹੈ। ਅੰਗਰੇਜ਼ੀ ਦੇ ਸਾਰੇ ਅਖ਼ਬਾਰਾਂ ਰਸਾਲਿਆਂ ਵਿਚ ਉਸ ਦੀਆਂ ਕਹਾਣੀਆਂ ਛਪਦੀਆਂ ਨੇ। ਉੱਥੇ ਉਸਨੇ ਇਹ ਵੀ ਦੇਖਿਆ ਕਿ ਉਹਨਾਂ ਨੂੰ ਅਨੇਕਾਂ ਮਰਦਾਂ ਦੀਆਂ ਚਿੱਠੀਆਂ ਆਉਂਦੀਆਂ ਨੇ...ਅਜੀਬ ਅਜੀਬ ਕਿਸਮ ਦੀਆਂ ਚਿੱਠੀਆਂ। ਇਕ ਚਿੱਠੀ ਪੜ੍ਹ ਕੇ ਉਹ ਕੰਨਾਂ ਤੱਕ ਲਾਲ ਹੋ ਗਈ ਸੀ ਤੇ ਉਸਨੇ ਡਰਦਿਆਂ-ਡਰਦਿਆਂ ਚਿੱਠੀ ਨੂੰ ਮੇਜ਼ ਉੱਤੇ ਰੱਖਦਿਆਂ...ਇਕ ਵਾਰੀ ਕੰਬਦੀਆਂ ਅੱਖਾਂ ਨਾਲ ਮਿਸੇਜ ਡੇਵਿਸ ਵੱਲ ਦੇਖਿਆ ਸੀ ਤੇ ਫੇਰ ਦੂਜੀ ਵਾਰ ਉਸ ਦੀਆਂ ਨਜ਼ਰਾਂ ਮਿਸਟਰ ਡੇਵਿਸ ਉੱਤੇ ਜਾ ਟਿਕੀਆਂ ਸਨ¸ ਉਹ ਚੁੱਪਚਾਪ ਇਜ਼ੀ ਚੇਅਰ ਉੱਤੇ ਅੱਧਲੇਟੇ ਜਿਹੇ ਬੈਠੇ ਅਖ਼ਬਾਰ ਪੜ੍ਹ ਰਹੇ ਸਨ ਤੇ ਕਦੀ ਕਦੀ ਪਾਈਪ ਦਾ ਕਸ਼ ਵੀ ਲਾ ਲੈਂਦੇ ਸਨ।
ਮਿਸੇਜ ਡੇਵਿਸ ਸ਼ਾਇਦ ਇਹ ਸਭ ਕੁਝ ਸਮਝ ਗਈ। ਉਸਨੇ ਕਿਹਾ, “ਮਿਸ ਬਰਾਉਨ ਜੇ ਮਰਦ ਸਮਝਦਾਰ ਹੋਏ ਤੇ ਆਪਣੀ ਪਤਨੀ ਨੂੰ ਸਹੀ ਤਰ੍ਹਾਂ ਅੰਡਰ ਸਟੈਂਡ ਕਰਦਾ ਹੋਏ ਤਾਂ ਯਕੀਨ ਮੰਨ, ਕਿਤੇ ਕੋਈ ਦੀਵਾਰ ਖੜ੍ਹੀ ਨਹੀਂ ਹੁੰਦੀ। ਔਰਤ ਤਾਂ ਸਿਰਫ ਇਕ ਅੰਗੂਠੀ ਏ, ਜੋ ਹਮੇਸ਼ਾ ਮਰਦ ਦੀ ਉਂਗਲ ਵਿਚ ਹੀ ਚੰਗੀ ਲਗਦੀ ਏ। ਪਰ ਕੁਝ ਆਦਮੀ ਉਸ ਅੰਗੂਠੀ ਨੂੰ ਵਾਰੀ ਵਾਰੀ ਸਾਬਣ ਨਾਲ ਇਸ ਲਈ ਧੋਂਦੇ-ਲਿਸ਼ਕਾਉਂਦੇ ਰਹਿੰਦੇ ਨੇ ਕਿ ਦੇਖਣ ਵਾਲਿਆਂ ਦੀਆਂ ਅੱਖਾਂ ਵਿਚ ਪਿਆਸ ਜਾਗੇ, ਸਾਰੀ ਮਹਿਫ਼ਿਲ ਉਸ ਚਮਕ ਦੀ ਪ੍ਰਸ਼ੰਸਾ ਕਰੇ...ਤੇ ਇਹੋ ਜਿਹੇ ਮਰਦ ਹੀ, ਜਿਹੜੇ ਅਧੁਨਿਕ ਸਾਬਨ ਦਾ ਇਸਤਮਾਲ ਵਧੇਰੇ ਕਰਦੇ ਨੇ, ਆਪਣੀਆਂ ਅੰਗੂਠੀਆਂ ਗੰਵਾਅ ਬਹਿੰਦੇ ਨੇ।”
ਵਿਭਾ ਨੂੰ ਉਸੇ ਵੇਲੇ ਲੱਗਿਆ ਸੀ, ਮਿਸੇਜ ਡੇਵਿਸ ਦਾ ਤਜ਼ਰਬਾ ਬਹੁਤ ਵੱਡਾ ਹੈ। ਫੇਰ ਉਹ ਉੱਥੋਂ ਲਗਾਤਾਰ ਕੋਈ ਨਾ ਕੋਈ ਕੰਮ ਲਿਆਉਣ ਲੱਗੀ। ਵੈਸੇ ਤਾਂ ਘਰ ਦਾ ਸਾਰਾ ਸਿਲਾਈ ਦਾ ਕੰਮ ਮਿਸੇਜ ਡੇਵਿਸ ਵਿਭਾ ਨੂੰ ਹੀ ਦੇਂਦੀ ਸੀ ਪਰ ਮਿਸਟਰ ਡੇਵਿਸ ਦੇ ਕੱਪੜੇ ਖ਼ੁਦ ਆਪ ਸਿਉਂਦੀ ਜਾਂ ਰਫ਼ੂ ਕਰਦੀ ਸੀ। ਤੇ ਜਦੋਂ ਵਿਭਾ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਦੀ ਤਾਂ ਕਹਿੰਦੀ, “ਮੈਂ ਜਾਣਦੀ ਹਾਂ ਮਿਸ ਬਰਾਉਨ, ਤੂੰ ਮੈਨੂੰ ਗ਼ਲਤ ਨਹੀਂ ਸਮਝੇਂਗੀ...ਪਤੀ ਦੇ ਕੋਟ ਨੂੰ ਰਫ਼ੂ ਕਰਕੇ ਜੋ ਸੁਖ ਪਤਨੀ ਨੂੰ ਸਹਿਜੇ ਹੀ ਪ੍ਰਾਪਤ ਹੁੰਦਾ ਏ, ਉਹ ਕਿੰਨਾ ਮੋਹਕ ਹੁੰਦਾ ਏ, ਇਸ ਨੂੰ ਤੂੰ ਅਜੇ ਨਹੀਂ ਸਮਝ ਸਕੇਂਗੀ।”
ਵਿਭਾ ਨੂੰ ਇੰਜ ਲੱਗਾ ਜਿਵੇਂ ਉਹ ਬਰਫ਼ ਦੀ ਚਾਦਰ ਉੱਤੇ ਖੜ੍ਹੀ ਹੈ। ਉਹ ਪੈਸੇ ਲੈ ਕੇ ਤੁਰਨ ਲੱਗਦੀ ਤਾਂ ਮਿਸੇਜ ਡੇਵਿਸ ਕਹਿੰਦੀ, “ਮਿਸ ਬਰਾਉਨ ਆਖ਼ਰ ਏਨੀ ਹੱਡ-ਭੰਨਵੀਂ ਮਿਹਨਤ ਕਰਕੇ ਤੈਨੂੰ ਕੀ ਮਿਲਦਾ ਏ?”
ਤਾਂ ਵਿਭਾ ਹੱਸ ਪੈਂਦੀ, “ਮੈਨੂੰ ਆਪਣੇ ਡੈਡੀ ਦਾ ਸੁਪਨਾ ਪੂਰਾ ਹੁੰਦਾ ਦਿਸਦਾ ਹੈ। ਸੱਚ ਮਿਸੇਜ ਡੇਵਿਸ, ਮੇਰਾ ਭਰਾ ਬੜਾ ਨੇਕ ਤੇ ਭੋਲਾ ਜੀਵ ਏ। ਬਚਪਨ ਵਿਚ ਉਹ ਗੀਤ ਉੱਤੇ ਜਾਨ ਛਿੜਕਦਾ ਸੀ, ਪਰ ਗਰੀਬੀ ਤੇ ਮਜ਼ਬੂਰੀ ਕਾਰਨ ਸਾਨੂੰ ਆਪਣੇ ਉਸ ਪਿਆਰੇ-ਪਿਆਰੇ ਰੇਡੀਓ ਨੂੰ ਵੀ ਵੇਚ ਦੇਣਾ ਪਿਆ ਸੀ...ਫੇਰ ਵੀ ਉਹ ਮੇਰੇ ਸਾਹਮਣੇ ਉਸਦੀ ਖਾਤਰ ਕਦੀ ਨਹੀਂ ਸੀ ਰੋਇਆ। ਸੱਚ ਮਿਸੇਜ ਡੇਵਿਸ ਉਹ ਕਦੀ ਨਹੀਂ ਰੋਇਆ...” ਪਰ ਏਨਾ ਕਹਿੰਦਿਆਂ-ਕਹਿੰਦਿਆਂ ਵਿਭਾ ਦਾ ਰੋਣ ਨਿਕਲ ਗਿਆ ਸੀ।
ਮਿਸੇਜ ਡੇਵਿਸ ਨੇ ਗੱਲ ਨੂੰ ਦੂਜੇ ਰਸਤੇ ਮੋੜਿਆ, “ਹਾਂ, ਡੈਡੀ ਦਾ ਸੁਪਨਾ ਹਰੇਕ ਨੂੰ ਪਿਆਰਾ ਹੁੰਦਾ ਹੈ। ਜੀਸਸ ਤੇਰੇ ਡੈਡੀ ਦੀ ਮੁਰਾਦ ਪੂਰੀ ਕਰੇ।”
ਉਦੋਂ ਹੀ ਵਿਭਾ ਨੂੰ ਕੁਝ ਯਾਦ ਆ ਗਿਆ, ਉਸ ਨੇ ਕਿਹਾ, “ਮਿਸੇਜ ਡੇਵਿਸ ਕੱਲ੍ਹ ਮੈਂ ਸੁਪਨੇ ਵਿਚ ਦਖਿਆ ਕਿ ਡੈਡੀ ਮੇਰੇ ਸਿਰਹਾਨੇ ਖੜ੍ਹੇ ਨੇ ਤੇ ਪੁੱਛ ਰਹੇ ਨੇ, 'ਕਿਉਂ ਬੇਬੀ ਕਾਫੀ ਥੱਕ ਗਈ ਲਗਦੀ ਏਂ?' ਮੈਂ ਜਵਾਬ ਵੀ ਦਿੱਤਾ, 'ਨਹੀਂ ਡੈਡੀ ਹੁਣ ਤਾਂ ਮੇਰੇ ਆਰਾਮ ਦੇ ਦਿਨ ਆ ਰਹੇ ਨੇ।' ਤੇ ਫੇਰ ਬਿਨਾਂ ਕੁਝ ਕਹੇ ਡੈਡੀ ਚਲੇ ਗਏ।...ਮੇਰੀ ਅੱਖ ਖੁੱਲ੍ਹ ਗਈ ਤੇ ਮੈਂ ਦਰਵਾਜ਼ੇ ਵੱਲ ਦੇਖਿਆ ਤਾਂ ਲੱਗਿਆ, ਸੱਚਮੁੱਚ ਕੋਈ ਜਾ ਰਿਹਾ ਹੈ। ਸੱਚ ਕਹਿ ਰਹੀ ਆਂ ਕਿ ਪਤਾ ਨਹੀਂ ਕਿਉਂ ਮੈਨੂੰ ਵਾਰੀ ਵਾਰੀ ਇਹੀ ਲੱਗਦਾ ਰਿਹਾ ਕਿ ਇਹ ਸੁਪਨਾ ਨਹੀਂ ਸੀ।”
ਮਿਸੇਜ ਡੇਵਿਸ ਨੇ ਕਿਹਾ, “ਤੇ ਇਹ ਵੀ ਤਾਂ ਹੋ ਸਕਦਾ ਹੈ ਕਿ ਉਹ ਸੁਪਨਾ ਹੋਵੇ ਵੀ ਨਾ!”
“ਸੁਪਨਾ ਨਾ ਹੋਵੇ! ਉਹ ਕਿਵੇਂ?”
“ਮਿਸ ਬਰਾਉਨ ਮੈਂ ਪੂਰੇ ਯਕੀਨ ਨਾਲ ਤਾਂ ਨਹੀਂ, ਪਰ ਜਿਸ ਆਦਮੀ ਨੇ ਮੈਨੂੰ ਵਿਸ਼ਵਾਸ ਦਿਵਾਇਆ ਹੈ, ਤੇ ਜੇ ਮੈਂ ਉਸਨੂੰ ਸੱਦ ਲਵਾਂ, ਤਾਂ...ਤਾਂ ਮੈਂ ਕਹਾਂਗੀ, ਜਦੋਂ ਵੀ ਮੈਂ ਉਸ ਬਾਰੇ ਸੋਚਦੀ ਹਾਂ, ਤਾਂ ਇਕ ਉਲਝਣ ਮੇਰੀਆਂ ਸੋਚਾਂ  ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਕਰ ਦੇਂਦੀ ਏ।...ਇਕ ਵਾਰੀ ਮੈਂ ਇਕ ਅਜਿਹੀ ਜਗ੍ਹਾ ਚਲੀ ਗਈ ਸਾਂ ਜਿੱਥੇ ਅਬਰਕ ਦਾ ਕੰਮ ਕਾਫੀ ਹੁੰਦੈ। ਮੈਂ ਹਮੇਸ਼ਾ ਵਾਂਗ ਰਾਤ ਨੂੰ ਬੈਠੀ ਲਿਖ ਰਹੀ ਸਾਂ। ਮਿਸਟਰ ਡੇਵਿਸ ਹਮੇਸ਼ਾ ਹੀ ਮੇਰੇ ਕੰਮ ਵਿਚ ਹੱਥ ਵੰਡਾਉਂਦੇ ਨੇ। ਉਹ ਕਹਾਣੀਆਂ ਲਿਖ ਨਹੀਂ ਸਕਦੇ ਪਰ ਮੇਰੇ ਨਾਲ ਜਾਗਦੇ ਰਹਿੰਦੇ ਨੇ, ਉਹਨਾਂ ਦਾ ਇਹੀ ਸਹਿਯੋਗ ਮੇਰੇ ਲਈ ਕਾਫੀ ਏ। ਉਹ ਵਿਚ ਵਿਚ ਕਾਫੀ ਜਾਂ ਚਾਹ ਜੋ ਮੈਂ ਚਾਹੁੰਦੀ ਆਂ, ਬਣਾ ਦੇਂਦੇ ਨੇ।...ਤਾਂ ਉਸ ਰਾਤ ਵੀ ਉਹ ਮੇਰੇ ਕੋਲ ਬੈਠੇ ਪਾਈਪ ਪੀ ਰਹੇ ਸਨ। ਉਦੋਂ ਹੀ ਦਰਵਾਜ਼ਾ ਖੜਕਿਆ। ਮਿਸਟਰ ਡੇਵਿਸ ਨੇ ਉਠ ਕੇ ਦਰਵਾਜ਼ਾ ਖੋਲ੍ਹਿਆ। ਸਾਹਮਣੇ ਇਕ ਐਂਗਲੋਇੰਡੀਅਨ ਨੌਜਵਾਨ ਖੜ੍ਹਾ ਸੀ। ਉਸ ਨੇ ਆਪਣੀ ਘੜੀ ਦੇਖੀ, 'ਕਾਫੀ ਦੇਰ ਹੋ ਗਈ ਨਾ?'
'ਮਿਸਟਰ ਡੇਵਿਸ ਨੇ ਕਿਹਾ, 'ਜੇ ਮਿਸੇਜ ਡੇਵਿਸ ਨੂੰ ਮਿਲਣਾ ਏਂ, ਤਾਂ ਸਮਝੋ ਦੇਰ ਨਹੀਂ ਹੋਈ।'
'ਜਦੋਂ ਉਸਨੂੰ ਵਿਸ਼ਵਾਸ ਹੋ ਗਿਆ ਕਿ ਅਸੀਂ ਉਸਦੇ ਆਉਣ ਦਾ ਬੁਰਾ ਨਹੀਂ ਮੰਨਿਆਂ, ਤਾਂ ਉਸਨੇ ਕਿਹਾ, 'ਮਿਸੇਜ ਡੇਵਿਸ, ਤੁਹਾਡੀਆਂ ਕਈ ਰਚਨਾਵਾਂ ਮੈਂ ਪੜ੍ਹੀਆਂ ਨੇ। ਸਾਰੀਆਂ ਵਿਚਲੀ ਕਸਕ, ਦਰਦ ਤੇ ਪੀੜ ਦੇ ਉਸ ਸ਼ੀਸ਼ੇ ਵਿਚ ਮੈਂ ਹਮੇਸ਼ਾ ਹੀ ਆਪਣਾ ਚਿਹਰਾ ਦੇਖਿਆ ਹੈ।...ਤੇ ਜਦੋਂ ਇੱਥੋਂ ਦੇ ਇਕ ਪੱਤਰਕਾਰ  ਮਿੱਤਰ ਤੋਂ ਮੈਨੂੰ ਪਤਾ ਲੱਗਿਆ ਕਿ ਤੁਸੀਂ ਆਪਣਾ ਨਵਾਂ ਨਾਵਲ 'ਅਬਰਕ ਦੀ ਲਾਸ਼' ਇੱਥੇ ਰਹਿ ਕੇ ਹੀ ਲਿਖ ਰਹੇ ਓ ਤਾਂ...ਮੈਂ ਆਪਣੇ ਆਪ ਨੂੰ ਮਿਲਣ ਤੋਂ ਨਹੀਂ ਰੋਕ ਸਕਿਆ।'
'ਇਹ ਤਾਂ ਬੜੀ ਖੁਸ਼ੀ ਦੀ ਗੱਲ ਏ।'
ਉਹ ਅਤਿ ਭਾਵੁਕ ਤੇ ਦੁਖੀ ਜਿਹਾ ਨਜ਼ਰ ਆਉਣ ਲੱਗਾ¸ 'ਪਰ ਮਿਸੇਜ ਡੇਵਿਸ, ਮੈਂ ਇਕ ਉਲਝਣ ਦਾ ਹੱਲ ਲੱਭਣ ਆਇਆ ਹਾਂ...ਤੁਸੀਂ ਕਾਫੀ ਕੁਝ ਪੜ੍ਹਿਆ ਏ ਤੇ ਮਨੋਵਿਗਿਆਨ ਨੂੰ ਵੀ ਸਮਝਦੇ ਓ, ਮੇਰੀ ਗੱਲ ਨੂੰ ਬਨਾਉਟੀ ਤਾਂ ਨਹੀਂ ਸਮਝ ਰਹੇ ਨਾ?'
'ਕਿਹੜੀ ਗੱਲ ਨੂੰ?'
ਉਹ ਮੁੰਡਾ ਇਕ ਪਲ ਲਈ ਬਿਲਕੁਲ ਸ਼ਾਂਤ ਹੋ ਗਿਆ। ਫੇਰ ਪਤਾ ਨਹੀਂ ਕੀ ਸੋਚ ਕੇ ਕਹਿਣ ਲੱਗਿਆ, 'ਮਿਸੇਜ ਡੇਵਿਸ, ਹੁਣ ਤੁਹਾਡੇ ਕੋਲੋਂ ਕਾਹਦਾ ਪਰਦਾ! ਮੈਂ ਪੜ੍ਹਦਾ ਹੁੰਦਾ ਸਾਂ, ਓਹਨੀਂ ਦਿਨੀ। ਪੜ੍ਹਨ, ਦੌੜਨ, ਤੈਰਨ¸ ਸਭ ਕਾਸੇ ਵਿਚ ਫਸਟ ਆਉਂਦਾ ਹੁੰਦਾ ਸਾਂ। ਮੇਰੇ ਡੈਡੀ ਦੀ ਆਪਣੀ ਫੈਕਟਰੀ ਏ, ਅਬਰਕ ਦੀ। ਬਸ ਸਮਝੋ, ਇੱਥੇ ਸਭ ਤੋਂ ਵਧ ਕਾਰੋਬਾਰ ਅਬਰਕ ਦਾ ਹੀ ਏ। ਅਬਰਕ ਉੱਤੇ ਬਣੇ ਇੰਦਰ-ਧਨੁਸ਼ ਨੂੰ ਬੜੀ ਬੇ-ਰਹਿਮੀ ਨਾਲ ਕੱਟ ਕੇ ਵੱਖ ਕਰ ਦਿੱਤਾ ਜਾਂਦਾ ਏ। ਤੇ ਹਾਂ, ਇੱਥੇ ਬਹੁਤ ਸਾਰੇ ਇਹੋ-ਜਿਹੇ ਮਕਾਨ ਵੀ ਨੇ ਜਿਹਨਾਂ ਦੇ ਮਾਲਕ ਕਲਕੱਤੇ ਰਹਿੰਦੇ ਨੇ। ਸਿਰਫ ਗਰਮੀਆਂ ਦੇ ਮੌਸਮ ਵਿਚ ਇੱਥੇ ਆ ਜਾਂਦੇ ਨੇ।... ਤਾਂ ਮਿਸੇਜ ਡੇਵਿਸ ਮੈਂ ਹਰ ਰੋਜ਼ ਪੜ੍ਹਨ ਜਾਂਦਾ। ਮੇਰੀਆਂ ਨਜ਼ਰਾਂ ਖੂਹ ਦੀ ਮੰਡ ਉੱਤੇ ਬੈਠੀ ਇਕ ਕੁੜੀ ਨੂੰ ਤੱਕਦੀਆਂ। ਉਹ ਖੂਹ ਵਿਚ ਝੁਕੀ ਜਿਵੇਂ ਕੁਝ ਲੱਭ ਰਹੀ ਹੁੰਦੀ! ਉਸਦਾ ਇੰਜ ਖੂਹ ਉਪਰ ਝੁਕੇ ਰਹਿਣਾ ਚੰਗਾ ਵੀ ਲੱਗਦਾ ਤੇ ਅਜੀਬ ਵੀ। ਇਕ ਦਿਨ ਉਸ ਖੂਹ ਕੋਲ ਲੋਕਾਂ ਦੀ ਭੀੜ ਲੱਗੀ ਹੋਈ ਸੀ, 'ਡੁੱਬ ਗਈ-ਡੁੱਬ ਗਈ।' ਮੈਂ ਬਿਨਾਂ ਸੋਚੇ ਸਮਝੇ ਛਾਲ ਮਾਰ ਦਿੱਤੀ।
ਕੁੜੀ ਬਚ ਗਈ।...ਉਹ ਉੱਥੋਂ ਦੇ ਮਾਲੀ ਦੀ ਧੀ ਸੀ। ਕਲਕੱਤੇ ਤੋਂ ਮਕਾਨ-ਮਾਲਕ ਉਹਨਾਂ ਨੂੰ ਇੱਥੇ ਲੈ ਆਇਆ ਸੀ। ਹੁਣ ਵੀ ਉਹ ਉਸੇ ਤਰ੍ਹਾਂ ਖੂਹ ਉੱਤੇ ਬੈਠਦੀ। ਫੇਰ ਹੌਲੀ ਹੌਲੀ ਸਮਾਂ ਬੀਤਦਾ ਗਿਆ ਤੇ ਉਹ ਮੁਸਕਰਾ ਕੇ ਮੈਨੂੰ ਆਦਾਬ ਕਰਨ ਲੱਗ ਪਈ। ਮੇਰਾ ਰਾਸਤਾ ਆਸਾਨ ਹੋਣ ਲੱਗਿਆ। ਵਾਪਸੀ ਸਮੇਂ ਕਦੀ ਕਦੀ ਮੈਂ ਬਿਲਕੁਲ ਉਸਦੇ ਨੇੜੇ ਜਾ ਖਲੋਂਦਾ। ਉਹ ਕਮਰੇ ਵਿਚ ਜਾਣਾ ਬਿਲਕੁਲ ਪਸੰਦਾ ਨਾ ਕਰਦੀ¸ 'ਚਲੋ, ਚਲ ਕੇ ਖੂਹ 'ਤੇ ਬੈਠੀਏ।'
ਮੈਂ ਕਹਿੰਦਾ¸ 'ਇੱਥੇ ਈ ਠੀਕ ਏ।'
'...ਓ, ਚਲੋ ਨਾ।' ਤੇ ਉਹ ਖੂਹ ਦੀ ਮੰਡ ਉੱਤੇ ਜਾ ਬੈਠਦੀ। ਫੇਰ ਹੌਲੀ-ਹੌਲੀ ਇੰਦਰ-ਧਨੁਸ਼ ਵਾਂਗ ਝੁਕ ਜਾਂਦੀ। ਆਪਣੇ ਆਪ ਮੁਸਕਰਾਉਂਦੀ ਰਹਿੰਦੀ। ਖ਼ੁਦ ਹੀ ਕਹਿੰਦੀ, 'ਆ, ਹੁਣ ਚਲੀਏ'...।'
'ਤੂੰ ਕਾਰਨ ਨਹੀਂ ਪੁੱਛਿਆ?'
ਨਹੀਂ ਮਿਸੇਜ ਡੇਵਿਸ, ਫੇਰ ਇੰਜ ਹੋਇਆ ਕਿ ਉਹ ਬੀਮਾਰ ਹੋ ਗਈ। ਖੂਹ ਦੀ ਉਹ ਭਰੀ ਪੂਰੀ ਮੰਡ ਸੁੰਨੀ ਹੋ ਗਈ, ਜਿਵੇਂ ਕਿਸੇ ਨੇ ਚਰਚ 'ਚੋਂ ਮਰੀਅਮ ਦਾ ਸਟੈਚੂ ਚੁਰਾਅ ਲਈ ਹੋਏ। ਮੈਂ ਰੋਜ਼ ਉਸਨੂੰ ਦੇਖਣ ਜਾਂਦਾ। ਉਸਦਾ ਸਿਰ ਘੁੱਟਦਾ। ਉਹ ਕਹਿੰਦੀ¸ 'ਮੇਰਾ ਸਿਰ ਬੜਾ ਦਰਦ ਕਰਦਾ ਏ। ਬਾਬਾ ਡਾਕਟਰਾਂ ਪਿੱਛੇ ਲੱਗ ਕੇ ਫਜ਼ੂਲ ਖਰਚ ਕਰਦੇ ਰਹਿੰਦੇ ਨੇ¸ਸ਼ਾਮ ਨੂੰ ਜਦੋਂ ਤੁਸੀਂ ਘੁੱਟ ਜਾਂਦੇ ਹੋ ਤਾਂ ਰਾਤ ਭਰ ਆਰਾਮ ਨਾਲ ਸੁੱਤੀ ਰਹਿੰਦੀ ਆਂ। ਦਰਦ ਕਿੱਥੇ ਚਲਾ ਜਾਂਦਾ ਏ, ਪਤਾ ਨਹੀਂ! ਕਿਤੇ ਆਪਣੇ ਨਾਲ ਤਾਂ ਨਹੀਂ ਲੈ ਜਾਂਦੇ?'
ਮੈਂ ਹੱਸ ਪੈਂਦਾ, 'ਲੈ ਹੀ ਜਾਣਾ ਹੋਵੇ ਤਾਂ ਫੇਰ ਤੈਨੂੰ ਈ ਨਾ ਲੈ ਜਾਵਾਂ?'
ਉਹ ਸੁਲਗਦੀ ਹੋਈ ਅਗਰਬੱਤੀ ਵਾਂਗ ਨਿੰਮ੍ਹਾਂ-ਨਿੰਮ੍ਹਾਂ ਮੁਸਕਰਾਉਂਦੀ¸ 'ਤਾਂ ਸੌਂਹ ਪਾਓ, ਤੁਸੀਂ ਮੈਨੂੰ ਹਮੇਸ਼ਾ ਦੇਖਣ ਆਇਆ ਕਰੋਗੇ, ਭਾਵੇਂ ਕਿੱਥੇ ਵੀ ਹੋਵੋ।'
'ਮੈਂ ਵਾਅਦਾ ਕਰ ਲਿਆ। ਉਸਦੀ ਹਾਲਤ ਵਿਗੜਦੀ ਹੀ ਗਈ। ਇਕ ਸ਼ਾਮ ਬਾਬਾ ਘਰੇ ਨਹੀਂ ਸਨ। ਮੇਰੇ ਪਹੁੰਚਦਿਆਂ ਹੀ ਉਸਨੇ ਕਿਹਾ, 'ਬੜਾ ਚੰਗਾ ਹੋਇਆ ਜੋ ਤੁਸੀਂ ਆ ਗਏ। ਮੈਂ ਤੁਹਾਡਾ ਹੀ ਇੰਤਜਾਰ ਕਰ ਰਹੀ ਸਾਂ। ਮੇਰੇ 'ਚ ਏਨੀ ਹਿੰਮਤ ਕਿੱਥੇ ਕਿ ਖੂਹ ਤੱਕ ਜਾ ਸਕਾਂ...'
'ਪਰ ਤੈਨੂੰ ਤਾਂ ਬੁਖਾਰ ਏ।'
...'ਲੈ ਚਲੋ ਨਾ, ਬੜੇ ਦਿਨ ਹੋ ਗਏ ਖੂਹ ਕੋਲ ਗਿਆਂ।' ਤੇ ਉਹ ਕਿਸੇ ਛੋਟੀ ਬਾਲੜੀ ਵਾਂਗ ਜਿੱਦ ਕਰਨ ਲੱਗ ਪਈ¸ 'ਤੁਸੀਂ ਬੱਸ ਫੜ੍ਹ ਕੇ ਰੱਖਣਾ, ਮੈਂ ਖ਼ੁਦ ਈ ਤੁਰ ਲਵਾਂਗੀ।'
'ਉਹ ਖੂਹ ਤੱਕ ਗਈ! ਚੁੱਪਚਾਪ ਬੈਠੀ ਰਹੀ। ਫੇਰ ਪਰਤ ਆਈ। ਤੇ ਮਿਸੇਜ ਡੇਵਿਸ ਮੈਂ ਤਾਂ ਹੈਰਾਨ ਹੀ ਰਹਿ ਗਿਆ, ਦੂਸਰੇ ਦਿਨ ਉਹ ਬਿਲਕੁਅ ਠੀਕ ਠਾਕ ਸੀ।'”
ਮਿਸੇਜ ਡੇਵਿਸ ਨੇ ਕੁਝ ਚਿਰ ਰੁਕ ਕੇ ਕਿਹਾ, “ਉਦੋਂ ਹੀ ਮਿਸਟਰ ਡੇਵਿਸ ਚਾਹ ਬਣਾ ਕੇ ਲੈ ਆਏ ਤੇ ਅਸੀਂ ਪੀਣ ਲੱਗ ਪਏ।...'ਮਿਸ ਬਰਾਉਨ ਉਹ ਮੁੰਡਾ ਮੈਨੂੰ ਕੁਝ ਅਜੀਬ ਜਿਹਾ ਲੱਗਿਆ। ਪਰ ਉਹ ਜਿਸ ਵਿਸ਼ਵਾਸ ਨਾਲ ਕਹਿ ਰਿਹਾ ਸੀ, ਉਸ ਉੱਤੇ ਯਕੀਨ ਨਾ ਕਰਨ ਦਾ ਕੋਈ ਕਾਰਨ ਵੀ ਤਾਂ ਨਹੀਂ ਸੀ।'
ਚਾਹ ਖਤਮ ਹੋ ਗਈ ਮੁੰਡੇ ਨੇ ਫੇਰ ਕਿਹਾ, 'ਮੇਰੇ ਡੈਡੀ ਨੇ ਮੈਨੂੰ ਕਲਕੱਤੇ ਭੇਜ ਦਿੱਤਾ। ਜਾਣ ਤੋਂ ਪਹਿਲਾਂ ਉਸਨੇ ਕਿਹਾ, 'ਦੋਖੋ, ਸਾਡੇ ਸੰਬੰਧ ਦੀ ਚਰਚਾ ਕਿਸੇ ਕੋਲ ਨਾ ਕਰਨਾ, ਬਾਬਾ ਨਾਲ ਵੀ ਨਹੀਂ। ਨਹੀਂ ਤਾਂ ਉਹ ਉਦਾਸ ਹੋ ਜਾਣਗੇ। ...ਤੇ ਮੈਨੂੰ ਬਾਬਾ ਦਾ ਤੇ ਤੁਹਾਡਾ ਉਦਾਸ ਉਦਾਸ ਚਿਹਰਾ ਬੜਾ ਬੁਰਾ ਲੱਗਦਾ ਏ।...ਮੇਰੇ ਬਾਬਾ ਏਨੇ ਗਰੀਬ ਨੇ ਕਿ ਮੇਰਾ ਸੰਬੰਧ ਤੁਹਾਡੇ ਨਾਲ ਨਹੀਂ ਹੋ ਸਕਦਾ...।'
ਤੇ ਪਹਿਲੀ ਵਾਰੀ ਮੈਨੂੰ ਲੱਗਿਆ ਕਿ ਜਿਸ ਕਮਰੇ ਵਿਚ ਮੈਂ ਪਰਵੇਸ਼ ਕਰਨਾ ਚਾਹੁੰਦਾ ਹਾਂ। ਉਸਦੇ ਦਰਵਾਜ਼ੇ ਤਾਂ ਮੇਰੇ ਲਈ ਸ਼ੁਰੂ ਤੋਂ ਹੀ ਬੰਦ ਨੇ। ਫੇਰ ਵੀ ਮੈਂ ਉਸਨੂੰ ਸਿਰਫ ਇਕ ਤੱਸਲੀ ਦਿੱਤੀ¸ 'ਕਲਕੱਤਿਓਂ ਵਾਪਸ ਆ ਕੇ ਮੈਂ ਜ਼ਰੂਰ ਤੇਰੇ ਨਾਲ ਵਿਆਹ ਕਰਾਂਗਾ।'
'ਤੇ ਫੇਰ ਇਕ ਮਹੀਨੇ ਬਾਅਦ ਜਦੋਂ ਮੈਂ ਅਬਰਕ ਦੇ ਕੰਮ ਤੋਂ ਪਰਤਿਆ ਤਾਂ ਪਤਾ ਲੱਗਿਆ ਕਿ ਉਸਦੀ ਸ਼ਾਦੀ ਹੋ ਗਈ ਏ। ਮੇਰੇ ਡੈਡੀ ਦੇ ਚਪੜਾਸੀ ਨਾਲ ਹੀ...ਮੈਂ ਬਿਲਕੁਲ ਟੁੱਟ ਗਿਆ, ਪਰ ਇਹ ਸੋਚ ਕੇ ਕਿਤੇ ਸੱਚਾਈ ਦਾ ਉਸਨੂੰ ਪਤਾ ਨਾ ਲੱਗ ਜਾਏ। ਚੁਪ ਰਿਹਾ।
ਤੇ ਇਕ ਦਿਨ ਉਸ ਸਚਾਈ ਨੂੰ ਡੈਡੀ ਘਰ ਲੈ ਆਏ। ਸੱਚਾਈ¸ ਯਾਨੀ ਕਿ ਮੇਰੀ ਵਾਈਫ਼ ਏਗਨੇਸ। ਹੁਣ ਮੇਰੇ ਪੈਰਾਂ ਵਿਚ ਜ਼ੰਜੀਰ ਸੀ।
'ਉਸਦਾ ਘਰ ਮੇਰੇ ਮਕਾਨ ਤੋਂ ਥੋੜ੍ਹੀ ਦੂਰ ਹੀ ਸੀ। ਮੈਂ ਸ਼ਾਮ ਨੂੰ ਜਦੋਂ ਉਸ ਪਾਸਿਓਂ ਨਿਕਲਦਾ, ਉਸਨੂੰ ਖੂਹ ਤੋਂ ਪਾਣੀ ਭਰਦਿਆਂ ਦੇਖਦਾ। ਉਹ ਮੈਨੂੰ ਦੇਖ ਕੇ ਪਹਿਲਾਂ ਵਾਂਗ ਹੀ ਮੁਸਕਰਾਹਟ ਦਾ ਆਦਾਬ ਭੇਜਦੀ।
'ਫੇਰ ਸਮਾਂ ਵਹਿੰਦਾ ਗਿਆ...
ਮੇਰੇ ਘਰ ਕਰਿਸਮਿਸ ਦੇ ਨੇੜੇ ਹੀ ਜੀਸਸ ਵਾਂਗ ਮਾਰਟਿਨ ਆ ਗਿਆ। ਅਸੀਂ ਖੁਸ਼ ਹੋਏ। ਮੇਰੇ ਉਪਰ ਸਮੇਂ ਦੀ ਇਕ ਪਾਬੰਦੀ ਹੋਰ ਲਾਗੂ ਹੋ ਗਈ। ਅਬਰਕ ਫੈਕਟਰੀ ਤੋਂ ਪਰਤ ਕੇ ਮੈਂ ਆਪਣੀ ਗ੍ਰਹਿਸਤੀ ਵਿਚ ਰੁੱਝ ਜਾਂਦਾ। ਇਕ ਦਿਨ ਜਦੋਂ ਮੈਂ ਮਾਰਟਿਨ ਨੂੰ ਲੈ ਕੇ ਪੌੜੀਆਂ ਉਤਰ ਰਿਹਾ ਸਾਂ ਕੀ ਦੇਖਿਆ ਕਿ ਚਪੜਾਸੀ, ਡੈਡੀ ਸਾਹਮਣੇ ਗਿੜਗਿੜਾ ਰਿਹਾ ਹੈ¸ 'ਮਾਲਿਕ ਜਹਾਂ ਬਿਹਾਅ ਕਰਾ ਦੀਆ ਹੈ, ਵਹੀਂ ਇਕ ਕਿਰਪਾ ਔਰ ਕੀਜੀਏ। ਹਮਾਰੀ ਘਰ ਵਾਲੀ ਬੀਮਾਰ ਹੈ, ਕੁਛ ਰੁਪਏ...'
'ਮੈਂ ਤ੍ਰਬਕਿਆ।
'ਬੜੀ ਘੁਟਨ ਜਿਹੀ ਮਹਿਸੂਸ ਹੋਣ ਲੱਗ ਪਈ। ਮੈਨੂੰ ਲੱਗਿਆ, ਮੈਂ ਕੰਡਿਆਲੀਆਂ ਤਾਰਾਂ ਵਿਚ ਘਿਰ ਗਿਆ ਹਾਂ...ਉਸਦੇ ਸਿਰ ਦਾ ਦਰਦ!...ਤੁਸੀਂ ਸ਼ਾਮ ਨੂੰ ਘੁੱਟ ਜਾਂਦੇ ਓ ਤਾਂ ਸਾਰੀ ਰਾਤ ਆਰਾਮ ਨਾਲ ਸੁੱਤੀ ਰਹਿੰਦੀ ਆਂ। ਦਰਦ ਕਿੱਥੇ ਜਾਂਦਾ ਏ, ਪਤਾ ਈ ਨਹੀਂ ਲੱਗਦਾ। ...ਕਿਤੇ ਆਪਣੇ ਨਾਲ ਤਾਂ ਨਹੀਂ ਲੈ ਜਾਂਦੇ?...ਮੇਰੇ ਇਰਦ-ਗਿਰਦ ਦਰਦਾਂ ਦੀ ਧੁੰਦ ਛਾ ਗਈ।
ਮੈਂ ਬੜਾ ਪ੍ਰੇਸ਼ਾਨ ਰਿਹਾ। ਨੀਂਦ ਆਉਣ ਦਾ ਨਾਂ ਹੀ ਨਹੀਂ ਸੀ ਲੈਂਦੀ। ਏਗਨੇਸ ਨੇ ਹੌਲੀ ਜਿਹੇ ਮੇਰੇ ਸਿਰ ਉੱਤੇ ਹੱਥ ਫੇਰਿਆ। ਹਮਦਰਦੀ ਕਾਰਨੇ ਉਸਨੇ ਮੇਰੇ ਦੁੱਖ ਨੂੰ ਜਾਣਨਾ ਚਾਹਿਆ, ਤੇ...ਤੇ ਮੈਂ ਉਸਨੂੰ ਸਭ ਕੁਝ ਦੱਸ ਦਿੱਤਾ; ਸਭੋ ਕੁਝ।
ਫੇਰ ਮੈਂ ਅਬਰਕ ਦੇ ਕੰਮ ਦੇ ਬਹਾਨੇ ਜਾਣ-ਬੁੱਝ ਕੇ ਬਾਹਰ ਚਲਾ ਗਿਆ ਕਿ ਘੁੰਮ-ਫਿਰ ਕੇ ਸ਼ਾਂਤੀ ਮਿਲੇਗੀ। ਪਰ ਵਾਪਸ ਆਉਣ 'ਤੇ ਏਗਨੇਸ ਨੇ ਦੱਸਿਆ ਕਿ...'ਉਹ¸ ਉਸ ਚਪੜਾਸੀ ਦੀ ਪਤਨੀ ਤਾਂ ਪਾਗਲ ਨਿਕਲੀ। ਬੁਖਾਰ ਵਿਚ ਵੀ ਖੂਹ ਦੀ ਮੰਡ ਉੱਤੇ ਜਾ ਕੇ ਬੈਠੀ ਰਹਿੰਦੀ ਸੀ ਤੇ ਇਕ ਦਿਨ ਉਸੇ ਵਿਚ ਡੁੱਬ ਮਰੀ।'
ਉਸੇ ਰਾਤ ਜਦੋਂ ਮੈਂ ਵਾਪਸ ਪਰਤ ਰਿਹਾ ਸਾਂ, ਮੈਂ ਘਰ ਵਿਚ ਇਕ ਔਰਤ ਨੂੰ ਵੜਦਿਆਂ ਦੇਖਿਆ। ਜਦੋਂ ਦਰਵਾਜ਼ੇ ਅੰਦਰ ਪੈਰ ਧਰਿਆ, ਉਹ ਪੌੜੀਆਂ ਚੜ੍ਹ ਰਹੀ ਸੀ। ਮੈਂ ਸਮਝਿਆ ਏਗਨੇਸ ਹੋਵੇਗੀ ਪਰ ਅੰਦਰ ਜਾ ਕੇ ਮੈਨੂੰ ਪਤਾ ਲੱਗਾ ਕਿ ਉਹ ਤਾਂ ਕਿਚਨ ਵਿਚ ਸੀ। ਮੈਂ ਮੰਮੀ ਨੂੰ ਪੁੱਛਿਆ, 'ਮਾਰਟਿਨ ਕਿੱਥੇ ਐ?'
'---'ਉਪਰ ਸੁੱਤਾ ਪਿਆ ਏ।'
'ਮੈਂ ਉਪਰ ਵੱਲ ਨੱਸਿਆ। ਮਾਰਟਿਨ ਬੁਖਾਰ ਵਿਚ ਤਪ ਰਿਹਾ ਸੀ, ਪਰ ਉੱਥੇ ਹੋਰ ਕੋਈ ਵੀ ਨਹੀਂ ਸੀ।
'ਫੇਰ ਉਹ ਔਰਤ!
ਕਾਫੀ ਰਾਤ ਗਏ ਏਗਨੇਸ ਨੇ ਕਿਹਾ¸ 'ਜਾ ਕੇ ਸੌਂ ਜਾਓ।'
ਮੈਂ ਉੱਥੇ ਹੀ ਮੰਜੇ ਉੱਤੇ ਹੀ ਢੋਅ ਲਾ ਕੇ ਲੇਟ ਗਿਆ। ਨੀਂਦ ਆਉਂਦਿਆਂ ਹੀ ਉਸਨੂੰ ਦੇਖਿਆ। ਕਾਲੀ ਸਾੜ੍ਹੀ; ਸੋਗੀ ਰੰਗ ਤੇ ਉਹ ਕਹਿ ਰਹੀ ਸੀ¸ ' ਖੂਹ ਵੱਲ ਆਉਣਾ ਕਿਉਂ ਬੰਦ ਕਰ ਦਿੱਤਾ ਏ?...ਇਹ ਵਾਅਦਾ ਕਰਕੇ ਵੀ ਰੋਜ਼ ਆਓਗੇ; ਇਸ ਬੱਚੇ ਕਰਕੇ ਨਾ? ਤਾਂ ਮੈਂ ਇਸਨੂੰ ਲਿਜਾਅ ਰਹੀ ਆਂ।'
'ਨੀਂਦ ਟੁੱਟ ਗਈ।
'ਸਮਝ ਵਿਚ ਨਹੀਂ ਆਇਆ ਕਿ ਕੀ ਕਰਾਂ! ਸਿਰਫ ਜੀਸਸ ਤੋਂ ਦੁਆ ਮੰਗਦਾ ਰਿਹਾ। ਪਰ ਦੂਜੇ ਦਿਨ ਮਾਰਟਿਨ ਠੀਕ ਸੀ। ਮੈਂ ਸਮਝ ਲਿਆ, ਉਹ ਮੇਰੇ ਮਨ ਦਾ ਭਰਮ ਸੀ। ਏਗਨੇਸ ਕੁਝ ਬੇਚੈਨ ਜਿਹੀ ਲੱਗ ਰਹੀ ਸੀ।...
ਰਾਤ ਮੈਨੂੰ ਫੇਰ ਉਹੀ ਦਿਸੀ । ਉਹੀ ਸੋਗੀ ਰੰਗ¸ ਕਾਲੀ ਸਾੜ੍ਹੀ! ਉਸਨੇ ਮੁਸਕਰਾਹਟ ਦਾ ਆਦਾਬ ਵੀ ਘੱਲਿਆ। ਪਹਿਲੀ ਵਾਰੀ ਮੈਂ ਉਸਦੇ ਚਿਹਰੇ ਉੱਤੇ ਨਫ਼ਰਤ ਦੀ ਲਕੀਰ ਦੇਖੀ¸ 'ਕੱਲ੍ਹ ਮੈਥੋਂ ਗ਼ਲਤੀ ਹੋ ਚਲੀ ਸੀ...ਬੱਚੇ ਦਾ ਕੀ ਕਸੂਰ! ਗੁਨਾਹ ਤਾਂ ਤੂੰ ਕੀਤਾ ਏ...ਸ਼ਾਦੀ ਕਰਾ ਕੇ ਛੀ! ਤੇ ਫੇਰ , ਮੇਰੇ ਮਨ੍ਹਾਂ ਕਰਨ 'ਤੇ ਵੀ ਸਾਰੀਆਂ ਗੱਲਾਂ ਏਗਨੇਸ ਨੂੰ ਦੱਸ ਦਿੱਤੀਆਂ, ਬੜੀ ਪਿਆਰੀ ਬਣ ਗਈ ਏ ਨਾ...ਮੈਂ ਇਹੀ ਕਹਿਣ ਆਈ ਸੀ ਕਿ ਬੱਚੇ ਦੇ ਬਦਲੇ ਉਸਨੂੰ ਲਿਜਾਅ ਰਹੀ ਆਂ...'
'ਮੈਂ ਜ਼ੋਰ ਨਾਲ ਚੀਕਿਆ।
'ਏਗਨੇਸ ਕਰਾਹ ਰਹੀ ਸੀ। ਛੂਹ ਕੇ ਦੇਖਿਆ, ਜਿਸਮ ਤਪਦੀ ਭੱਠੀ ਦੀ ਰੇਤ ਬਣਿਆ ਹੋਇਆ ਸੀ।
'ਮੈਂ ਮਾਂ ਨੂੰ ਆਵਾਜ਼ ਦਿੱਤੀ। ਮੈਨੂੰ ਲੱਗਿਆ, ਮੇਰੀ ਬਾਂਹ ਨਾਲ ਵੱਝਿਆ ਗ੍ਰਹਿਸਤੀ ਦਾ ਤਵੀਤ ਕੋਈ ਤੋੜ ਕੇ ਲਿਜਾ ਰਿਹਾ ਹੈ। ਦੋ ਦਿਨ ਤਕ ਮੈਂ ਬੇਹੱਦ ਪ੍ਰੇਸ਼ਾਨ ਰਿਹਾ। ਡਾਕਟਰ ਦੀਆਂ ਦਵਾਈਆਂ ਵੀ ਅਸਰ ਨਹੀਂ ਸਨ ਕਰ ਰਹੀਆਂ...ਹੁਣ ਹਰ ਵੇਲੇ ਮੈਨੂੰ ਲੱਗਦਾ, ਏਗਨੇਸ ਮਰ ਰਹੀ ਹੈ...ਮਾਰਟਿਨ ਉਸ ਲਈ ਚੀਕ ਰਿਹਾ ਹੈ...ਤੇ ਇਕ ਸ਼ਾਮ ਜਦੋਂ ਡਾਕਟਰ ਨੇ ਉਸ ਨੂੰ ਕੁਝ ਘੰਟਿਆਂ ਦੀ ਮਹਿਮਾਨ ਦੱਸ ਦਿੱਤਾ ਮੇਰੇ ਪੈਰ ਪੌੜੀਆਂ ਉਤਰ ਗਏ। ਮੈਨੂੰ ਲੱਗਿਆ, ਮੇਰੇ ਮੋਢੇ ਉੱਤੇ ਏਗਨੇਸ ਦੀ ਲਾਸ਼ ਹੈ। ਮਾਰਟਿਨ ਵੀ ਰੋਂਦਾ-ਰੋਂਦਾ ਮਰ ਗਿਆ ਹੈ। ਉਸਨੂੰ ਵੀ ਮੇਰੇ ਉੱਤੇ ਲੱਦ ਦਿੱਤਾ ਗਿਆ ਹੈ।
ਤੇ ਜਦੋਂ ਮੈਂ ਰੁਕਿਆ ਤਾਂ ਮੇਰੇ ਸਾਹਮਣੇ ਚਪੜਾਸੀ ਦਾ ਘਰ ਸੀ। ਉਹ ਸੁੰਨਾ ਖੂਹ ਸੀ। ਮੈਂ ਸੋਚਿਆ, ਜਦੋਂ ਸਾਰੇ ਈ ਮਰ ਗਏ ਨੇ, ਤਾਂ ਕਿਉਂ ਨਾ ਮੈਂ ਵੀ ਆਤਮ ਹੱਤਿਆ ਕਰ ਲਵਾਂ! ਮੈਂ ਪਾਣੀ ਵਿਚ ਦੇਖਿਆ, ਉਹ ਕਿਸੇ ਲਾਸ਼ ਵਾਂਗ ਹੀ ਸ਼ਾਂਤ ਸੀ। ਉਦੋਂ ਹੀ ਮੈਨੂੰ ਲੱਗਿਆ, ਕੋਈ ਸਿਸਕ ਰਿਹਾ ਹੈ। ਕੰਬਦੀ ਹੋਈ ਤੇ ਮਰੀ-ਮਰੀ ਜਿਹੀ ਆਵਾਜ਼¸ 'ਤੁਹਾਡਾ ਉਦਾਸ ਚਿਹਰਾ ਬੜਾ ਬੁਰਾ ਲੱਗਦਾ ਏ...ਏਲਨੇਸ ਨੂੰ ਬਹੁਤ ਚਾਹੁੰਦੇ ਓ ਨਾ? ਜਾਣਦੀ ਆਂ, ਮੈਂ ਵੀ ਕਿਸੇ ਦੀ ਪਤਨੀ ਰਹਿ ਚੁੱਕੀ ਆਂ।...ਵਿਸ਼ਵਾਸ ਕਰੋ, ਤੁਹਾਥੋਂ ਤੁਹਾਡੀ ਗ੍ਰਹਿਸਤੀ ਨਹੀਂ ਖੋਹਾਂਗੀ...ਪਰ ਕੁੜੀਆਂ ਨਾਲ ਛੱਲ ਨਹੀਂ ਕਰੀਦਾ, ਬੜਾ ਦੁੱਖ ਹੁੰਦਾ ਏ। ਪਰ ਤੂੰ ਵੀ ਕੀ ਕਰਦਾ, ਪਿੱਛਲੀ ਵਾਰੀ ਤੂੰ ਗਰੀਬ ਸੈਂ ਤੇ ਮੈਂ ਅਮੀਰ; ਤੇ ਇਸ ਵਾਰੀ ਤੂੰ ਅਮੀਰ ਸੈਂ ਤੇ ਮੈਂ...' ਤੇ ਇਕ ਸਿਸਕੀ ਨਾਲ ਖੂਹ ਦਾ ਪਾਣੀ ਕੰਬ ਗਿਆ।
ਜਦੋਂ ਮੈਂ ਘਰ ਪਰਤਿਆ, ਮੰਮੀ ਨੇ ਪੁੱਛਿਆ¸ 'ਕਿੱਥੇ ਚਲਾ ਗਿਆ ਸੈਂ? ਭਲਾ ਇੰਜ ਵੀ ਕਦੀ ਘਬਰਾਈਦਾ ਹੁੰਦਾ ਏ! ਏਗਨੇਸ ਠੀਕ ਹੋ ਗਈ ਏ।'
'ਏਨਾ ਕਹਿ ਕੇ ਉਹ ਚੁੱਪ ਹੋ ਗਿਆ। ਕਮਰੇ ਵਿਚ ਲੱਗੇ ਜੀਸਸ ਵੱਲ ਦੇਖਦਾ ਤੇ ਕੁਝ ਸੋਚਦਾ ਰਿਹਾ। ਫੇਰ ਉਸਨੇ ਕਿਹਾ, 'ਮਿਸੇਜ ਡੇਵਿਸ, ਹਰ ਕੋਈ ਇਸ ਘਟਨਾ ਨੂੰ ਕਲਪਿਤਾ ਸਮਝਦਾ ਹੈ। ਪਰ ਮੈਂ...ਇਹ ਜਾਣਦਾ ਹੋਇਆ ਵੀ ਕਿ ਜੀਸਸ ਦੀ ਸੌਂਹ ਨਹੀਂ ਖਾਣੀ ਚਾਹੀਦੀ, ਕਹਿੰਦਾ ਹਾਂ ਕਿ ਜੇ ਇਹ ਘਟਨਾ ਝੂਠ ਹੈ ਤਾਂ ਕਰਾਈਸ ਦਾ ਮਰਨਾ ਤੇ ਜੀ ਉਠਣਾ ਵੀ ਅਸੱਤ ਹੈ...ਪਰ ਮੈਂ ਇਕ ਗੱਲ ਜਾਣਨੀ ਚਾਹੁੰਦਾ ਹਾਂ ਕਿ ਉਸ  ਕੁੜੀ ਦਾ ਖੂਹ ਨਾਲ ਕੀ ਸੰਬੰਧ ਸੀ; ਕੀ ਰਿਸ਼ਤਾ ਸੀ; ਕੀ ਰਿਲੇਸ਼ਨ ਸੀ???'
ਤੇ ਮਿਸ ਬਰਾਉਨ ਮੈਨੂੰ ਕੋਈ ਜਵਾਬ ਨਹੀਂ ਸੀ ਸੁੱਝਿਆ, ਸਾਡੇ ਪੁਨਰ-ਜਨਮ ਹੈ ਵੀ ਕਿੱਥੇ! ਮੈਂ ਚੁੱਪ ਕਰ ਗਈ। ਉਹ ਬੇਹੱਦ ਉਦਾਸ ਹੋ ਕੇ ਚਲਾ ਗਿਆ, '...ਤਾਂ ਤੁਹਾਡੇ ਕੋਲ ਵੀ ਕੋਈ ਉਤਰ ਨਹੀਂ!' ਤੇ ਇਹ ਸੱਚ ਹੈ ਕਿ ਉਸ ਦਿਨ ਵੀ ਮੇਰੇ ਕੋਲ ਕੋਈ ਉਤਰ ਨਹੀਂ ਸੀ ਤੇ ਅੱਜ ਵੀ ਨਹੀਂ। ਮੈਂ ਤਾਂ ਬਸ ਇਹੀ ਸੋਚ ਰਹੀ ਆਂ ਕਿ ਕੀ ਸੱਚਮੁੱਚ ਇਕ ਵਾਰੀ ਪ੍ਰੀਤ ਲਾ ਕੇ ਤਿਆਗੀ ਹੋਈ ਕੁੜੀ, ਉਸ ਮੋਹਰ ਲੱਗੀ ਟਿਕਟ ਵਾਂਗ ਬੇਕਾਰ ਹੋ ਜਾਂਦੀ ਏ ਜਿਹੜੀ ਦੁਬਾਰਾ ਕਿਸੇ ਕੰਮ ਦੀ ਨਹੀਂ ਰਹਿੰਦੀ...ਤੇ ਪਿੱਛੋਂ ਜਿਹੜੀਆਂ ਖੁਸ਼ੀਆਂ ਦੇ ਪਲ ਆਉਂਦੇ ਨੇ, ਅਬਰਕ ਉੱਤੇ ਬਣੇ ਇੰਦਰ-ਧਨੁਸ਼ ਵਾਂਗ ਬਰਬਾਦੀ ਤੇ ਤਬਾਹੀ ਦੇ ਹੁੰਦੇ ਨੇ...!”
“ਤਾਂ ਕੀ ਡੈਡੀ ਸੱਚਮੁੱਚ ਆਏ ਸਨ?” ਵਿਭਾ ਤ੍ਰਬਕੀ। ਉਹ ਆਪਣੇ ਆਪ ਵਿਚ ਗਵਾਚ ਗਈ। ਸਾਹਮਣੇ ਮੁਸਕਰਾਹਟਾਂ ਖਿਲਾਰਦੀ ਡੈਡੀ ਦੀ ਤਸਵੀਰ, ਉਸਨੇ ਮੁਸਕਰਾਉਣਾ ਚਾਹਿਆ ਤੇ ਮੁਸਕਰਾਈ ਵੀ। ਪਰ ਫੇਰ ਖ਼ਾਲੀ ਰਾਈਟਿੰਗ ਪੈਡ ਨੂੰ ਦੇਖ ਕੇ, ਉਸਨੂੰ ਮੋਹਰ ਲੱਗੀ ਟਿਕਟ ਯਾਦ ਆਈ। ਅਬਰਕ ਉੱਤੇ ਬਣਿਆ ਇੰਦਰ ਧਨੁਸ਼ ਦਿਖਾਈ ਦਿੱਤਾ। ਪਲਕਾਂ ਉਪਰ ਕੋਸੇ ਸਾਹਾਂ ਦੀ ਖੁਸ਼ਬੂ ਮਹਿਸੂਸ ਹੋਈ। ...ਤੇ ਫੇਰ ਉਹ ਉਦਾਸ ਹੋ ਗਈ।
***

ਯੁਜਿਨ ਫ਼ਾਈਨਲ ਈਅਰ ਵਿਚ ਆ ਗਿਆ।
ਹੁਣ ਵਿਭਾ ਨੇ ਦੁੱਧ ਵਾਲਾ ਵੀ ਹਟਾਅ ਦਿੱਤਾ ਸੀ ਤੇ ਉਹ ਕਿਸੇ 'ਚਾਈਲਡ ਵੈੱਲਫੇਅਰ ਸੈਂਟਰ' ਜਾਂ ਹਸਪਤਾਲ ਵਿਚੋਂ ਕੁਝ ਮਿਲਕ ਪਾਊਡਰ ਲੈ ਆਉਂਦੀ ਤੇ ਉਸ ਦੀ ਚਾਹ ਬਣਾ ਲੈਂਦੀ। ਪਰ ਜਦੋਂ ਉਹ ਵੀ ਨਾ ਮਿਲਦਾ, ਆਪਣੇ ਮਨ ਨੂੰ ਸਮਝਾਉਂਦੀ, ਸਿਹਤ ਲਈ ਚਾਹ ਮਾੜੀ ਹੁੰਦੀ ਹੈ, ਬਹੁਤ ਹੀ ਮਾੜੀ।
ਸਕੂਲ ਦੀ ਛੁੱਟੀ ਹੋਣ ਤੋਂ ਪਹਿਲਾਂ ਸਾਰੇ ਬੱਚਿਆਂ ਦੀਆਂ ਵੱਖ ਵੱਖ ਕਤਾਰਾਂ ਬਣਾਈਆਂ ਜਾਂਦੀਆਂ। ਇਕ ਜਗ੍ਹਾ ਇੱਕਠੇ ਹੋ ਕੇ ਸਾਰੇ ਲੈਫਟ-ਰਾਈਟ ਕਰਦੇ। ਵਿਭਾ ਤਾੜੀਆਂ ਵਜਾ ਕੇ 'ਲੈਫਟ ਰਾਈਟ...ਲੈਫਟ...ਲੈਫਟ' ਕਹਿੰਦੀ ਤੇ ਜੇ ਕੋਈ ਗ਼ਲਤ ਪੈਰ ਰੱਖਦਾ ਤਾਂ ਉਹ ਉਸਨੂੰ ਠੀਕ ਕਰਾਉਂਦੀ। ਉਸ ਦੀਆਂ ਅੱਖਾਂ ਸਾਹਮਣੇ ਨਿੱਕੇ ਨਿੱਕੇ ਪੈਰ ਦੌੜਨ ਲੱਗਦੇ ਤੇ ਫੇਰ ਹੌਲੀ ਹੌਲੀ ਵੱਡੇ ਹੋ ਜਾਂਦੇ। ਉਸਨੂੰ ਲੱਗਦਾ, ਇਹ ਯੁਜਿਨ ਦੇ ਪੈਰ ਨੇ। ਤੇ ਉਸ ਦੀ ਯਾਦ ਆਉਂਦਿਆਂ ਹੀ ਉਹ ਖ਼ਤ ਜਿਹੜਾ ਉਸਨੇ ਉਸ ਨੂੰ ਲਿਖਿਆ ਸੀ...'ਭਰਾ, ਮੇਰੀ ਤਾਂ ਬਸ ਇਕੋ ਇੱਛਾ ਹੈ ਕਿ ਤੂੰ ਪ੍ਰਫੈਸਰ ਬਣ ਕੇ ਆਏਂ, ਇੱਥੋਂ ਦੇ ਹੀ ਲੋਕਲ ਕਾਲਜ ਵਿਚ। ਇਸ ਲਈ ਮੈਂ ਕਹਿੰਦੀ ਹਾਂ, ਖੂਬ ਮਨ ਲਾ ਕੇ ਪੜ੍ਹ, ਮੇਰਿਆ ਵੀਰਾ...ਤਾਂ ਕਿ ਸਚਾਈ ਤੇ ਝੂਠ ਦੀ ਪਰਖ਼ ਖ਼ੁਦ ਕਰ ਸਕੇਂ। ਅਗਲੇ ਮਹੀਨੇ ਤੈਨੂੰ ਪੈਸੇ ਭੇਜ ਦਿਆਂਗੀ...ਤੂੰ ਆਪਣਾ ਦੁੱਧ ਵਧਾਅ ਦੇ...ਮੇਰੀ ਹੁਣ ਤਨਖ਼ਾਹ ਵੀ ਵੱਧ ਗਈ ਹੈ...' ਪਰ ਇਹ ਆਖਰੀ ਵਾਕ ਲਿਖਣ ਵੇਲੇ ਉਸ ਦੀਆ ਉਂਗਲਾਂ ਕੰਬ ਰਹੀਆਂ ਸਨ।
ਫੇਰ ਸਾਰੇ ਬੱਚੇ ਕਾਰ ਜਾਂ ਰਿਕਸ਼ਾ ਵਿਚ ਆਪੋ ਆਪਣੇ ਘਰੀਂ ਚਲੇ ਜਾਂਦੇ ਪਰ ਉਹ ਸਾਰਿਆਂ ਦੇ ਜਾਣ ਦਾ ਇੰਤਜ਼ਾਰ ਕਰਦੀ। ਇਕ ਦਿਨ ਇਕ ਬੱਚੀ ਨੇ ਉਸਨੂੰ ਪੁੱਛਿਆ ਵੀ ਸੀ, 'ਮਿਸ ਤੁਸੀਂ ਤੁਰ ਕੇ ਘਰ ਕਿਉਂ ਜਾਂਦੇ ਓ? ਤੁਹਾਡੇ ਕੋਲ ਕਾਰ ਨਹੀਂ? ਰਿਕਸ਼ਾ ਵੀ ਨਹੀਂ? ਅੱਛਾ, ਮੈਂ ਆਪਣੇ ਡੈਡੀ ਨੂੰ ਕਹਿ ਕੇ ਤੁਹਾਡੇ ਲਈ ਕਾਰ ਖ਼ਰੀਦ ਦਿਆਂਗੀ...।'
ਵਿਭਾ ਰੋਣ ਹਾਕੀ ਹੋ ਗਈ ਸੀ। ਉਸਨੇ ਬੱਚੀ ਨੂੰ ਚੁੰਮ ਲਿਆ। ਫੇਰ ਮੁਸਕਰਾ ਕੇ ਬੋਲੀ, “ਲਿਲੀ, ਮੈਂ ਤਾਂ ਸਿਰਫ ਏਸੇ ਲਈ ਤੁਰ ਕੇ ਜਾਂਦੀ ਆਂ ਕਿ ਮੇਰਾ ਘਰ ਨੇੜੇ ਈ ਏ...”
ਲਿੱਲੀ ਚਲੀ ਗਈ। ਉਹ ਚੁੱਪਚਾਪ ਖੜ੍ਹੀ ਉਸਨੂੰ ਜਾਂਦਿਆਂ ਦੇਖਦੀ ਰਹੀ। ਹੁਣ ਉਹ ਉਸਨੂੰ ਕੀ ਕਹਿੰਦੀ! ਕਿ ਰਿਕਸ਼ਾ ਦੇ ਪੈਸੇ ਬਚਾਉਣ ਨਾਲ ਯੁਜਿਨ ਦੇ ਦੁੱਧ ਦੀ ਕਮੀ ਪੂਰੀ ਹੋ ਸਕਦੀ ਹੈ...ਫਿਰ ਉਸਨੂੰ ਲੱਗਿਆ, ਯੁਜਿਨ ਵੱਡਾ ਹੋ ਕੇ ਦੁੱਧ ਦੀ ਕੀਮਤ ਚੁੱਕਾਅ ਰਿਹਾ ਹੈ; ਦੀਦੀ ਚੱਲ, ਚੱਲ ਕੇ ਤੇਰੇ ਲਈ ਕਾਰ ਖ਼ਰੀਦ ਲਿਆਈਏ...ਤੇ ਇਸ ਵਾਰ ਉਹ ਸੱਚਮੁੱਚ ਮੁਸਕਰਾ ਪਈ।
ਉਂਜ ਕਰਿਸਮਸ ਦੀਆਂ ਛੁੱਟੀਆਂ ਵਿਚ ਉਹ ਹਰ ਵਾਰੀ ਆਉਂਦਾ ਸੀ, ਪਰ ਇਸ ਵਾਰੀ ਉਸਨੇ ਲਿਖਿਆ, 'ਦੀਦੀ, ਐਮ.ਏ. ਵਿਚ ਚੰਗੇ ਨੰਬਰ ਲੈ ਸਕਾਂ, ਇਸ ਲਈ ਛੁੱਟੀਆਂ ਵਿਚ ਆ ਕੇ ਸਮਾਂ ਨਹੀਂ ਗੰਵਾਉਣਾ ਚਾਹੁੰਦਾ...ਉਮੀਦ ਹੈ ਤੁਸੀਂ ਬੁਰਾ ਨਹੀਂ ਮੰਨੋਗੇ।'
ਵਿਭਾ ਉੱਤੇ ਤਾਂ ਜਿਵੇਂ ਫੁੱਲਾਂ ਦੀ ਵਾਛੜ ਹੋ ਗਈ ਸੀ।
ਕੋਈ ਆਪ ਆ ਕੇ ਉਸਨੂੰ ਇਤਰ ਵਿਚ ਨੁਹਾਅ ਗਿਆ ਸੀ। ਕਮਰੇ ਵਿਚ ਖੁਸ਼ਬੂ ਦੇ ਟੁਕੜੇ ਖਿੱਲਰ ਗਏ, 'ਭਰਾ, ਮੈਂ ਹੀ ਜਾਣਦੀ ਹਾਂ, ਮੈਨੂੰ ਕਿੰਨੀ ਖੁਸ਼ੀ ਹੋਈ ਹੈ। ਇਮਤਿਹਾਨ ਪਿੱਛੋਂ ਤੂੰ ਨਹੀਂ ਡੈਡੀ ਦਾ ਸਾਕਾਰ ਸੁਪਨਾ ਆਏਗਾ ਤੇ ਮੈਂ...ਮੈਂ ਤਾਂ ਬਸ ਉਸੇ ਦੀ ਉਡੀਕ ਕਰ ਰਹੀ ਹਾਂ।'
ਹੁਣ ਵਿਭਾ ਸਾਰੀ ਸਾਰੀ ਰਾਤ ਜਾਗ ਕੇ ਕੰਮ ਕਰਦੀ।
ਹਰ ਸਮੇਂ ਯੁਜਿਨ ਦੇ ਖ਼ਿਆਲਾਂ ਵਿਚ ਡੁੱਬੀ ਰਹਿੰਦੀ। ਤੇ ਇਕ ਦਿਨ ਉਹ ਆ ਕੇ ਆਪਣੀ ਟੁੱਟੀ ਜਿਹੀ ਮੰਜੀ ਉੱਤੇ ਲੇਟ ਗਈ। ਖਿੜਕੀ ਖੁੱਲ੍ਹੀ ਸੀ...ਪਰ ਉਸਨੂੰ ਬੜੀ ਘੁਟਣ ਮਹਿਸੂਸ ਹੋ ਰਹੀ ਸੀ...ਨਹੀਂ ਹੁਣ ਬਰਦਾਸ਼ਤ ਨਹੀਂ ਹੁੰਦਾ।
ਮਨ ਪ੍ਰਚਾਉਣ ਖਾਤਰ ਉਸਨੇ ਇਕ ਰਸਾਲਾ ਚੁੱਕ ਲਿਆ। ਫਿਰ ਇਕ ਕਹਾਣੀ ਪੜ੍ਹਨ ਲੱਗ ਪਈ। ਉਹ ਬਹੁਤ ਸਾਰੀਆਂ ਖਿੜਕੀਆਂ ਦੀ ਇਕ ਕਹਾਣੀ ਸੀ¸ 'ਆਖ਼ਰੀ ਖਿੜਕੀ ਕੋਲ ਇਕ ਇਨਸਾਨ ਬੈਠਾ ਸੀ। ਉਹ ਹਸਰਤ ਭਰੀਆਂ ਨਜ਼ਰਾਂ ਨਾਲ ਬਾਹਰ ਵੱਲ ਦੇਖ ਰਿਹਾ ਸੀ ਕਿਉਂਕਿ ਉਸਦੇ ਪੈਰ ਨਹੀਂ ਸਨ। ਕੋਲ ਇਕ ਖੁਬਸੂਰਤ ਕੁੜੀ ਸੈਂਡਵਿਚ ਫੜ੍ਹੀ ਖੜ੍ਹੀ ਹੈ। ਉਹ ਚੰਦ ਵੱਲ  ਦੇਖ ਕੇ ਕਹਿੰਦੀ ਹੈ, 'ਇਹ ਚੰਦ ਕਿੰਨਾ ਖੁਬਸੂਰਤ ਏ! ਇਸਨੇ ਜ਼ਿੰਦਗੀ ਦੇ ਹਰ ਮੋੜ ਉੱਤੇ ਸਾਨੂੰ ਰਾਹ ਦਿਖਾਇਆ ਏ। ਇਸਨੇ ਸਾਡੀਆਂ ਆਹਾਂ ਵੀ ਸੁਣੀਆਂ ਨੇ, ਸਾਡੇ ਅੱਥਰੂ ਵੀ ਦੇਖੇ ਨੇ, ਸਾਡੀ ਚਾਹਤ ਦੇ ਚੁੰਮਣ ਵੀ ਮਹਿਸੂਸ ਕੀਤੇ ਨੇ...ਮੈਥੋਂ ਕੋਈ ਸਾਰੀ ਦੁਨੀਆਂ ਲੈ ਲਏ, ਮੇਰਾ ਚੰਦ ਮੈਨੂੰ ਦੇ ਦਏ।'
ਮਰਦ ਕਹਿੰਦਾ ਹੈ, 'ਮਨੁੱਖ ਨੇ ਤਾਰਿਆਂ ਉੱਤੇ ਕਮੰਦ ਸੁੱਟੀ ਹੋਈ ਏ...ਚੰਦ ਤਾਂ ਸਭ ਤੋਂ ਪਹਿਲਾਂ ਸਾਡੇ ਜਾਲ ਵਿਚ ਆ ਗਿਆ ਸੀ।'
ਕੁੜੀ ਖਿੜ ਜਾਂਦੀ ਹੈ।
ਉਦੋਂ ਹੀ ਖਿੜਕੀ ਹੇਠਾਂ ਅਚਾਨਕ ਇਕ ਆਵਾਜ਼ ਗੂੰਜਦੀ ਹੈ, 'ਇਕ ਰੋਟੀ ਦੇ ਦਿਓ! ਸਵੇਰ ਦੀ ਭੁੱਖੀ ਆਂ। ਮੇਮ-ਸਾਹਬ ਦੀ ਜੋੜੀ ਸਲਾਮਤ ਰਹੇ...ਇਕ ਰੋਟੀ...'।
ਦੋਏ ਹੇਠਾਂ ਵੱਲ ਦੇਖਣ ਲੱਗ ਪੈਂਦੇ ਨੇ।
ਖਿੜਕੀ ਦੇ ਐਨ ਹੇਠਾਂ, ਭੂਰੀ ਬੱਜਰੀ ਉੱਤੇ, ਪਾਟੇ-ਪੁਰਾਣੇ ਚੀਥੜੇ ਪਾਈ, ਅੱਠ ਨੌ ਸਾਲ ਦੀ ਇਕ ਕੁੜੀ ਖੜ੍ਹੀ ਸੀ। ਸੁੱਕੜ ਜਿਹਾ ਚਿਹਰਾ, ਸੁੱਕੇ ਹੋਏ ਬੁੱਲ੍ਹ, ਭੁੱਖੀਆਂ ਨਿਗਾਹਾਂ, ਪਤਲੀਆਂ ਪਤਲੀਆਂ ਬਾਹਾਂ 'ਇਕ ਰੋਟੀ' ਉਸਨੇ ਸੈਂਡਵਿਚ  ਵੱਲ ਦੇਖਿਆ।
ਮਰਦ ਨੇ ਹੱਸ ਕੇ ਪੁੱਛਿਆ, 'ਚੰਦਾ ਮਾਮਾ ਲਏਂਗੀ?'
'ਰੋਟੀ ਬਾਬੂ ਜੀ।'
'ਦੇਖ ਤੇਰਾ ਚੰਦਾ ਮਾਮਾ ਕਿੰਨਾ ਸੋਹਣਾ ਏਂ...ਚੰਦ 'ਤੇ ਜਾਣਾ ਈ?'
ਪਰ ਉਹ ਇਕ-ਟੱਕ ਸੈਂਡਵਿਚ ਵੱਲ ਦੇਖ ਰਹੀ ਸੀ। ਕੋਲ ਖੜ੍ਹੀ ਉਸ ਕੁੜੀ ਨੇ ਆਪਣਾ ਸੈਂਡਵਿਚ, ਉਪਰੋਂ ਉਸਦੀ ਝੋਲੀ ਵਿਚ ਸੁੱਟ ਦਿੱਤਾ, 'ਕਿਉਂ ਨਿਆਣੀ ਨਾਲ ਮਜ਼ਾਕ ਕਰਦੇ ਓ?'
ਸੈਂਡਵਿਚ ਚੁੱਕ ਕੇ ਉਹ ਦੌੜ ਗਈ। ਮਰਦ ਨੇ ਕਿਹਾ, 'ਜਿਹੜੇ ਲੋਕ ਉਪਰਲੀ ਮੰਜ਼ਿਲ ਵਿਚ ਰਹਿੰਦੇ ਨੇ, ਉਹ ਜ਼ਰੂਰ ਚੰਦ 'ਤੇ ਜਾਣ, ਉਸਨੂੰ ਫਤਿਹ ਕਰਨ...ਪਰ ਉਹ ਜਿਹੜੇ ਨਿਚਲੀ ਮੰਜ਼ਿਲ ਦੇ ਵਾਸੀ ਨੇ, ਉਹਨਾਂ ਕਰੋੜਾਂ ਇਨਸਾਨਾਂ ਨੂੰ ਤਾਂ ਹੁਣ ਤਕ ਉਹ ਚੰਦ ਵੀ ਨਸੀਬ ਨਹੀਂ ਹੁੰਦਾ, ਜਿਹੜਾ ਅੱਧੀ ਛਟਾਂਕ ਆਟੇ ਤੋਂ ਬਣਦਾ ਏ ਤੇ ਰਾਤ ਦਿਨ ਮਿਹਨਤ ਕਰਨ 'ਤੇ ਵੀ ਮਸੀਂ ਸ਼ਕਲ ਦਿਖਾਂਦਾ ਏ।'...ਬਿਨਾਂ ਪੂਰੀ ਕਹਾਣੀ ਪੜ੍ਹੇ ਵਿਭਾ ਨੇ ਰਸਾਲਾ ਰੱਖ ਦਿੱਤਾ। ਖੁੱਲ੍ਹੀ ਖਿੜਕੀ ਵਿਚੋਂ ਆਉਂਦੀ ਚਾਨਣੀ ਉਸਦਾ ਮੰਜਾ ਘੇਰੀ ਖੜ੍ਹੀ ਸੀ। ਉਸਦੇ ਅੰਦਰ ਖੋਹ ਜਿਹੀ ਪੈਣ ਲੱਗੀ...ਕਈ ਦਿਨਾਂ ਦੀ ਇਕ ਵੇਲੇ ਖਾ ਰਹੀ ਹੈ। ਦੋ ਡੰਗ ਦਾ ਖਰਚ ਆਉਂਦਾ ਵੀ ਕਿੱਥੋਂ! ਪਰ ਪਤਾ ਨਹੀਂ ਕਿਉਂ ਅੱਜ ਉਸਤੋਂ ਇਹ ਭੁੱਖ ਬਰਦਾਸ਼ਤ ਨਹੀਂ ਹੋ ਰਹੀ...ਉਸਨੇ ਲੇਟੇ ਹੀ ਲੇਟੇ ਜਾਲੀ ਵੱਲ ਦੇਖਿਆ। ਕੁਝ ਸਾਫ ਦਿਖਾਈ ਨਾ ਦਿੱਤਾ। ਉਹ ਜਾਣਦੀ  ਹੈ, ਦਿਸਦਾ ਵੀ ਕੀ...ਕੁਝ ਹੈ ਵੀ ਨਹੀਂ ਉਸ ਵਿਚ।
ਤੇ ਚਾਨਣੀ ਉਸਨੂੰ ਘੇਰੀ ਖੜ੍ਹੀ ਸੀ¸ ਬੋਝਿਲ ਕਦਮਾਂ ਨਾਲ ਉਹ ਖਿੜਕੀ ਕੋਲ ਗਈ। ਹੌਲੀ ਜਿਹੀ ਬਾਰ ਭੀੜ ਦਿੱਤੇ। ਪਰਤਦਿਆਂ ਹੋਇਆਂ ਉਸਨੂੰ ਲੱਗਿਆ, ਕੋਈ ਹੋਰ ਹੀ ਵਿਭਾ ਉਸਨੂੰ ਕਹਿ ਰਹੀ ਹੈ...:
'ਸ਼ਾਮ ਏ ਗ਼ਮ ਹੈ, ਕਰਾਰ ਕਿਸ ਕੋ ਹੈ,
 ਦਰਦ ਪਰ ਇਖ਼ਤਿਆਰ ਕਿਸ ਕੋ ਹੈ,
 ਮੇਰੀ ਕਿਸਮਤ ਕੀ ਬਾਤ ਹੈ ਵਰਨਾ¸
 ਚਾਂਦਨੀ ਨਾ-ਗਵਾਰ ਕਿਸ ਕੋ ਹੈ।'
ਪਰਤਦਿਆਂ ਹੋਇਆਂ ਉਹ ਮੇਜ਼ ਨਾਲ ਟਕਰਾਅ ਗਈ।
ਉਸਨੇ ਯੁਜਿਨ ਦੀ ਡਿੱਗੀ ਫੋਟੋ ਨੂੰ ਫੇਰ ਖੜ੍ਹੀ ਕਰ ਦਿੱਤਾ...ਢਿੱਡ ਦੀ ਖੋਹ ਹੋਰ ਵਧ ਗਈ। ਕੋਲ ਪਈ ਸੁਰਾਹੀ ਵਿਚੋਂ ਪਾਣੀ ਦੇ ਕਈ ਗਿਲਾਸ ਪੀਤੇ ਤੇ ਫੇਰ ਹੌਲੀ ਹੌਲੀ ਆਪਣੇ ਭਰਾ ਦੀ ਤਸਵੀਰ ਉੱਤੇ ਹੱਥ ਫੇਰਨ ਲੱਗ ਪਈ, ਜਿਵੇਂ ਉਹ ਪੜ੍ਹ ਦੇ ਬਹੁਤ ਥੱਕ ਗਿਆ ਹੋਵੇ ਤੇ ਉਹ ਥਾਪੜ ਕੇ ਉਸਨੂੰ ਸੰਵਾਅ ਰਹੀ ਹੋਏ।
***

ਸੱਤਵੀਂ ਕਿਸ਼ਤ :: ਜਾਗਦੀਆਂ ਅੱਖਾਂ ਦਾ ਸੁਪਨਾ… :: ਲੇਖਕ : ਰਾਬਿਨ ਸ਼ਾਹ ਪੁਸ਼ਪ

ਘਾਹ ਉੱਤੇ ਉਗੇ ਸੂਰਜ…:

ਅਨੁਵਾਦ : ਮਹਿੰਦਰ ਬੇਦੀ ਜੈਤੋ


ਜਿਵੇਂ ਕਿਸੇ ਇਕ ਖਿੜਦੀ ਵਿਚੋਂ ਮੁੱਠੀ ਮੁੱਠੀ ਹਵਾ ਆ ਕੇ ਕਮਰੇ ਵਿਚ ਵਿਛ ਜਾਂਦੀ ਹੈ ਜਾਂ ਫੇਰ ਕਿਸੇ ਕੋਨੇ ਵਿਚ ਸੁਲਗ ਰਹੀ ਚੰਦਨ ਦੀ ਖੁਸ਼ਬੂ ਸਾਰੇ ਕਮਰੇ ਵਿਚ ਭਰ ਜਾਂਦੀ ਹੈ ਤੇ ਕਮਰਾ ਛੋਟਾ ਜਾਪਣ ਲੱਗ ਪੈਂਦਾ ਹੈ, ਤਾਰ ਦੇ ਸਿਰਫ ਦੋ ਸ਼ਬਦ ਵਿਭਾ ਨੂੰ ਏਨੇ ਵੱਡੇ ਲੱਗੇ ਕਿ ਉਹ ਉਹਨਾਂ ਨੂੰ ਸਮਝ ਕੇ ਵੀ ਸਮਝ ਨਹੀਂ ਸਕੀ। ਉਸਨੂੰ ਲੱਗਿਆ,  ਇਹ ਵਾਤਾਵਰਣ ਛੋਟਾ ਹੈ, ਉਹ ਆਪ ਛੋਟੀ ਹੈ...ਸਿਰਫ ਦੋ ਸ਼ਬਦ ਅਤਿ ਵਿਸ਼ਾਲ ਨੇ---'ਕਮਿੰਗ ਟੂਮਾਰੋ'।
ਉਸਨੇ ਮਹਿਸੂਸ ਕੀਤਾ ਹੁਣ ਤਕ ਸਾਰੀਆਂ ਖੁਸ਼ੀਆਂ ਜਿਵੇਂ ਇਕ ਗੁਬਾਰੇ ਵਿਚ ਕੈਦ ਸਨ ਤੇ ਅੱਜ ਹੀ ਉਹ ਮਨਹੂਸ ਗੁਬਾਰਾ ਫੁਟਿਆ ਹੈ ਤੇ ਸਾਰੀਆਂ ਦੀਆਂ ਸਾਰੀਆਂ ਉਸਦੇ ਇਰਦ-ਗਿਰਦੇ ਖਿੱਲਰ ਗਈਆਂ ਨੇ। ਇਕ ਦਿਨ ਉਹ ਪ੍ਰਤਿਗਿਆ ਦੇ ਰਾਹ ਵਿਚ ਵਿਛ ਗਈ ਸੀ, ਉਦੋਂ ਉਹ ਕਤਾਰ ਵਿਚ ਸਭ ਤੋਂ ਪਿੱਛੇ ਖੜ੍ਹੀ ਸੀ...ਸਭ ਤੋਂ ਪਿੱਛੇ। ਪਰ ਅੱਜ ਉਡੀਕਾਂ ਮੁੱਕ ਗਈਆਂ ਨੇ ਤੇ ਉਹ ਸਾਰਿਆਂ ਨਾਲੋਂ ਅੱਗੇ ਹੈ...ਉਸਨੇ ਮਹਿਸੂਸ ਕੀਤਾ, ਉਸਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ¸ ਯੁਜਿਨ ਐਮ.ਏ. ਦਾ ਇਮਤਿਹਾਨ ਦੇ ਕੇ ਆ ਰਿਹਾ ਹੈ। ਉਹ ਕਤਾਰ ਵਿਚ ਸਭ ਤੋਂ ਅੱਗੇ ਖੜ੍ਹੀ ਉਸਨੂੰ ਉਡੀਕ ਰਹੀ ਹੈ। ਪਹਿਲਾਂ ਪੈਰਾਂ ਹੇਠ ਕੰਕਰ-ਪੱਥਰ ਸਨ, ਹੁਣ ਨਿੱਕੀ ਨਿੱਕੀ ਘਾਹ ਉਗ ਆਈ ਹੈ। ਉਸ ਉੱਤੇ ਸ਼ਬਨਮ (ਓਸ) ਦੀਆਂ ਬੂੰਦਾਂ ਨੇ। ਤੇ ਉਹ ਸੂਰਜ ਦੀ ਰੋਸ਼ਨੀ ਵਿਚ ਚਮਕ ਰਹੀਆਂ ਨੇ¸ ਜਿਵੇਂ ਹਰੇਕ ਪੱਤੇ ਉੱਤੇ ਸੂਰਜ ਉਗੇ ਹੋਏ ਹੋਣ। ਉਸਦਾ ਭਵਿੱਖ ਘਾਹ ਉਪਰ ਚਮਕਦੇ ਅਸੰਖ ਸੂਰਜਾਂ ਵਾਂਗ ਝਿਲਮਿਲਾ ਰਿਹਾ ਸੀ।
ਉਹ ਦੌੜਦੀ ਹੋਈ ਤਾਰ ਲੈ ਕੇ ਮਿਸੇਜ ਡੇਵਿਸ ਕੋਲ ਗਈ ਤੇ ਬਿਨਾਂ ਸਾਹ ਲਿਆਂ ਕਹਿਣ ਲੱਗੀ, “ਕੱਲ੍ਹ ਮੇਰਾ ਭਰਾ ਆ ਰਿਹਾ ਏ...।”
“ਰੀਅਲੀ?”
“ਬਾਈ ਫ਼ੇਥ...ਆਹ ਤਾਰ ਦੇਖੋ।”
ਤਾਰ ਦੇਖ ਕੇ ਮਿਸੇਜ ਡੇਵਿਸ ਵੀ ਖਿੜ ਗਈ, “ਮੁਬਰਕ, ਮਿਸ ਬਰਾਉਨ ਇਹ ਸਭ ਤੇਰੀ ਮਿਹਨਤ ਦਾ ਫਲ ਏ। ਗਾਡ ਹੈਲਪ ਦੋਜ਼ ਹੂ ਹੈਲਪ ਦੇਮ ਸੇਲਵਜ਼...” ਪਰ ਵਿਭਾ ਨੂੰ ਪਤਾ ਨਹੀਂ ਕੀ ਯਾਦ ਆ ਗਿਆ ਕਿ ਉਹ ਮਿਸੇਜ ਡੇਵਿਸ ਦੀ ਗੱਲ ਅਧੂਰੀ ਛੱਡ ਕੇ ਨੱਸ ਗਈ।
ਤੇ ਆਪਣੇ ਕਮਰੇ ਵਿਚ ਆ ਕੇ ਅਲਟਰ ਸਾਹਮਣੇ ਝੁਕ ਕੇ ਰੋਣ ਲੱਗ ਪਈ, “ਮੈਨੂੰ ਮੁਆਫ਼ ਕਰ ਦਿਓ ਜੀਸਸ! ਮੈਥੋਂ ਗ਼ਲਦੀ ਹੋ ਗਈ...ਬੜੇ ਦਿਨਾਂ ਬਾਅਦ ਖੁਸ਼ੀ ਦਾ ਮੂੰਹ ਦੇਖਿਆ ਏ ਨਾ, ਇਸ ਲਈ ਉਸਦੀ ਕਲਪਨਾ ਵਿਚ ਹੀ ਪਾਗ਼ਲ ਹੋ ਗਈ ਸਾਂ। ਮੈਨੂੰ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ ਦੇਣੀ ਚਾਹੀਦੀ ਸੀ। ਮੈਨੂੰ ਮੁਆਫ਼ ਕਰ ਦਿਓ, ਯੀਸ਼ੂ ਮਸੀਹ!”
ਫੇਰ ਉਹ ਸਿੱਜਲ ਅੱਖਾਂ ਨਾਲ ਡੈਡੀ ਦੀ ਤਸਵੀਰ ਵੱਲ ਦੇਖਦੀ ਰਹੀ। ਉਸਨੂੰ ਲੱਗਿਆ, ਫੇਰਮ ਦੀ ਕੈਦ ਵਿਚੋਂ ਨਿਕਲ ਕੇ ਉਹ ਉਸਨੂੰ ਆਪਣੀ ਹਿੱਕ ਨਾਲ ਲਾ ਲੈਣਗੇ। ਤੇ ਕਹਿਣਗੇ, 'ਬੇਬੀ, ਯੂ ਆਰ ਗਰੇਟ...ਤੂੰ ਮੇਰੇ ਸੁਪਨਿਆਂ ਦੀ ਲਾਜ ਰੱਖ ਲਈ।'
ਉਹ ਘਰ ਨੂੰ ਸਜਾਉਣ ਲੱਗ ਪਈ।
ਕੱਲ੍ਹ ਉਸਦਾ ਭਰਾ, ਨਹੀਂ ਡੈਡੀ ਦਾ ਸੁਪਨਾ ਆਵੇਗਾ, 'ਯੁਜਿਨ ਬਰਾਉਨ'...ਨਹੀਂ...'ਯੁਜਿਨ ਬਰਾਉਨ ਐਮ.ਏ.' ਉਸਨੇ ਮਨ ਹੀ ਮਨ ਸੋਚਿਆ, ਉਹ ਮਿਸਟਰ ਡੇਵਿਸ ਨੂੰ ਕਹੇਗੀ ਕਿ ਜੇ ਉਹ ਥੋੜ੍ਹੀ ਕੋਸ਼ਿਸ਼ ਕਰ ਦੇਣ ਤਾਂ ਯੁਜਿਨ ਨੂੰ ਲੋਕਲ ਕਾਲਜ ਵਿਚ... ਉਹਨਾਂ ਦੀ ਕਾਫੀ ਚਲਦੀ ਹੈ, ਬੇਹੱਦ ਸੋਰਸ ਵੀ ਨੇ। ਫੇਰ ਉਹ ਨਟਰੇ-ਡਰਮ ਦੀ ਨੌਕਰੀ ਛੱਡ ਦਵੇਗੀ। ਹੁਣ ਟਿਊਸ਼ਨਾਂ ਲਈ ਜਾਇਆ ਵੀ ਕਿੱਥੇ ਜਾਂਦਾ ਹੈ! ਅੱਖਾਂ ਵੀ ਕਮਜ਼ੋਰ ਹੋ ਗਈਆਂ ਨੇ! ਯੁਜਿਨ ਦੀ ਪਹਿਲੀ ਪੈ ਵਿਚੋਂ ਉਹ ਆਪਣੇ ਲਈ ਬਰੀਕ ਫਰੇਮ ਦੀ ਇਕ ਐਨਕ ਬਣਵਾਏਗੀ।
ਰਾਤ ਨੂੰ ਉਹ ਹਮੇਸ਼ਾ ਵਾਂਗ ਮੱਛਰਦਾਨੀ ਲਾ ਕੇ ਪੈ ਗਈ। ਪਰ ਉਸਦਾ ਦਮ ਘੁਟਣ ਲੱਗ ਪਿਆ। ਉਸਨੇ ਉਠ ਕੇ ਮੱਛਰਦਾਨੀ ਖੋਹਲ ਦਿੱਤੀ। ਹੁਣ ਉਹ ਇਸ ਕੈਦ ਵਿਚ ਨਹੀਂ ਰਹੇਗੀ। ਕਿਸੇ ਵੀ ਕੈਦ ਵਿਚ ਨਹੀਂ ਰਹੇਗੀ। ਉਸਨੇ ਖਿੜਕੀ ਦੇ ਪੱਲੇ ਵੀ ਖੋਹਲ ਦਿੱਤੇ। ਤਾਜ਼ੀ ਹਵਾ ਉਸਦੇ ਜਿਸਮ ਨਾਲ ਆ ਕੇ ਲਿਪਟ ਗਈ। ਉਹ ਵਾਰੀ ਵਾਰੀ ਖਿੜਕੀ ਵੱਲ ਦੇਖਦੀ ਤੇ ਉਸਨੂੰ ਲੱਗਦਾ¸ ਖਿੜਕੀ, ਦਰਵਾਜ਼ੇ ਵਿਚ ਬਦਲ ਗਈ ਹੈ...ਦਰਵਾਜ਼ੇ ਵਿਚੋਂ ਯੁਜਿਨ ਆ ਰਿਹਾ ਹੈ।
***

ਪਾਣੀ ਵਿਚ ਕੁੰਡੀ ਸੁੱਟ ਕੇ ਜਿਵੇਂ ਕੋਈ ਮੱਛੀ ਦੀ ਉਡੀਕ ਕਰਦਾ ਹੈ, ਵਿਭਾ ਬਾਰਉਨ ਦੀਆਂ ਅੱਖਾਂ ਵਿਚ ਵੀ ਇੰਤਜਾਰ ਦੀ ਡੋਰ ਸੀ।...ਪਰ ਸਵੇਰ ਪਤਾ ਨਹੀਂ, ਉਲਝੇ ਹੋਏ ਧਾਗੇ ਵਾਂਗ, ਕਿੱਥੇ ਅਟਕੀ ਹੋਈ ਸੀ! ਉਸਨੇ ਮਨ ਹੀ ਮਨ ਦੁਆ ਕੀਤੀ, 'ਜੀਸਸ! ਅੱਜ ਜਲਦੀ ਸਵੇਰ ਕਰ ਦਿਓ ਨਾ...ਮੈਥੋਂ ਹੁਣ ਹੋਰ ਇੰਤਜ਼ਾਰ ਨਹੀਂ ਕੀਤਾ ਜਾਂਦਾ।'
ਪਰ ਰਾਤ ਸੀ ਕਿ ਭਾਰੇ ਪੈਰੀਂ ਤੁਰ ਰਹੀ ਸੀ¸ਹੌਲੀ ਹੌਲੀ। ਵਿਭਾ ਨੂੰ ਰਾਤ ਦੀ ਇਹ ਤੋਰ ਬੁਰੀ ਲੱਗਣ ਲੱਗ ਪਈ। ਫੇਰ ਉਸਨੇ ਸੋਚਿਆ...ਅੱਜ ਦੇਖਦੇ ਹਾਂ, ਕਿੰਨਾ ਕੁ ਹੌਲੀ ਤੁਰਦੀ ਏਂ ਤੂੰ...!  ਗ਼ਮਾਂ ਦੀ ਇਸ ਆਖ਼ਰੀ ਰਾਤ ਨੂੰ ਨਵੀਂ ਸਵੇਰ ਹਮੇਸ਼ਾ ਲਈ ਧੋ ਦਵੇਗੀ।
ਉਹ ਹਨੇਰੇ ਵਿਚ ਹੀ ਉਠ ਕੇ ਕਿਚਨ ਵਿਚ ਆ ਗਈ।
ਵਾਰੀ ਵਾਰੀ ਕਿਸੇ ਤਾਂਗੇ ਜਾਂ ਰਿਕਸ਼ਾ ਦੀ ਆਵਾਜ਼ ਦਰਵਾਜ਼ੇ ਸਾਹਮਣੇ ਆ ਕੇ ਰੁਕ ਗਈ ਜਾਪਦੀ। ਫਿਰ ਉਸਨੂੰ ਮਾਯੂਸੀ ਦੀ ਧੁੰਦ ਨਿਗਲ ਜਾਂਦੀ, ਪਰ ਅਖ਼ੀਰ ਇਹ ਧੁੰਦ ਵੀ ਛਟ ਗਈ। ਇਕ ਟਾਂਗਾ ਉਸਦੇ ਦਰਵਾਜ਼ੇ ਅੱਗੇ ਵੀ ਆਣ ਖਲੋਤਾ।
ਉਹ ਤ੍ਰਬਕੀ, 'ਓ ਮਾਈ ਗਾਡ, ਕਿੰਨਾ ਵੱਡਾ ਹੋ ਗਿਆ ਏ!...ਪਰ।'
ਉਦੋਂ ਹੀ ਯੁਜਿਨ ਉਸ ਨਾਲ ਆ ਕੇ ਲਿਪਟ ਗਿਆ, “ਇਹ ਦੇਖੋ ਦੀਦੀ, ਇਹ ਮੇਰੀ ਫਰੈਂਡ ਵਿੰਨੀਂ ਏਂ। ਅਸੀਂ ਇਕੱਠੇ ਪੜ੍ਹਦੇ ਆਂ। ਇਹ ਉੱਥੋਂ ਦੇ ਪਾਰਟਰ ਦੀ ਲੜਕੀ ਏ।”
ਵਿਭਾ ਨੇ ਅੱਗੇ ਵਧ ਕੇ ਉਸਨੂੰ ਆਪਣੇ ਨਾਲ ਲਾ ਲਿਆ, “ਵੈਰੀ ਪਰੇਟੀ! ਤੂੰ ਚੰਗਾ ਕੀਤਾ ਇਸ ਨੂੰ ਵੀ ਨਾਲ ਲੈ ਆਇਆ।” ਤੇ ਉਹ ਮਨ ਹੀ ਮਨ ਵਿਚ ਪਤਾ ਨਹੀਂ ਹੋਰ ਕੀ ਕੀ ਸੋਚ ਗਈ¸ ਉਹ ਦੋਹਾਂ ਦੀ ਸ਼ਾਦੀ ਬੜੀ ਧੂੰਮ ਧਾਮ ਨਾਲ ਕਰੇਗੀ। ਹੁਣ ਉਸਦਾ ਭਰਾ ਕਮਾਉਣ ਲੱਗੇਗਾ। ਸ਼ਾਦੀ ਵੀ ਜ਼ਰਾ ਧੂੰਮ ਧਾਮ ਈ ਹੋਏਗੀ। ਅਖ਼ੀਰ ਪ੍ਰੋਫੈਸਰ ਦੀ ਸ਼ਾਦੀ ਹੋਏਗੀ, ਕੋਈ ਮਜ਼ਾਕ ਥੋੜ੍ਹਾ ਹੀ ਹੈ!
“ਕੀ ਸੋਚਣ ਲੱਗ ਪਏ ਦੀਦੀ?”
“ਕੁਛ ਨਹੀਂ ਭਰਾ! ਬਈ, ਤੁਸੀਂ ਲੋਕ ਅੰਦਰ ਤਾਂ ਆਓ...ਦੋਏ ਮੂੰਹ ਹੱਥ ਧੋ ਲਓ, ਤਦ ਤਕ ਮੈਂ ਨਾਸ਼ਤਾ ਤਿਆਰ ਕਰ ਲੈਂਦੀ ਆਂ।”
ਫੇਰ ਗੱਲਾਂ ਹੁੰਦੀਆਂ ਰਹੀਆਂ।
ਸ਼ਾਮੀਂ ਵਿਭਾ ਦਾ ਮਨ ਟਿਊਸ਼ਨ 'ਤੇ ਜਾਣ ਨੂੰ ਨਾ ਕੀਤਾ। ਉਹ ਗਈ ਵੀ ਨਹੀਂ। ਯੁਜਿਨ ਤੇ ਵਿਨੀ ਘੁੰਮਣ ਨਿਕਲ ਗਏ। ਉਹ ਆਪਣੇ ਹੱਥੀਂ ਖਾਣਾ ਤਿਆਰ ਕਰਨ ਲੱਗ ਪਈ। ਯੁਜਿਨ ਨੂੰ ਉਸਦਾ ਬਣਾਇਆ ਖਾਣਾ ਕਿੰਨਾ ਪਸੰਦ ਹੈ, ਇਹ ਉਹ ਚੰਗੀ ਤਰ੍ਹਾਂ ਜਾਣਦੀ ਹੈ।
ਜੂਏ ਵਿਚ ਹਰਿਆ ਘਰ ਜਿਵੇਂ ਮੁੜ ਆਇਆ। ਉਸਦੀਆਂ ਨਿਲਾਮ ਹੋਈਆਂ ਖੁਸ਼ੀਆਂ ਤੇ ਖੇੜੇ ਵਾਪਸ ਪਰਤ ਆਏ। ਯੁਜਿਨ ਦੀ ਉੱਚੀ ਆਵਾਜ਼ ਵਿਭਾ ਨੂੰ ਲਗਾਤਾਰ ਸੁਣਾਈ ਦੇਂਦੀ ਰਹੀ...'ਕਿਸ ਮੀ ਆਨ ਏ ਮੰਡੇ...ਆਨ ਮੰਡੇ...ਐਂਡ ਇਟ ਇਜ਼ ਵੈਰੀ ਗੁੱਡ...' ਉਹ ਮਨ ਹੀ ਮਨ ਮੁਸਕਰਾਈ, 'ਇਸ ਗੀਤ ਨੂੰ ਗਾਉਣ ਦੇ ਸਹੀ ਦਿਨ ਤਾਂ ਹੁਣ ਆਏ ਨੇ।'
ਤਿੰਨ ਚਾਰ ਦਿਨ ਖੁਸ਼ੀਆਂ ਵਿਚ ਡੁੱਬੇ ਡੁੱਬੇ ਲੰਘ ਗਏ। ਵਿਭਾ ਨੇ 'ਨਾਟਰੇ-ਡਰਮ' ਜਾ ਕੇ ਸਿਸਟਰ ਨੂੰ ਕਿਹਾ, “ਹੁਣ ਮੈਂ ਨੌਕਰੀ ਨਹੀਂ ਕਰਾਂਗੀ।”
“ਕਿਉਂ?”
“ਮੇਰਾ ਭਰਾ ਐਮ.ਏ. ਕਰ ਆਇਆ ਏ। ਮੈਂ ਉਸਨੂੰ ਇੱਥੇ ਹੀ ਲੋਕਲ ਕਾਲਜ ਵਿਚ ਲਗਵਾਉਣ ਦੀ ਕੋਸ਼ਿਸ਼ ਕਰ ਰਹੀ ਆਂ...।”
ਸਿਸਟਰ ਸੋਚਦੀ ਰਹੀ ਫੇਰ ਬੋਲੀ, “ਅੱਛਾ, ਆਪਣਾ ਅਸਤੀਫ਼ਾ ਦੇ ਜਾਇਓ। ਵਿਸ਼ ਯੂ ਗੁੱਡ ਲੱਕ।”
ਉਹ ਪਰਤ ਆਈ।
ਸਭ ਤੋਂ ਪਹਿਲਾਂ ਰੋਟੀ ਖਾਧੀ। ਫਿਰ ਆ ਕੇ ਆਪਣੀ ਟੁੱਟੀ ਮੰਜੀ ਉੱਤੇ ਲੇਟ ਗਈ। ਸੋਚਦੀ ਰਹੀ, ਹੁਣ ਇਸ ਦੀ ਮੁਰੰਮਤ ਜ਼ਰੂਰੀ ਹੋ ਗਈ ਹੈ। ਉਦੋਂ ਹੀ ਯੁਜਿਨ ਕਮਰੇ ਵਿਚ ਆਇਆ, ਨਾਲ ਵਿੰਨੀਂ ਵੀ ਸੀ।
“ਆਓ ਬੈਠੋ।” ਵਿਭਾ ਉਠਣ ਲੱਗੀ।
“ਤੁਸੀਂ ਲੇਟੇ ਰਹੋ ਦੀਦੀ, ਅਸੀਂ ਤਾਂ ਬਸ ਇਹੀ ਕਹਿਣ ਆਏ ਆਂ ਕਿ ਹੁਣ ਤੁਸੀਂ ਬੋਝ ਤੋਂ ਮੁਕਤ ਹੋ ਜਾਓ।”
ਖੁਸ਼ੀਆਂ ਦੇ ਨਗ਼ਮੇਂ ਵਿਭਾ ਦੇ ਕੰਨਾ ਵਿਚ ਗੂੰਜ ਗਏ।
“ਹਾਂ ਭਰਾ ਮੈਂ ਵੀ ਤੈਨੂੰ ਇਹੀ ਕਹਿਣ ਵਾਲੀ ਸੀ। ਹੁਣ ਮੈਂ ਬਹੁਤ ਥੱਕ ਗਈ ਆਂ। ਮੈਂ ਵੀ ਚਾਹੁੰਦੀ ਆਂ ਕਿ ਆਰਾਮ ਕਰਾਂ...।”
ਯੁਜਿਨ ਨੇ ਹੱਸਦਿਆਂ ਹੋਇਆਂ ਕਿਹਾ, “ਦੈਟਸ ਗੁੱਡ। ਅਸੀਂ ਦੋਏ ਅੱਜ ਸ਼ਾਮ ਦੀ ਗੱਡੀ ਇਲਾਹਾਬਾਦ ਜਾ ਰਹੇ ਆਂ। ਇਮਤਿਹਾਨ ਤੋਂ ਬਾਅਦ, ਆਨਰਜ਼ ਦੇ ਰਿਜ਼ਲਟ ਉੱਤੇ ਮੈਨੂੰ ਉੱਥੇ ਹੀ ਨੌਕਰੀ ਮਿਲ ਗਈ ਸੀ...ਤੇ ਦੀਦੀ, ਵਿੰਨੀਂ ਦੇ ਡੈਡੀ ਬਿਲਕੁਲ ਤਿਆਰ ਨਹੀਂ ਸਨ, ਇਸ ਲਈ ਅਸੀਂ ਸਿਵਲ ਮੈਰਿਜ ਕਰ ਲਈ...ਤੈਨੂੰ ਦੱਸਿਆ ਨਹੀਂ ਕਿ ਬੇਕਾਰ ਨਾਰਾਜ਼ ਹੋ ਜਾਏਂਗੀ। ਹੁਣ ਤੁਸੀਂ ਮਿਹਨਤ ਘੱਟ ਕਰ ਦਿਓ। ਟਿਊਸ਼ਨਾਂ ਦੀ ਕੋਈ ਲੋੜ ਨਹੀਂ...ਮੈਨੂੰ ਰੁਪਏ ਨਾ ਭੇਜਣਾ, ਸਾਡਾ ਗੁਜਾਰਾ ਹੋ ਜਾਏਗਾ। ਕਿਉਂ ਵਿੰਨੀਂ?”
“ਓ ਯੈਸ ਡਾਰਲਿੰਗ। ਨਾਲੇ ਭੈਣ ਨਾਲ ਰਹਿਣ 'ਤੇ ਲੋਕ ਕੀ ਕਹਿਣਗੇ...ਸਾਰੀ ਉਮਰ ਭੈਣ ਕੋਲੋਂ ਹੀ ਖਾਂਦੇ ਰਹੋਗੇ, ਮਰਦ ਹੋ ਕੇ...ਸ਼ੇਮ-ਸ਼ੇਮ!”
ਦੋਹੇਂ ਉਠ ਕੇ ਤਿਆਰੀਆਂ ਕਰਨ ਚਲੇ ਗਏ।
ਵਿਭਾ ਇਕ ਲਾਸ਼ ਵਾਂਗ ਟੁੱਟੀ ਮੰਜੀ ਉੱਤੇ ਪਈ ਰਹੀ। ਉਸਨੇ ਮਹਿਸੂਸ ਕੀਤਾ, ਉਸਦੇ ਹਾਸੇ ਪਿੱਛੇ ਦਰਦ ਉਂਘ ਰਿਹਾ ਸੀ, ਜ਼ਰਾ ਉੱਚਾ ਹੱਸਦਿਆਂ ਹੀ ਜਾਗ ਪਿਆ।
ਤੇ ਜਦੋਂ ਉਹ ਦੋਏ ਦਰਵਾਜਿਓਂ ਬਾਹਰ ਨਿਕਲ ਗਏ ਤਾਂ ਉਹ ਉਸੇ ਪੁਰਾਣੀ ਖਿੜਕੀ ਕੋਲ ਆ ਖੜ੍ਹੀ ਹੋਈ, ਜਿਸ ਕੋਲ ਖਲੋ ਕੇ ਉਹ ਹਰ ਰੋਜ਼ ਯੁਜਿਨ ਦੀ ਉਡੀਕ ਕਰਦੀ ਹੁੰਦੀ ਸੀ। ...ਉਸਨੇ ਯੁਜਿਨ ਨੂੰ ਆਪਣੇ ਨਵੇਂ ਸਾਥੀ ਨਾਲ ਜਾਂਦਿਆਂ ਦੇਖਿਆ। ਹੌਲੀ ਹੌਲੀ ਯੁਜਿਨ ਦੀ ਪਿੱਠ ਵੀ ਦਿਸਣੋ ਹਟ ਗਈ  ਤੇ ਉਸਨੂੰ ਲੱਗਿਆ, ਇਕ ਵਾਰੀ ਫੇਰ ਉਸਨੂੰ ਜੀਵਨ ਦੀ ਕਤਾਰ ਵਿਚ ਸਭ ਤੋਂ ਪਿੱਛੇ ਖੜ੍ਹਾ ਕਰ ਦਿੱਤਾ ਗਿਆ ਹੈ ਤੇ ਉਸਦੇ ਪੈਰਾਂ ਹੇਠਲੀ ਨਰਮ ਘਾਹ ਕੰਡਿਆਂ ਵਿਚ ਬਦਲ ਗਈ ਹੈ। ਅਸੰਖ ਚਮਕਦੇ ਹੋਏ ਸੂਰਜ ਲਹੂ ਦੇ ਕਤਰੇ ਬਣ ਗਏ ਨੇ...ਉਸਨੂੰ ਦੂਰ ਇਕ ਪਰਛਾਵਾਂ ਜਿਹਾ ਦਿਖਾਈ ਦਿੱਤਾ। ਉਸਨੇ ਗੌਰ ਨਾਲ ਦੇਖਿਆ, ਪਛਾਨਣ ਦੀ ਕੋਸ਼ਿਸ਼ ਕੀਤੀ...ਰਿਕਸ਼ਾ ਵਿਚੋਂ ਮਿਸਟਰ ਡੇਵਿਸ ਉਤਰੇ। ਫੇਰ ਸਹਾਰਾ ਦੇ ਕੇ ਉਹਨਾਂ ਆਪਣੀ ਲੰਗੜੀ ਪਤਨੀ ਨੂੰ ਉਤਾਰਿਆ, ਲੱਕ ਦੁਆਲੇ ਬਾਂਹ ਵਲ ਕੇ ਉਸਨੂੰ ਪੌੜੀਆਂ ਚੜ੍ਹਾਉਣ ਲੱਗ ਪਏ...।
ਤੇ ਇਸ ਵਾਰੀ, ਸਿਰਫ ਇਸ ਵਾਰੀ ਉਹ ਫੁੱਟ ਫੁੱਟ ਕੇ ਰੋਣ ਲੱਗੀ...ਇਕ ਛੋਟੀ ਜਿਹੀ ਬੱਚੀ ਵਾਂਗ ਉਸਨੂੰ ਯਾਦ ਆਇਆ...'ਇਕ ਟੁਕੜਾ ਮੁਹਬੱਤ ਦਾ'...ਜਿਵੇਂ ਇਨਸਾਨ ਰੋਟੀ ਬਿਨਾਂ ਨਹੀਂ ਜਿਉਂ ਸਕਦਾ, ਉਸੇ ਤਰ੍ਹਾਂ ਮੁਹੱਬਤ ਦਾ ਟੁਕੜਾ ਵੀ ਜ਼ਰੂਰੀ ਹੈ...ਬੇਹੱਦ ਜ਼ਰੂਰੀ, ਜਿਸਨੂੰ ਉਹ ਸਿਰਫ ਆਪਣੀ ਮਿਹਨਤ ਨਾਲ, ਸਿਰਫ ਆਪਣੇ ਲਈ ਕਮਾਉਂਦਾ ਹੈ ਤੇ ਜਿਸ ਉੱਤੇ ਨਿਰੋਲ ਉਸਦਾ ਆਪਣਾ ਅਧਿਕਾਰ ਹੁੰਦਾ ਹੈ...ਕਿਉਂਕਿ ਕਣਕ ਦੀ ਫਸਲ ਵਾਰੀ ਵਾਰੀ ਬੀਜੀ, ਉਗਾਈ ਤੇ ਕੱਟੀ ਜਾ ਸਕਦੀ ਹੈ, ਇਹ ਫਸਲ ਵਾਰੀ ਵਾਰੀ ਬੀਜੀ, ਕੱਟੀ ਨਹੀਂ ਜਾ ਸਕਦੀ।...ਪਰ ਇਹਨਾਂ ਨੌਂ-ਦਸ ਸਾਲਾਂ ਦੇ ਹਵਨ ਵਿਚ, ਨਵੇਂ ਚੌਲਾਂ ਦੀ ਮਹਿਕ ਪਤਾ ਨਹੀਂ ਕਿੱਥੇ ਭੁੜਕ ਗਈ ਹੈ। ਅੱਜ ਉਸਨੂੰ ਪਹਿਲੀ ਵਾਰੀ ਲੱਗਿਆ ਕਿ ਉਸਦੀਆਂ ਅੱਖਾਂ ਬੇਹੱਦ ਕਮਜ਼ੋਰ ਹੋ ਗਈਆਂ ਨੇ; ਮੌਰਾਂ 'ਤੇ ਕੁਬ ਦਿਸਣ ਲੱਗ ਪਿਆ ਹੈ; ਪੱਕੀ ਉਮਰ ਦੀ ਜਨਾਨੀ ਬਣ ਗਈ ਹੈ ਉਹ। ਆਪਣੀ ਉਮਰ ਦੀਆਂ ਕੀਮਤੀ ਕੌਡੀਆਂ, ਇਕ ਇਕ ਕਰਕੇ, ਸਮੇਂ ਦੇ  ਇਕ ਅਜਿਹੇ ਦਾਅ 'ਤੇ ਹਾਰ ਗਈ ਹੈ ਜਿਸਨੂੰ ਮੁੜ ਕਦੀ ਨਹੀਂ ਜਿੱਤਿਆ ਜਾ ਸਕਦਾ।
ਤੇ ਫੇਰ ਉਸਨੇ ਯੁਜਿਨ ਦਾ ਉਹੀ ਪਿਆਰਾ ਗੀਤ ਜਾਨ ਨੂੰ ਗੁਸਲਖਾਨੇ ਵਿਚ ਗਾਉਂਦਿਆਂ ਮਹਿਸੂਸ ਕੀਤਾ...:
'ਐਂਡ ਯੂ ਕੇਨ ਕਿਸ ਮੀ ਆਨ ਵੈਂਸਡੇ,
ਐਂਡ ਥਰਸਡੇ, ਫਰਾਈਡੇ ਐਂਡ ਸੈਟਰਡੇ ਇਜ਼ ਬੈਸਟ,
ਬਟ ਨੈਵਰ, ਨੈਵਰ ਆਨ ਸੰਡੇ
ਫਾਰ ਦੇਟ ਇਜ਼ ਮਾਈ ਡੇ ਆਫ ਰੈਸਟ।'
ਹਾਰੇ ਹੋਏ ਜਵਾਰੀ ਵਾਂਗ ਵਿਭਾ ਆਪਣੀ ਟੁੱਟੀ ਮੰਜੀ ਉੱਤੇ ਆ ਕੇ ਢਹਿ ਪਈ, ਜਿਸਦੀ ਮੁਰੰਮਤ ਕਰਾਉਣ ਦੀ ਹੁਣ ਕੋਈ ਲੋੜ ਨਹੀਂ ਸੀ ਰਹੀ...ਤੇ ਉਸਨੂੰ ਲੱਗਿਆ, ਹੁਣ ਉਸਦੀ ਜ਼ਿੰਦਗੀ ਵਿਚ ਨਾ ਜਾਨ ਹੈ, ਨਾ ਯੁਜਿਨ...ਜੇ ਹੈਨ ਤਾਂ ਸਿਰਫ ਸੰਡੇ...ਡੇ ਆਫ ਰੈਸਟ...ਇਹੀ ਤਾਂ ਹੁਣੇ ਹੁਣੇ ਯੁਜਿਨ ਵੀ ਕਹਿ ਕੇ ਗਿਆ ਹੈ।
***

ਦੇਰ ਤਕ ਵਿਭਾ ਸੁੱਤੀ ਰਹੀ।
ਉਸਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ, ਜਿਵੇਂ ਸਾਰੀ ਰਾਤ ਰੋਂਦੀ ਰਹੀ ਹੋਏ...ਉਦੋਂ ਹੀ ਉਸਨੂੰ ਮਹਿਸੂਸ ਹੋਇਆ, ਕਿਸੇ ਨੇ ਉਸਦੇ ਮੋਢੇ ਉਤੇ ਹੱਥ ਰੱਖ ਦਿੱਤਾ ਹੈ...'ਇੰਜ ਮਾਯੂਸ ਤੇ ਨਿਰਾਸ਼ ਹੋ ਜਾਣ ਨਾਲ ਜ਼ਿੰਦਗੀ ਨਾਰਾਜ਼ ਹੋ ਜਾਂਦੀ ਏ'...ਤੇ ਦੂਜੇ ਪਲ ਲੱਗਿਆ, ਯੁਜਿਨ ਦੀ ਆਇਆ ਉਸਦੀ ਮੰਜੀ ਕੋਲ ਖੜ੍ਹੀ ਹੈ?¸ 'ਤੁਮ ਰੋਤਾ ਹੈ ਮਿਸ ਬਾਬਾ? ਛੀ...ਇਸ ਮੇਂ ਰੋਨੇ ਕਾ ਕਿਆ ਬਾਤ ਹੈ? ਹਮਾਰਾ ਕਿਸਮਤ ਮੇਂ ਯਹੀ ਸਬ ਤੋ ਲਿਖਾ ਹੈ...ਹਮ ਦੂਸਰੇ ਕੇ ਬਾਬਾ ਲੋਗ ਕੋ ਗੋਦ ਮੇਂ ਬਿਠਾਤਾ ਹੈ, ਪਿਆਰ ਕਰਤਾ ਹੈ ਔਰ ਫਿਰ ਜਬ ਬਾਬਾ ਲੋਗ ਬੜਾ ਹੋ ਜਾਤਾ ਹੈ, ਹਮਕੋ ਅਲਗ ਕਰ ਦੇਤਾ ਹੈ, ਫਿਰ ਪਹਚਾਨਤਾ ਭੀ ਨਹੀਂ...ਹਮ ਭੀਤਰ-ਭੀਤਰ ਰੋਤਾ ਹੈ, ਮਗਰ ਬਾਬਾ ਲੋਗ ਕੋ ਦੇਖ ਕਰ ਖੁਸ਼ ਹੋਤਾ ਹੈ, ਔਰ ਫਿਰ ਕਿਸੀ ਦੂਸਰੇ ਬਾਬਾ ਲੋਗ ਕੋ ਖਿਲਾਨੇ ਲਗਤਾ ਹੈ'...ਵਿਭਾ ਤ੍ਰਬਕੀ। ਉਸ ਦੀਆਂ ਨਜ਼ਰਾਂ ਕਰਾਸ ਉੱਤੇ ਟਿਕ ਗਈਆਂ, ਉਸ ਵਿਚ ਸਫੇਦ ਕਮੀਜ਼ ਤੇ ਬਲਿਊ ਪੈਂਟਾਂ ਵਾਲੇ ਨਿੱਕੇ ਨਿੱਕੇ ਬੱਚੇ ਨਜ਼ਰ ਆਉਣ ਲੱਗੇ। ਸਾਰੇ ਹੱਥਾਂ ਵਿਚ ਟੀਨ ਦੇ ਬਕਸੇ ਤੇ ਬਕਸਿਆਂ ਵਿਚ ਕਿਤਾਬਾਂ...ਸਾਰੇ ਹੀ ਜਿਵੇਂ ਉਸਨੂੰ ਉਡੀਕ ਰਹੇ ਹੋਣ, ਸਾਰਿਆਂ ਦੇ ਇਮਤਿਹਾਨ ਕਿੰਨੇ ਨੇੜੇ ਨੇ... ਉਸਨੇ ਹੀ ਪੜ੍ਹਾਉਣਾ ਹੈ ਤਾਲੀਮ ਦੇਣੀ ਹੈ, ਨਵੀਂ ਰੋਸ਼ਨੀ ਵਿਚ ਲਿਆ ਕੇ ਖੜ੍ਹਾ ਕਰਨਾ ਹੈ। ਇਹੀ ਉਸਦਾ ਧਰਮ ਹੈ...ਉਸਨੇ ਅਜੇ ਬੜਾ ਕੁਝ ਵੰਡਣਾ ਹੈ, ਸਿਰਫ ਦੇਣਾ ਹੀ ਤਾਂ ਹੈ...ਲੈਣ ਲਈ ਤਾਂ ਸਾਰੇ ਹੀ ਜਿਉਂਦੇ ਨੇ, ਜਿਹੜਾ ਸਭੋ ਕੁਝ ਗੰਵਾਅ ਕੇ ਜਿਉਂਦਾ ਹੈ, ਉਹੀ ਜੀਸਸ ਹੈ। ਜੀਸਸ ਦੀ ਵੀ ਤਾਂ ਇਹੀ ਫਿਲਾਸਫ਼ੀ ਹੈ, ਜਿਹੜਾ ਥੋੜ੍ਹਾ ਜਿੰਨਾਂ ਵੀ ਗੰਵਾਂਦਾ ਹੈ, ਉਹੀ ਬੜਾ ਕੁਝ ਪ੍ਰਾਪਤ ਕਰਦਾ ਹੈ...ਤੇ ਇਸ ਵਾਰੀ ਵਿਭਾ ਨੇ ਮਹਿਸੂਸ ਕੀਤਾ, ਸਾਰੇ ਦੇ ਸਾਰੇ ਛੋਟੇ ਬੱਚੇ ਯੁਜਿਨ ਨੇ...ਅਣਗਿਣਤ ਯੁਜਿਨ...ਉਸਦੇ ਭਰਾ ਯੁਜਿਨ...ਸਾਰੇ ਹੀ।
ਉਸਨੇ ਦਰਵਾਜ਼ੇ ਨੂੰ ਜਿੰਦਰਾ ਲਾਇਆ ਤੇ ਕਾਹਲੇ ਪੈਰੀਂ ਟਿਊਸ਼ਨ ਪੜ੍ਹਾਉਣ ਤੁਰ ਪਈ।
***
****************************ਸਮਾਪਤ****************************
   ਬੇਦੀ ਡੈਂਟਲ ਹੈਲਥ ਸੈਂਟਰ, ਬਾਜਾ ਰੋਡ, ਜੈਤੋ-151202. ( ਪੰਜਾਬ )
   ਮੋਬਾਇਲ ਨੰ : 94177-30600.